ਨਸ਼ੇ ਦੀ ਸੂਚਨਾ ਨਾ ਦੇਣ ‘ਤੇ ਚੌਕੀਦਾਰ, ਨੰਬਰਦਾਰ ਤੇ ਸਰਪੰਚ ਤੇ ਵੀ ਹੋਵੇਗੀ ਕਾਰਵਾਈ – ਡਿਪਟੀ ਕਮਿਸ਼ਨਰ


ਲੁਧਿਆਣਾ -ਨਸ਼ੇ ਨਾਲ ਸੰਬੰਧਤ ਹਰ ਤਰਾਂ ਦੀ ਗਤੀਵਿਧੀ ਨੂੰ ਰੋਕਣ, ਇਸ ਕਾਰੋਬਾਰ ਨਾਲ ਸੰਬੰਧਤ ਦੋਸ਼ੀਆਂ ਨੂੰ ਕਾਬੂ ਕਰਨ ਅਤੇ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਖ਼ਿਲਾਫ਼ ਸ਼ੁਰੂ ਕੀਤੀ ਮੁਹਿੰਮ ਨੂੰ ਸਫ਼ਲ ਕਰਨ ਲਈ ਜ਼ਿਲਾ ਲੁਧਿਆਣਾ ਦੇ ਸਿਵਲ ਅਤੇ ਪੁਲਿਸ ਪ੍ਰਸਾਸ਼ਨ ਨੇ ਸਾਂਝੀ ਰਣਨੀਤੀ ਤਹਿਤ ਕੰਮ ਕਰਨ ਦਾ ਫੈਸਲਾ ਕੀਤਾ ਹੈ। ਇਸ ਸੰਬੰਧੀ ਸਥਾਨਕ ਬਚਤ ਭਵਨ ਵਿੱਚ ਅੱਜ ਕੀਤੀ ਮੀਟਿੰਗ ਵਿੱਚ ਫੈਸਲਾ ਲਿਆ ਗਿਆ ਕਿ ਇਸ ਕਾਰੋਬਾਰ ਵਿੱਚ ਲੱਗੇ ਦੋਸ਼ੀਆਂ ਦੇ ਨਾਲ-ਨਾਲ ਹੁਣ ਉਨਾਂ ਪਿੰਡਾਂ ਦੇ ਚੌਕੀਦਾਰਾਂ, ਨੰਬਰਦਾਰਾਂ ਅਤੇ ਸਰਪੰਚਾਂ ਖ਼ਿਲਾਫ਼ ਵੀ ਕਾਰਵਾਈ ਕੀਤੀ ਜਾਵੇਗੀ, ਜਿਨਾਂ ਪਿੰਡਾਂ ਵਿੱਚ ਨਸ਼ੇ ਦਾ ਕਾਰੋਬਾਰ ਚੱਲ ਰਿਹਾ ਹੈ ਅਤੇ ਉਨਾਂ ਨੇ ਜਾਣਕਾਰੀ ਹੋਣ ਦੇ ਬਾਵਜੂਦ ਇਸ ਦੀ ਪ੍ਰਸਾਸ਼ਨ ਨੂੰ ਜਾਣਕਾਰੀ ਨਹੀਂ ਦਿੱਤੀ। ਇਸ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਨੇ ਕਿਹਾ ਕਿ ਆਮ ਤੌਰ ‘ਤੇ ਦੇਖਣ ਵਿੱਚ ਆਉਂਦਾ ਹੈ ਕਿ ਪਿੰਡਾਂ ਵਿੱਚ ਮੋਹਤਬਰ ਵਿਅਕਤੀਆਂ (ਚੌਕੀਦਾਰ, ਨੰਬਰਦਾਰ ਤੇ ਸਰਪੰਚ ਆਦਿ) ਨੂੰ ਪਤਾ ਹੁੰਦਾ ਹੈ ਕਿ ਕਿਹੜਾ ਵਿਅਕਤੀ ਗੈਰਕਾਨੂੰਨੀ ਕੰਮ ਕਰ ਰਿਹਾ ਹੈ ਪਰ ਉਹ ਇਸ ਬਾਰੇ ਪ੍ਰਸਾਸ਼ਨ ਨੂੰ ਸੂਚਨਾ ਨਹੀਂ ਦਿੰਦੇ। ਉਨਾਂ ਕਿਹਾ ਕਿ ਪਿੰਡਾਂ ਦੇ ਚੌਕੀਦਾਰਾਂ, ਨੰਬਰਦਾਰਾਂ ਅਤੇ ਸਰਪੰਚਾਂ ਆਦਿ ਦੀ ਇਹ ਜਿੰਮੇਵਾਰੀ ਬਣਦੀ ਹੈ ਕਿ ਉਹ ਇਹ ਸੂਚਨਾ ਗੁਪਤ ਤਰੀਕੇ ਨਾਲ ਪ੍ਰਸਾਸ਼ਨ ਨਾਲ ਸਾਂਝੀ ਕਰਨ, ਤਾਂ ਜੋ ਸਮੇਂ ਸਿਰ ਢੁੱਕਵੀਂ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਸਕੇ। ਜੇਕਰ ਭਵਿੱਖ ਵਿੱਚ ਕਿਸੇ ਪਿੰਡ ਵਿੱਚ ਨਸ਼ੇ ਦੇ ਕਾਰੋਬਾਰ ਨਾਲ ਕੋਈ ਅਣਹੋਣੀ ਘਟਨਾ ਵਾਪਰਦੀ ਹੈ ਜਾਂ ਕਿਸੇ ਨਸ਼ਾ ਪੀੜਤ ਦੀ ਬਿਨਾ ਇਲਾਜ਼ ਮੌਤ ਹੁੰਦੀ ਹੈ ਤਾਂ ਇਸ ਬਾਰੇ ਉਪਰੋਕਤ ਵਿਅਕਤੀਆਂ ਦੀ ਵੀ ਬਰਾਬਰ ਦੀ ਜਿੰਮੇਵਾਰੀ ਤੈਅ ਹੋਵੇਗੀ।

ਉਨਾਂ ਸਮੂਹ ਐੱਸ. ਡੀ. ਐੱਮਜ਼ ਅਤੇ ਪੁਲਿਸ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਆਪਣੀ-ਆਪਣੀ ਸਬ ਡਵੀਜ਼ਨ ਦੇ ਚੌਕੀਦਾਰਾਂ, ਨੰਬਰਦਾਰਾਂ, ਸਰਪੰਚਾਂ ਅਤੇ ਦਵਾਈ ਵਿਕਰੇਤਾਵਾਂ (ਕੈਮਿਸਟਾਂ) ਆਦਿ ਨਾਲ ਹਰ ਹਫ਼ਤੇ ਵਿਸ਼ੇਸ਼ ਮੀਟਿੰਗਾਂ ਕਰਕੇ ਉਨਾਂ ਨੂੰ ਸਰਕਾਰ ਦੀਆਂ ਸਖ਼ਤ ਹਦਾਇਤਾਂ ਤੋਂ ਜਾਣੂ ਕਰਵਾ ਦੇਣ। ਐੱਸ. ਡੀ. ਐੱਮਜ਼ ਨੂੰ ਇਹ ਵੀ ਹਦਾਇਤ ਕੀਤੀ ਗਈ ਕਿ ਉਹ ਉਨਾਂ ਪਿੰਡਾਂ ਦੀ ਚੋਣ ਕਰਨ, ਜਿੱਥੇ ਨਸ਼ੇ ਦੀ ਸਭ ਤੋਂ ਜਿਆਦਾ ਸਮੱਸਿਆ ਹੈ, ਉਹ ਉਥੇ ਜਾ ਕੇ ਲੋਕਾਂ ਨਾਲ ਗੱਲਬਾਤ ਕਰਨ ਅਤੇ ਇਸ ਸਮੱਸਿਆ ਨੂੰ ਦੂਰ ਕਰਨ ਬਾਰੇ ਉਨਾਂ ਦੇ ਸੁਝਾਅ ਲੈਣ। ਇਸ ਤੋਂ ਇਲਾਵਾ ਐੱਸ. ਡੀ. ਐੱਮਜ਼ ਨੂੰ ਹਰੇਕ ਨਸ਼ਾ ਛੁਡਾਊ ਕੇਂਦਰ ਦੀ ਅਚਨਚੇਤ ਚੈਕਿੰਗ ਕਰਨ ਬਾਰੇ ਵੀ ਕਿਹਾ ਗਿਆ। ਪਿੰਡਾਂ ਵਿੱਚ ਜਾਗਰੂਕਤਾ ਫੈਲਾਉਣ ਲਈ ਹਰੇਕ ਸਬ ਡਵੀਜਨ ਵਿੱਚ ਹਰੇਕ ਹਫ਼ਤੇ ਦੋ ਜਾਗਰੂਕਤਾ ਸੈਮੀਨਾਰ ਕਰਵਾਏ ਜਾਣਗੇ, ਜਿਨਾਂ ਵਿੱਚ ਐੱਸ. ਡੀ. ਐੱਮ. ਅਤੇ ਡੀ. ਐੱਸ. ਪੀ. ਤੋਂ ਇਲਾਵਾ ਹੋਰ ਅਧਿਕਾਰੀ ਨਿੱਜੀ ਤੌਰ ‘ਤੇ ਸ਼ਮੂਲੀਅਤ ਕਰਨੀ ਯਕੀਨੀ ਬਣਾਉਣਗੇ। ਸ੍ਰੀ ਅਗਰਵਾਲ ਨੇ ਪੁਲਿਸ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਨਸ਼ਿਆਂ ਖ਼ਿਲਾਫ਼ ਕੀਤੀ ਜਾ ਰਹੀ ਕਾਰਵਾਈ ਦੀ ਰੋਜ਼ਾਨਾ ਰਿਪੋਰਟ ਭੇਜਣੀ ਯਕੀਨੀ ਬਣਾਉਣ। ਸਿਹਤ ਵਿਭਾਗ ਨੂੰ ਹਦਾਇਤ ਕੀਤੀ ਗਈ ਕਿ ਹਰੇਕ ਐੱਸ. ਐੱਮ. ਓ. ਰੋਜ਼ਾਨਾ ਇੱਕ ਕੈਮਿਸਟ ਦੀ ਚੈਕਿੰਗ ਜ਼ਰੂਰ ਕਰੇਗਾ।

ਸ੍ਰੀ ਅਗਰਵਾਲ ਨੇ ਕਿਹਾ ਕਿ ਹਰੇਕ ਸਬ ਡਵੀਜ਼ਨ ਵਿੱਚ ਵੱਧ ਤੋਂ ਵੱਧ ਪਿੰਡਾਂ ਨੂੰ ‘ਨਸ਼ਾ ਮੁਕਤ’ ਕਰਾਇਆ ਜਾਣਾ ਹੈ। ਨਸ਼ਾ ਮੁਕਤ ਪਿੰਡ ਉਹ ਐਲਾਨਿਆ ਜਾਵੇਗਾ, ਜਿਸ ਵਿੱਚ ਨਸ਼ਾ ਕਰਨ ਵਾਲੇ ਹਰੇਕ ਵਿਅਕਤੀ ਦਾ ਇਲਾਜ਼ ਸ਼ੁਰੂ ਹੋ ਗਿਆ ਹੈ, ਪੰਚਾਇਤ ਨੇ ਨਸ਼ੇ ਦੀ ਸਮਾਜਿਕ ਬੁਰਾਈ ਖ਼ਿਲਾਫ਼ ਮਤਾ ਪਾਇਆ ਹੈ ਅਤੇ ਉਥੇ ਦੇ ਵਸਨੀਕਾਂ ਨੇ ਨਸ਼ਾ ਕਾਰੋਬਾਰੀਆਂ ਨੂੰ ਕਿਸੇ ਵੀ ਤਰਾਂ ਦਾ ਸਹਿਯੋਗ ਨਾ ਕਰਨ ਦਾ ਤਹੱਈਆ ਕੀਤਾ ਹੈ। ਉਨਾਂ ਦੱਸਿਆ ਕਿ ਜ਼ਿਲੇ ਵਿਚ ਨਸ਼ਿਆਂ ਦੀ ਬੁਰਾਈ ਦਾ ਸਫਾਇਆ ਸਮਾਜਿਕ ਭਾਗੀਦਾਰੀ ਬਿਨਾਂ ਸੰਭਵ ਨਹੀਂ ਹੈ ਅਤੇ ਇਹ ਸਾਡੇ ਸਭ ਲਈ ਸਾਂਝੀ ਚੁਣੌਤੀ ਹੈ ਪਰ ਪੰਜਾਬੀਆਂ ਲਈ ਕੋਈ ਵੀ ਚੁਣੌਤੀ ਅਸੰਭਵ ਨਹੀਂ ਹੁੰਦੀ ਹੈ ਅਤੇ ਇਸ ਚੁਣੌਤੀ ਨੂੰ ਸਰ ਕਰਕੇ ਆਪਣੇ ਸਮਾਜ ਨੂੰ ਮੁੜ ਤੋਂ ਨਸ਼ਾ ਮੁਕਤ ਕਰਾਂਗੇ। ਉਨਾਂ ਨੇ ਕਿਹਾ ਕਿ ਇਸ ਮੁਹਿੰਮ ਦੇ ਅਧਾਰ ਤੱਤ ਜਾਗਰੁਕਤਾ, ਸੂਚਨਾ, ਕਾਰਵਾਈ, ਇਲਾਜ ਅਤੇ ਪੂਨਰਵਾਸ ਹੋਣਗੇ। ਉਨਾਂ ਲੋਕਾਂ ਨੂੰ ਸੱਦਾ ਦਿੱਤਾ ਕਿ ਉਹ ਨਸ਼ਿਆਂ ਦੀ ਤਸਕਰੀ ਸਬੰਧੀ ਅਤੇ ਇਸ ਧੰਦੇ ਵਿਚ ਲੱਗੇ ਮਾੜੇ ਅਨਸਰਾਂ ਖਿਲਾਫ ਪੁਲਿਸ ਨੂੰ ਬੇਝਿਜਕ ਹੋਕੇ ਸੂਚਨਾ ਦੇਣ, ਸੂਚਨਾ ਦੇਣ ਵਾਲੇ ਦੀ ਪਹਿਚਾਣ ਗੁਪਤ ਰੱਖੀ ਜਾਵੇਗੀ ਅਤੇ ਦੋਸ਼ੀਆਂ ਖਿਲਾਫ ਸਖ਼ਤ ਕਾਰਵਾਈ ਹੋਵੇਗੀ। ਨਾਲ ਦੀ ਨਾਲ ਉਨਾਂ ਨੇ ਕਿਹਾ ਕਿ ਜੋ ਲੋਕ ਨਸ਼ੇ ਤੋਂ ਪੀੜਤ ਹਨ ਉਨਾਂ ਦੇ ਇਲਾਜ ਅਤੇ ਪੁਨਰਵਾਸ ਲਈ ਜ਼ਿਲੇ ਵਿਚ ਕਈ ਨਸ਼ਾ ਮੁਕਤੀ ਕੇਂਦਰ ਅਤੇ ਪੁਨਰਵਾਸ ਕੇਂਦਰ ਪਹਿਲਾਂ ਹੀ ਚੱਲ ਰਹੇ ਹਨ।

ਸ੍ਰੀ ਅਗਰਵਾਲ ਨੇ ਸਮੂਹ ਅਧਿਕਾਰੀਆਂ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਸੂਬੇ ਵਿੱਚੋਂ ਨਸ਼ੇ ਦੀ ਬੁਰਾਈ ਨੂੰ ਖ਼ਤਮ ਕਰਨ ਲਈ ਪੰਜਾਬ ਸਰਕਾਰ ਵੱਲੋਂ ਬਹੁਤ ਹੀ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ, ਜੋ ਵੀ ਅਧਿਕਾਰੀ ਇਸ ਮਾਮਲੇ ‘ਤੇ ਅਣਗਹਿਲੀ ਕਰੇਗਾ, ਉਸ ਖ਼ਿਲਾਫ਼ ਸਖ਼ਤ ਵਿਭਾਗੀ ਅਤੇ ਕਾਨੂੰਨੀ ਕਾਰਵਾਈ ਆਰੰਭੀ ਜਾਵੇਗੀ। ਮੀਟਿੰਗ ਵਿੱਚ ਸ੍ਰ. ਸੁਰਜੀਤ ਸਿੰਘ ਜ਼ਿਲ•ਾ ਪੁਲਿਸ ਮੁੱਖੀ ਲੁਧਿਆਣਾ (ਦਿਹਾਤੀ), ਡਿਪਟੀ ਕਮਿਸ਼ਨਰ ਪੁਲਿਸ ਸ੍ਰੀ ਅਸ਼ਵਨੀ ਕਪੂਰ, ਵਧੀਕ ਡਿਪਟੀ ਕਮਿਸ਼ਨਰ (ਵ) ਡਾ. ਸ਼ੇਨਾ ਅਗਰਵਾਲ, ਵਧੀਕ ਡਿਪਟੀ ਕਮਿਸ਼ਨਰ ਖੰਨਾ ਸ੍ਰੀ ਅਜੇ ਸੂਦ ਅਤੇ ਹੋਰ ਅਧਿਕਾਰੀ ਹਾਜ਼ਰ ਸਨ।


LEAVE A REPLY