ਪੰਜਾਬ ਦਾ ਖੇਡ ਢਾਂਚਾ ਜੂਨ ਮਹੀਨੇ ਤੱਕ ਸਹੀ ਲੀਹਾਂ ਤੇ ਚੱਲ ਪਵੇਗਾ – ਰਾਣਾ ਸੋਢੀ


ਪੰਜਾਬ ਦੀਆਂ ਖੇਡਾਂ ਦਾ ਢਾਂਚਾ ਜੂਨ ਮਹੀਨੇ ਤੱਕ ਸਹੀ ਲੀਹਾਂ ਤੇ ਚੱਲ ਪਵੇਗਾ। ਸਿਸਟਮ ਵਿਚ ਚੱਲ ਰਹੀਆਂ ਤਰੁਟੀਆਂ ਨੂੰ ਦੂਰ ਕਰਕੇ ਓਲੰਪੀਅਨ ਖਿਡਾਰੀ ਅਤੇ ਖੇਡ ਪ੍ਰਮੋਟਰਾਂ ਦੀ ਸਲਾਹ ਮਸ਼ਵਰੇ ਨਾਲ ਇੱਕ ਅਜਿਹੀ ਸਾਰਥਕ ਖੇਡ ਨੀਤੀ ਤਿਆਰ ਕੀਤੀ ਜਾਵੇਗੀ ਜਿਸ ਨਾਲ ਪੰਜਾਬ ਦੇ ਖਿਡਾਰੀ ਨੂੰ ਜਿੱਥੇ ਉਸਦੀ ਮਿਹਨਤ ਦਾ ਬਣਦਾ ਮੁੱਲ ਮਿਲੇਗਾ ਉਥੇ ਪੰਜਾਬ ਦੇ ਖਿਡਾਰੀ ਕੌਮੀ ਤੇ ਅੰਤਰ-ਰਾਸ਼ਟਰੀ ਪੱਧਰ ‘ਤੇ ਵਧੀਆ ਨਤੀਜੇ ਵੀ ਦੇਣਗੇ। ਉਕਤ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਦੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਚੋਣਵੇਂ ਖੇਡ ਪ੍ਰਮੋਟਰਾਂ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਆਖਿਆ ਕਿ ਪੰਜਾਬ ਦੇ ਖੇਡ ਸਿਸਟਮ ਵਿਚ ਓਵਰਆਲ ਵਿਕਾਸ ਕਰਨਾ ਸਮੇਂ ਦੀ ਵੱਡੀ ਲੋੜ ਹੈ।

