ਪੇਂਡੂ ਮਜ਼ਦੂਰ ਯੂਨੀਅਨ ਵੱਲੋਂ ਜਾਇਦਾਦ ਵਿਹੂਣੇ ਦੇ ਕਰਜ਼ੇ ਮੁਆਫ਼ ਲਈ ਪੰਜਾਬ ਸਰਕਾਰ ਨੂੰ ਭੇਜਿਆ ਮੰਗ ਪੱਤਰ


ਜਗਰਾਉਂ– ਪੇਂਡੂ ਤੇ ਖੇਤ ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਮੋਰਚੇ ਵੱਲੋਂ ਮਿੱਥੇ ਪ੍ਰੋਗਰਾਮ ਅਨੁਸਾਰ ਮਜ਼ਦੂਰਾਂ ਦੀਆਂ ਮੰਗਾਂ ਸਬੰਧੀ ਮੁੱਖ ਮੰਤਰੀ ਨੂੰ ਪੰਜਾਬ ਭਰ ਵਿੱਚੋਂ ਮੰਗ ਪੱਤਰ ਭੇਜੇ ਗਏ। ਇਸੇ ਕੜੀ ਤਹਿਤ ਇੱਥੇ ਪੇਂਡੂ ਮਜ਼ਦੂਰ ਯੂਨੀਅਨ ਦੀ ਅਗਵਾਈ ਹੇਠ ਸਬ ਡਿਵੀਜ਼ਨਲ ਮੈਜਿਸਟਰੇਟ ਰਾਹੀਂ ਮੰਗ ਪੱਤਰ ਪੰਜਾਬ ਸਰਕਾਰ ਨੂੰ ਭੇਜਿਆ ਗਿਆ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਅਵਤਾਰ ਸਿੰਘ ਰਸੂਲਪੁਰ ਨੇ ਕਿਹਾ ਕਿ ਸਮਾਜ ਦੇ ਸਭ ਤੋਂ ਦੱਬੇ ਕੁਚਲੇ ਵਰਗ ਪੇਂਡੂ ਮਜ਼ਦੂਰ ਜਿੱਥੇ ਆਰਥਿਕ ਸਾਧਨਾਂ ਤੋਂ ਵਾਂਝੇ ਹਨ, ਉਥੇ ਮਨੂੰਵਾਦੀ ਪ੍ਰਬੰਧ ਕਾਰਨ ਸਮਾਜ ਵਿੱਚ ਜਾਤ-ਪਾਤ ਪ੍ਰਥਾ ਨੇ ਉਨ੍ਹਾਂ ਦੇ ਮਾਣ ਸਨਮਾਨ ਨੂੰ ਸੱਟ ਮਾਰੀ ਹੈ। ਉਨ੍ਹਾਂ ਕਿਹਾ ਕਿ ਜਿੱਥੇ ਜਿੱਥੇ ਮਜ਼ਦੂਰਾਂ ਨੇ ਆਪਣੇ ਹੱਕਾਂ ਦੀ ਆਵਾਜ਼ ਬੁਲੰਦ ਕਰਨ ਦੀ ਕੋਸ਼ਿਸ਼ ਕੀਤੀ ਹੈ, ਉਥੇ ਹੀ ਧਨਾਢ ਉਨ੍ਹਾਂ ਦੇ ਸੰਘਰਸ਼ ਨੂੰ ਫੇਲ੍ਹ ਕਰਨ ਲਈ ਹਰ ਹਰਬਾ ਵਰਤਦੇ ਹਨ। ਮਜ਼ਦੂਰਾਂ ਅਤੇ ਦਲਿਤਾਂ ਨਾਲ ਹਰ ਪੱਧਰ ‘ਤੇ ਵਿਤਕਰਾ ਹੁੰਦਾ ਹੈ। ਉਨ੍ਹਾਂ ਮੰਗ ਕੀਤੀ ਕਿ ਜਿਹੜੇ ਮਜ਼ਦੂਰਾਂ ਕੋਲ ਕੋਈ ਜਾਇਦਾਦ ਨਹੀਂ, ਉਨ੍ਹਾਂ ਦੇ ਸਮੁੱਚੇ ਕਰਜ਼ੇ ਮੁਆਫ਼ ਕੀਤੇ ਜਾਣ, ਮਜ਼ਦੂਰਾਂ ਨੂੰ ਮਿਲਦੀ ਚਾਰ ਸੌ ਯੂਨਿਟ ਬਿਜਲੀ ਮੁਆਫ਼ੀ ਆਨੇ ਬਹਾਨੇ ਨਾ ਕੱਟੀ ਜਾਵੇ, ਮਜ਼ਦੂਰਾਂ ਨੂੰ ਦਸ ਦਸ ਮਰਲੇ ਦੇ ਪਲਾਟ ਚੋਣ ਵਾਅਦੇ ਅਨੁਸਾਰ ਦਿੱਤੇ ਜਾਣ। ਇਸ ਤੋਂ ਇਲਾਵਾ ਆਗੂਆਂ ਨੇ ਸਮੁੱਚੇ ਮਜ਼ਦੂਰਾਂ ਨੂੰ ਨੀਲੇ ਕਾਰਡ ਜਾਰੀ ਕਰਨ, ਕੱਟੇ ਕਾਰਡ ਬਹਾਲ ਕਰਨ, ਸ਼ਗਨ ਸਕੀਮ ਤਹਿਤ ਰਾਸ਼ੀ ਜਾਰੀ ਕਰਨ ਦੀ ਵੀ ਮੰਗ  ਕੀਤੀ। ਮੰਗ ਪੱਤਰ ਦੇਣ ਸਮੇਂ ਨਿਰਮਲ ਸਿੰਘ, ਜਗਤਾਰ ਸਿੰਘ, ਤਰਲੋਚਨ ਸਿੰਘ ਹਾਜ਼ਰ ਸਨ।

  • 1
    Share

LEAVE A REPLY