ਕੇਂਦਰ ਸਰਕਾਰ ਵੱਲੋਂ ਐਕਸਾਈਜ਼ ਡਿਊਟੀ ਘਟਾਉਣ ਤੋਂ ਬਾਅਦ ਵੀ ਪੰਜਾਬ ਸਰਕਾਰ ਨਹੀਂ ਘਟਾਏਗੀ ਤੇਲ ਦੀਆਂ ਕੀਮਤਾਂ


Punjab Government will not Decrease VAT on Petrol and Diesel Price

ਕੇਂਦਰ ਸਰਕਾਰ ਵੱਲੋਂ ਪੈਟਰੋਲ ਤੇ ਡੀਜ਼ਲ ‘ਤੇ ਐਕਸਾਈਜ਼ ਡਿਊਟੀ ਘਟਾਉਣ ਤੋਂ ਬਾਅਦ ਕਈ ਸੂਬਿਆਂ ਨੇ ਆਪਣਾ ਟੈਕਸ ਘਟਾਉਣ ਦੀ ਪਹਿਲਕਦਮੀ ਕੀਤੀ, ਪਰ ਪੰਜਾਬ ਸਰਕਾਰ ਨੇ ਅਜਿਹਾ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਵਿੱਤ ਵਿਭਾਗ ਦੀ ਵਿਸ਼ੇਸ਼ ਬੈਠਕ ਸੱਦੀ ਸੀ। ਇਸ ਵਿੱਚ ਤੇਲ ‘ਤੇ ਟੈਕਸ ਵਿੱਚ ਕੋਈ ਤਬਦੀਲੀ ਨਾ ਕਰਨ ਦਾ ਫੈਸਲਾ ਕੀਤਾ ਗਿਆ ਹੈ।

ਬੈਠਕ ਤੋਂ ਬਾਅਦ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਕਿਹਾ ਕਿ ਤੇਲ ਦੀਆਂ ਕੀਮਤਾਂ ਘਟਾਉਣ ਬਾਰੇ ਸੋਮਵਾਰ ਨੂੰ ਫੈਸਲਾ ਲਿਆ ਜਾਵੇਗਾ। ਅੱਜ ਕੁਝ ਅਧਿਕਾਰੀਆਂ ਦੀ ਗ਼ੈਰਮੌਜੂਦਗੀ ਕਰਕੇ ਸਰਕਾਰ ਫੈਸਲਾ ਨਹੀਂ ਲੈ ਸਕੀ। ਬਾਦਲ ਨੇ ਕੇਂਦਰ ਵੱਲੋਂ ਆਮ ਲੋਕਾਂ ਨੂੰ ਦਿੱਤੀ ਰਾਹਤ ਨੂੰ ਚਲਾਕੀ ਕਰਾਰ ਦਿੰਦਿਆਂ ਕਿਹਾ ਕਿ ਉਨ੍ਹਾਂ ਸੂਬਿਆਂ ‘ਤੇ ਬੋਝ ਪਾਇਆ ਹੈ।

ਜ਼ਿਕਰਯੋਗ ਹੈ ਕਿ ਬੀਤੇ ਕੱਲ੍ਹ ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਨੇ ਪੈਟਰੋਲ ਡੀਜ਼ਲ ‘ਤੇ ਐਕਸਾਈਜ਼ ਡਿਊਟੀ ਢਾਈ ਰੁਪਏ ਤਕ ਘੱਟ ਕਰਨ ਦਾ ਐਲਾਨ ਕੀਤਾ ਸੀ। ਉਦੋਂ ਜੇਤਲੀ ਨੇ ਸੂਬਿਆਂ ਨੂੰ ਵੀ ਇੰਨਾ ਹੀ ਵੈਟ ਘਟਾਉਣ ਦੀ ਅਪੀਲ ਕੀਤੀ ਸੀ ਤਾਂ ਜੋ ਆਮ ਲੋਕਾਂ ਨੂੰ ਪੰਜ ਰੁਪਏ ਦੀ ਸਸਤਾ ਤੇਲ ਮਿਲ ਸਕੇ।

ਇਸ ਤੋਂ ਬਾਅਦ ਹਰਿਆਣਾ, ਉੱਤਰ ਪ੍ਰਦੇਸ਼ ਸਮੇਤ ਕਈ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਵਾਲੇ ਸੂਬਿਆਂ ਨੇ ਆਪਣਾ ਵੈਟ ਘਟਾਉਣ ਦਾ ਐਲਾਨ ਕਰ ਦਿੱਤਾ ਸੀ। ਪੰਜਾਬ ਸਰਕਾਰ ਨੇ ਵੀ ਦਬਾਅ ਮਹਿਸੂਸ ਕਰਦਿਆਂ ਬੈਠਕ ਸੱਦੀ, ਪਰ ਲੋਕਾਂ ਨੂੰ ਕੋਈ ਰਾਹਤ ਨਾ ਮਿਲੀ।


LEAVE A REPLY