ਪੰਜਾਬ ਦੇ ਨੌਜਵਾਨ ਨੇ ਸਿਰਜਿਆ ਇਤਿਹਾਸ – ਸਭ ਤੋਂ ਛੋਟੀ ਉਮਰ ਚ ਬਣਿਆ ਏਅਰਲਾਈਨ ਕਮਾਂਡਰ


Sangrur boy udayveer singh dhaliwal become youngest airline commander

ਪੰਜਾਬ ਦੇ ਸੰਗਰੂਰ ਸ਼ਹਿਰ ਦੇ ਨੌਜਵਾਨ ਕੈਪਟਨ ਉਦੈਵੀਰ ਸਿੰਘ ਧਾਲੀਵਾਲ ਨੇ ਛੋਟੀ ਉਮਰੇ ਹੀ ਵੱਡਾ ਮਾਣ ਹਾਸਲ ਕਰ ਲਿਆ ਹੈ। ਉਦੈਵੀਰ 25 ਸਾਲ ਦੀ ਉਮਰ ਵਿੱਚ ਹੀ ਏਅਰਲਾਈਨ ਕਮਾਂਡਰ ਬਣ ਗਿਆ ਹੈ। ਉਸ ਦੇ ਮਾਪਿਆਂ ਦਾ ਦਾਅਵਾ ਹੈ ਕਿ ਉਦੈਵੀਰ ਨੇ ਵਿਸ਼ਵ ਭਰ ਦੀਆਂ ਉਡਾਣ ਕੰਪਨੀਆਂ ਦੇ ਕਮਾਂਡਰਾਂ ’ਚੋਂ ਸਭ ਤੋਂ ਛੋਟੀ ਉਮਰ ਦਾ ਏਅਰਲਾਈਨ ਕਮਾਂਡਰ ਬਣ ਕੇ ਵਿਸ਼ਵ ਰਿਕਾਰਡ ਬਣਾਇਆ ਹੈ।

ਸੰਗਰੂਰ ਦੇ ਸੀਨੀਅਰ ਵਕੀਲ ਨਰਪਾਲ ਸਿੰਘ ਧਾਲੀਵਾਲ ਨੇ ਦੱਸਿਆ ਕਿ ਉਨ੍ਹਾਂ ਦਾ ਭਤੀਜਾ ਕੈਪਟਨ ਉਦੈਵੀਰ ਸਿੰਘ ਧਾਲੀਵਾਲ ਵਿਸਤਾਰਾ ਟਾਟਾ ਸਿੰਗਾਪੁਰ ਏਅਰਲਾਈਨਜ਼ ਵਿੱਚ ਤਾਇਨਾਤ ਹੈ। ਉਦੈਵੀਰ ਉਨ੍ਹਾਂ ਦੇ ਛੋਟੇ ਭਰਾ ਕੈਪਟਨ ਜੇ.ਐੱਸ.ਧਾਲੀਵਾਲ ਦਾ ਪੁੱਤ ਹੈ। ਕੈਪਟਨ ਜੇ. ਐੱਸ. ਧਾਲੀਵਾਲ ਏਅਰ ਇੰਡੀਆ ਵਿੱਚ ਡਿਪਟੀ ਜਨਰਲ ਮੈਨੇਜਰ ਦੇ ਅਹੁਦੇ ’ਤੇ ਤਾਇਨਾਤ ਹਨ।

ਉਨ੍ਹਾਂ ਦੱਸਿਆ ਕਿ ਕੈਪਟਨ ਉਦੈਵੀਰ ਸਿੰਘ ਧਾਲੀਵਾਲ ਨੇ ਯੂ.ਕੇ. ਦੀ ਕੇਟ ਐਮ.ਸੀ. ਵਿਲੀਅਮਸ ਦਾ ਰਿਕਾਰਡ ਤੋੜਿਆ ਹੈ, ਜੋ 26 ਸਾਲ ਦੀ ਉਮਰ ਵਿੱਚ ਏਅਰਲਾਈਨ ਕਮਾਂਡਰ ਬਣੀ ਸੀ, ਪਰ ਉਦੈਵੀਰ ਸਿੰਘ ਧਾਲੀਵਾਲ 25 ਸਾਲ 4 ਮਹੀਨੇ 6 ਦਿਨ ਦੀ ਉਮਰ ਵਿਚ ਏਅਰਲਾਈਨ ਕਮਾਂਡਰ ਬਣਿਆ ਹੈ। ਉਨ੍ਹਾਂ ਦੱਸਿਆ ਕਿ ਉਦੈਵੀਰ ਸਿੰਘ ਧਾਲੀਵਾਲ ਨੇ ਵਿਸਤਾਰਾ ਟਾਟਾ ਸਿੰਗਾਪੁਰ ਏਅਰਲਾਈਨਜ਼ ਵਿਚ ਫਸਟ ਅਫ਼ਸਰ ਵਜੋਂ ਜੁਆਇਨ ਕੀਤਾ ਸੀ ਤੇ 11 ਫਰਵਰੀ ਨੂੰ ਏਅਰਲਾਈਨ ਕਮਾਂਡਰ ਬਣਿਆ ਹੈ।


LEAVE A REPLY