ਰਾਣਾ ਗੁਰਮੀਤ ਸਿੰਘ ਸੋਢੀ ਨੇ ਅੱਜ ਸੁਰਜੀਤ ਹਾਕੀ ਸੋਸਾਇਟੀ ਜਲੰਧਰ ਤੇ ਜਰਖੜ ਹਾਕੀ ਅਕੈਡਮੀ ਦੇ ਮੁੱਖ ਪ੍ਰਬੰਧਕਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪੰਜਾਬ ਇੰਸਟੀਚਿਊਟ ਆਫ ਸਪੋਰਟਸ (ਪੀ.ਆਈ.ਐਸ) ਨੂੰ ਇਕ ਵਧੀਆ ਯੋਜਨਾ ਤਹਿਤ ਚਲਾਇਆ ਜਾਵੇਗਾ। ਪੀ.ਆਈ .ਐਸ ‘ਚ ਚੱਲ ਰਿਹਾ ‘ਵਨ ਮੈਨ ਸ਼ੋਅ’ ਖਤਮ ਕੀਤਾ ਜਾਵੇਗਾ ਅਤੇ ਕਿਸੇ ਵੀ ਅਧਿਕਾਰੀ ਦੀ ਤਾਨਾਸ਼ਾਹੀ ਨਹੀਂ ਚੱਲਣ ਦਿੱਤੀ ਜਾਵੇਗੀ। ਉਹਨਾਂ ਆਖਿਆ ਸਾਬਕਾ ਓਲੰਪੀਅਨ ਖਿਡਾਰੀਆਂ, ਕੋਚਾਂ ਅਤੇ ਖੇਡ ਪ੍ਰਮੋਟਰਾਂ ਦਾ ਬਣਦਾ ਮਾਣ ਸਤਿਕਾਰ ਬਹਾਲ ਕੀਤਾ ਜਾਵੇਗਾ। ਉਹਨਾਂ ਆਖਿਆ ਕਿ ਸਾਬਕਾ ਅੰਤਰ-ਰਾਸ਼ਟਰੀ ਖਿਡਾਰੀਆਂ ਅਤੇ ਖੇਡ ਪ੍ਰਮੋਟਰਾਂ ਦੀ ਇਕੱਤਰਤਾ ਜਲਦੀ ਹੀ ਜਲੰਧਰ ਵਿਖੇ ਬੁਲਾਈ ਜਾਵੇਗੀ ਜਿਸ ਵਿਚ ਨਵੀਂ ਖੇਡ ਨੀਤੀ ਲਈ ਸੁਝਾਅ ਲਏ ਜਾਣਗੇ। ਉਹਨਾਂ ਆਖਿਆ ਕਿ ਪੰਜਾਬ ਵਿਚ ਜੋ ਖੇਡ ਅਕੈਡਮੀਆਂ ਲੋਕਾਂ ਦੇ ਆਪਣੇ ਸਹਿਯੋਗ ਤੇ ਉਪਰਾਲੇ ਨਾਲ ਚੱਲ ਰਹੀਆਂ ਹਨ ਉਹਨਾਂ ਦੀ ਵੀ ਹਰ ਸੰਭਵ ਸਹਾਇਤਾ ਕੀਤੀ ਜਾਵੇਗੀ। ਉਹਨਾਂ ਨੇ ਸੁਰਜੀਤ ਹਾਕੀ ਅਕੈਡਮੀ ਜਲੰਧਰ ਤੇ ਮਾਤਾ ਸਾਹਿਬ ਕੌਰ ਹਾਕੀ ਅਕੈਡਮੀ ਜਰਖੜ ਵੱਲੋਂ ਖੇਡਾਂ ਦੀ ਬਿਹਤਰੀ, ਖਾਸ ਕਰਕੇ ਹਾਕੀ ਲਈ ਕੀਤੇ ਉਪਰਾਲਿਆਂ ਦੀ ਵੀ ਸ਼ਲਾਘਾ ਕੀਤੀ। ਇਸ ਮੌਕੇ ਸੁਰਜੀਤ ਹਾਕੀ ਸੋਸਾਇਟੀ ਦੇ ਮੀਡੀਆ ਸਕੱਤਰ ਸੁਰਿੰਦਰ ਸਿੰਘ ਭਾਪਾ, ਜਰਖੜ ਹਾਕੀ ਅਕੈਡਮੀ ਦੇ ਡਾਇਰੈਕਟਰ ਜਗਰੂਪ ਸਿੰਘ ਜਰਖੜ ਨੇ ਖੇਡ ਮੰਤਰੀ ਰਾਣਾ ਸੋਢੀ ਜੀ ਦਾ ਬੁਕੇ ਦੇ ਕੇ ਸੁਆਗਤ ਕੀਤਾ ਅਤੇ ਪੰਜਾਬ ਦੀਆਂ ਖੇਡਾਂ ਲਈ ਖੇਡ ਵਿਭਾਗ ਵੱਲੋਂ ਵਿੱਢੇ ਹੋਏ ਉਪਰਾਲਿਆਂ ਦੀ ਸ਼ਲਾਘਾ ਕਰਦਿਆਂ ਹਰ ਪੱਖੋਂ ਸਹਿਯੋਗ ਦਾ ਭਰੋਸਾ ਦਿੱਤਾ। ਇਸ ਮੌਕੇ ਦੋਹਾਂ ਖੇਡ ਸੰਸਥਾਵਾਂ ਨੇ ਨਵੀਂ ਖੇਡ ਨੀਤੀ ਪ੍ਰਤੀ ਆਪਣੇ ਉਸਾਰੂ ਸੁਝਾਅ ਵੀ ਦਿੱਤੇ। ਇਸ ਮੌਕੇ ਪਰਵੀਨ ਗੁਪਤਾ ਜਲੰਧਰ, ਰਣਜੀਤ ਸਿੰਘ ਦੁਲੇਅ, ਅੰਗ੍ਰੇਜ਼ ਸਿੰਘ, ਪੀ.ਏ ਖੇਡ ਮੰਤਰੀ, ਬਲਕਾਰ ਸਿੰਘ ਪੀ.ਐਸ ਖੇਡ ਮੰਤਰੀ ਅਤੇ ਆਦਿ ਹੋਰ ਮੌਜੂਦ ਸਨ।

  • 1
    Share

LEAVE A REPLY