ਪੰਜਾਬ ਦੇ ਅਧਿਆਪਕਾਂ ਲਈ ਚੰਗੀ ਖਬਰ – ਪੰਜਾਬ ਸਰਕਾਰ ਕਰੇਗੀ ਪੌਣੇ ਨੌਂ ਹਜ਼ਾਰ ਅਧਿਆਪਕਾਂ ਨੂੰ ਪੱਕੇ


Punjab Government Cabinet Meeting

ਸਰਵ ਸਿੱਖਿਆ ਅਭਿਆਨ (ਐਸਐਸਏ), ਰਾਸ਼ਟ੍ਰੀਆ ਮਾਧਿਆਮਿਕ ਸ਼ਿਕਸ਼ਾ ਅਭਿਆਨ (ਆਰਐਮਐਸਏ) ਸਮੇਤ ਆਦਰਸ਼ ਤੇ ਮਾਡਲ ਸਕੂਲਾਂ ਦੇ ਕੁੱਲ 8,886 ਅਧਿਆਪਕਾਂ ਨੂੰ ਕੈਪਟਨ ਸਰਕਾਰ ਪੱਕਾ ਕਰਨ ਜਾ ਰਹੀ ਹੈ। ਹਾਲਾਂਕਿ, ਇਸ ਸਬੰਧੀ ਬੀਤੀ 30 ਅਗਸਤ ਨੂੰ ਹੋਈ ਕੈਬਨਿਟ ਬੈਠਕ ਵਿੱਚ ਵਿਚਾਰ ਕੀਤੀ ਗਈ ਸੀ, ਪਰ ਉਦੋਂ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਦੌਰਾਨ ਚੋਣ ਜ਼ਾਬਤੇ ਕਰਕੇ ਸਰਕਾਰ ਨੇ ਇਸ ‘ਤੇ ਕਾਰਵਾਈ ਨੂੰ ਟਾਲ਼ ਦਿੱਤਾ ਸੀ। ਕੈਪਟਨ ਨੇ ਟਵੀਟ ਕਰ ਕਿ ਇਸ ਦੀ ਜਾਣਕਾਰੀ ਦਿੱਤੀ ਹੈ।

ਅੱਜ ਯਾਨੀ ਬੁੱਧਵਾਰ ਨੂੰ ਅਧਿਆਪਕਾਂ ਦੇ ਮੁੱਦੇ ਵਿਚਾਰਨ ਲਈ ਬਣੀ ਸਿੱਖਿਆ ਮੰਤਰੀ ਓ.ਪੀ. ਸੋਨੀ, ਦਿਹਾਤੀ ਵਿਕਾਸ ਤੇ ਪੰਚਾਇਤ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਵਿੱਤ ਮੰਤਰੀ ਮਨਪ੍ਰੀਤ ਬਾਦਲ ਤੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਵਾਲੀ ਕੈਬਨਿਟ ਸਬ ਕਮੇਟੀ ਦੀਆਂ ਸਿਫਾਰਸ਼ਾਂ ਨੂੰ ਮੁੱਖ ਮੰਤਰੀ ਨੇ ਸਵੀਕਾਰ ਕਰ ਲਿਆ।

ਸਰਕਾਰ ਦੇ ਇਸ ਐਲਾਨ ਨਾਲ ਸਰਵ ਸਿੱਖਿਆ ਅਭਿਆਨ ਦੇ 7356 ਅਧਿਆਪਕਾਂ, ਰਮਸਾ ਦੇ 1194, 220 ਮਾਡਲ ਸਕੂਲਾਂ ਤੇ 116 ਆਦਰਸ਼ ਸਕੂਲਾਂ ਵਿੱਚ ਭਰਤੀ ਹੋਏ ਅਧਿਆਪਕਾਂ ਨੂੰ ਲਾਭ ਮਿਲ ਜਾਵੇਗਾ। ਐਸਐਸਏ ਤਹਿਤ ਭਰਤੀ ਹੋਏ ਅਧਿਆਪਕਾਂ ਨੂੰ ਪਹਿਲੀ ਤੋਂ ਅੱਠਵੀਂ ਜਮਾਤ ਤੇ ਰਮਸਾ ਦੇ ਅਧਿਆਪਕਾਂ ਨੂੰ ਨੌਵੀਂ ਤੋਂ ਬਾਰ੍ਹਵੀਂ ਜਮਾਤਾਂ ਦੇ ਵਿਦਿਆਰਥੀਆਂ ਨੂੰ ਪੜ੍ਹਾਉਣ ਦਾ ਜ਼ਿੰਮਾ ਸੌਂਪਿਆ ਜਾ ਸਕਦਾ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਇਨ੍ਹਾਂ ਅਧਿਆਪਕਾਂ ਦੀਆਂ ਅਸਾਮੀਆਂ ਨੂੰ ਸਿੱਖਿਆ ਵਿਭਾਗ ਵਿੱਚ ਪੈਦਾ ਕਰਕੇ ਨਿਯੁਕਤ ਭਾਵ ਰੈਗੂਲਰ ਕੀਤਾ ਜਾਵੇਗਾ।


LEAVE A REPLY