ਆਰ. ਟੀ. ਏ ਅਤੇ ਰੋਡਵੇਜ਼ ਵਿਭਾਗ ਵਿਚ ਤਾਲਮੇਲ ਨਾ ਹੋਣ ਕਰਕੇ ਆਪਣੇ ਉਦਘਾਟਨ ਨੂੰ ਤਰਸ ਰਹੀਆਂ ਹਨ ਰੋਡਵੇਜ਼ ਦੀਆਂ 10 ਚਮਕਦੀਆਂ ਬੱਸਾਂ


Punjab Roadways News Buses

ਲੁਧਿਆਣਾ – ਰੋਡਵੇਜ਼ ਵਿਭਾਗ ਤੇ ਟਰਾਂਸਪੋਰਟ ਵਿਭਾਗ ਅਧੀਨ ਆਉਂਦੇ ਆਰ. ਟੀ. ਏ. ਦਫਤਰ ਵਿਚ ਤਾਲਮੇਲ ਨਾ ਹੋਣ ਕਾਰਨ ਵੱਖ-ਵੱਖ ਰੂਟਾਂ ਤੇ ਚੱਲਣ ਵਾਲੀਆਂ 10 ਨਵੀਆਂ ਬੱਸਾਂ ਆਪਣੇ ਉਦਘਾਟਨ ਨੂੰ ਤਰਸ ਰਹੀਆਂ ਹਨ। ਮਾਮਲੇ ਦੀ ਤਹਿ ਤਕ ਜਾਣ ਤੇ ਪਤਾ ਲੱਗਾ ਕਿ ਰੋਡਵੇਜ ਦੀਆਂ ਇਨ੍ਹਾਂ ਬੱਸਾਂ ਨੂੰ ਨਵਾਂ ਰੰਗ ਦਿੱਤਾ ਗਿਆ ਹੈ, ਜਿਨ੍ਹਾਂ ਦੀ ਖਾਸ ਤੌਰ ਤੇ ਤਿਆਰੀ ਜੈਪੁਰ (ਰਾਜਸਥਾਨ) ਤੋਂ ਕਰਵਾਈ ਗਈ ਹੈ। ਇਨ੍ਹਾਂ ਦੀ ਆਮਦ ਤੋਂ ਬਾਅਦ ਰੋਡਵੇਜ ਵਿਭਾਗ ਦੇ ਉੱਚ ਅਧਿਕਾਰੀ ਵੀ ਖੁਸ਼ ਸਨ ਕਿ ਖਟਾਰਾ ਬੱਸਾਂ ਨੂੰ ਹਟਾ ਕੇ ਨਵੀਆਂ ਬੱਸਾਂ ਜਨਤਾ ਦੀ ਸੇਵਾ ਵਿਚ ਦਿੱਤੀਆਂ ਜਾਣਗੀਆਂ ਪਰ ਆਰ. ਟੀ. ਏ. ਵਿਭਾਗ ਅਜੇ ਮਨਜ਼ੂਰੀ ਨਹੀਂ ਦੇ ਰਿਹਾ, ਜਿਸ ਨੂੰ ਇਨ੍ਹਾਂ ਬੱਸਾਂ ਦੀਆਂ ਸ਼ਰਤਾਂ ਪੂਰੀਆਂ ਕਰਨ ਲਈ ਰੋਡਵੇਜ ਵਿਭਾਗ ਵਲੋਂ ਵਾਰ-ਵਾਰ ਅਪੀਲ ਕੀਤੀ ਜਾ ਰਹੀ ਹੈ ਪਰ ਆਰ. ਟੀ. ਏ. ਵਿਭਾਗ ਦੀ ਮਹਿਲਾ ਅਧਿਕਾਰੀ ਅਜੇ ਇਨ੍ਹਾਂ ਸਰਕਾਰੀ ਬੱਸਾਂ ਨੂੰ ਸਡ਼ਕਾਂ ਤੇ ਉਤਾਰਨ ਵਿਚ ਕੋਈ ਦਿਲਚਸਪੀ ਨਹੀਂ ਦਿਖਾ ਰਹੀ। ਕਾਨੂੰਨ ਮੁਤਾਬਕ ਜਦੋਂ ਤਕ ਇਨ੍ਹਾਂ ਬੱਸਾਂ ਦੀ ਪਾਸਿੰਗ ਨਹੀਂ ਹੋ ਜਾਂਦੀ, ਉਦੋਂ ਤਕ ਇਹ ਬੱਸਾਂ ਰੋਡਵੇਜ ਡਿਪੂ ਚੋਂ ਬਾਹਰ ਨਹੀਂ ਕੱਢਿਆ ਜਾ ਸਕਦਾ। ਇਸ ਸਰਕਾਰੀ ਵਿਭਾਗ ਤੋਂ ਦੂਸਰੇ ਨੂੰ ਸਹਾਇਤਾ ਨਾ ਮਿਲਣ ਕਾਰਨ ਰੋਡਵੇਜ ਵਿਭਾਗ ਵੀ ਕਾਫੀ ਪ੍ਰੇਸ਼ਾਨ ਦਿਸ ਰਿਹਾ ਹੈ। ਇਸ ਬਾਰੇ ਜਦੋਂ ਆਰ. ਟੀ. ਏ. ਸਕੱਤਰ ਲਵਜੀਤ ਕੌਰ ਕਲਸੀ ਨਾਲ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਨੇ ਫੋਨ ਨਹੀਂ ਚੁੱਕਿਆ।

ਇਨ੍ਹਾਂ ਰੂਟਾਂ ਤੇ ਚੱਲਣੀਆਂ ਹਨ ਬੱਸਾਂ : ਉਕਤ 10 ਬੱਸਾਂ ਜਨਾਲੀ, ਸ੍ਰੀ ਮੁਕਤਸਰ ਸਾਹਿਬ, ਬਲਭਗਡ਼੍ਹ, ਦਿੱਲੀ, ਸ਼ਿਮਲਾ, ਜੰਮੂ-ਕੱਟਡ਼ਾ, ਫਾਜ਼ਿਲਕਾ, ਅੰਮ੍ਰਿਤਸਰ, ਪਟਿਆਲਾ ਨੂੰ ਚੱਲਣੀਆਂ ਹਨ। ਇਨ੍ਹਾਂ ਰੂਟਾਂ ਤੇ ਕਾਫੀ ਸਵਾਰੀ ਹੋਣ ਦੇ ਨਾਲ ਵਿਭਾਗ ਨੂੰ ਨਵੀਆਂ ਬੱਸਾਂ ਤੋਂ ਚੰਗੇ ਰੈਵੇਨਿਊ ਦੀ ਆਸ ਹੈ।


LEAVE A REPLY