ਜਗਰਾਓਂ ਦੇ ਪਿੰਡ ਚ ਸਰਪੰਚ ਨੇ ਦਿਖਾਈ ਸ਼ਰ੍ਹੇਆਮ ਗੁੰਡਾਗਰਦੀ, ਘਰ ਜਾ ਕੇ ਵੱਢਿਆ ਪਿੰਡ ਦਾ ਨੌਜਵਾਨ ਫੌਜੀ


 

 

IMG-20190414-WA0010
ਜਗਰਾਓਂ ਦੇ ਪਿੰਡ ਰੂਮੀ ਦੇ ਸਰਪੰਚ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਪਿੰਡ ਦੇ ਹੀ ਇੱਕ ਨੌਜਵਾਨ ਫੌਜੀ ਮਨਜਿੰਦਰ ਸਿੰਘ ਦੇ ਘਰ ਜਾ ਕੇ ਤੇਜ਼ਧਾਰ ਹਥਿਆਰ ਨਾਲ ਉਸ ਦਾ ਕਤਲ ਕਰ ਦਿੱਤਾ। ਜਾਣਕਾਰੀ ਮੁਤਾਬਕ ਸਰਪੰਚ ਕੁਲਦੀਪ ਸਿੰਘ ਤੇ ਉਸ ਦੇ 7 ਹੋਰ ਸਾਥੀਆਂ ਨੇ ਮਨਜਿੰਦਰ ਸਿੰਘ ਦੇ ਘਰ ਹਮਲਾ ਕਰ ਦਿੱਤਾ। ਇਸ ਮੌਕੇ 3 ਜਣਿਆਂ ਨੇ ਉਨ੍ਹਾਂ ਦੇ ਦਰਵਾਜ਼ੇ ‘ਤੇ ਫਾਇਰਿੰਗ ਕੀਤੀ। ਇਸ ਦੌਰਾਨ ਮਨਜਿੰਦਰ ਸਿੰਘ ਦਾ ਬਚਾਅ ਕਰਨ ਆਏ ਉਸ ਦੇ ਪਿਤਾ ਵੀ ਜ਼ਖ਼ਮੀ ਹੋ ਗਏ। ਪੁਲਿਸ ਨੇ ਮਨਜਿੰਦਰ ਸਿੰਘ ਦੀ ਲਾਸ਼ ਨੂੰ ਪੋਸਟ ਮਾਰਟਮ ਲਈ ਭੇਜ ਦਿੱਤਾ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਦਰਅਸਲ ਪਿੰਡ ਵਿੱਚ ਛੁੱਟੀ ‘ਤੇ ਆਏ ਫੌਜੀ ਦੀ ਆਪਣੇ ਭਰਾ ਨਾਲ ਤਕਰਾਰ ਚੱਲ ਰਹੀ ਸੀ। ਫੌਜੀ ਦਾ ਭਰਾ ਮੌਜੂਦਾ ਕਾਂਗਰਸੀ ਸਰਪੰਚ ਕੁਲਦੀਪ ਸਿੰਘ ਦਾ ਕਾਫੀ ਕਰੀਬੀ ਸੀ। ਇਸ ਲਈ ਸਰਪੰਚ ਆਪਣੇ ਸਾਥੀਆਂ ਸਮੇਤ ਮਨਜਿੰਦਰ ਸਿੰਘ ਦੇ ਭਰਾ ਨੂੰ ਸਮਰਥਨ ਦੇਣ ਪੁੱਜ ਗਿਆ। ਇਸੇ ਦੌਰਾਨ ਸਰਪੰਚ ਤੇ ਉਸ ਦੇ ਸਾਥੀ ਮਨਜਿੰਦਰ ਸਿੰਘ ਸਮੇਤ ਉਨ੍ਹਾਂ ਦੀ ਪੂਰੀ ਬਰਾਦਰੀ ਨੂੰ ਗਾਲ਼ਾ ਕੱਢਣ ਲੱਗੇ। ਇਸ ‘ਤੇ ਮਨਜਿੰਦਰ ਸਿੰਘ ਨੇ ਜਦੋਂ ਉਨ੍ਹਾਂ ਨੂੰ ਟੋਕਿਆ ਤਾਂ ਸਰਪੰਚ ਤੈਸ਼ ਵਿੱਚ ਆ ਗਿਆ। ਉਸ ਨੂੰ ਇਸ ਕਦਰ ਗੁੱਸਾ ਆਇਆ ਕਿ ਉਸ ਨੇ ਮਨਜਿੰਦਰ ਸਿੰਘ ਦਾ ਕਤਲ ਹੀ ਕਰ ਦਿੱਤਾ।

ਹੁਣ ਸਵਾਲ ਇਹ ਉੱਠਦਾ ਹੈ ਕਿ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਜਦੋਂ ਦੇਸ਼ ਭਰ ਵਿੱਚ ਚੋਣ ਜ਼ਾਬਤਾ ਲੱਗਾ ਹੋਇਆ ਹੈ ਤਾਂ ਸਰਪੰਚ ਦੇ 3 ਸਾਥੀਆਂ ਕੋਲ ਰਿਵਾਲਵਰ ਕਿੱਦਾਂ ਤੇ ਕਿੱਥੋਂ ਪਹੁੰਚੇ? ਉਨ੍ਹਾਂ ਨੇ ਆਪਣੇ ਹਥਿਆਰ ਥਾਣੇ ਜਮ੍ਹਾ ਕਿਉਂ ਨਹੀਂ ਕਰਵਾਏ। ਸੂਤਰਾਂ ਮੁਤਾਬਕ ਪੁਲਿਸ ਨੇ ਇਸ ਮਾਮਲੇ ਵਿੱਚ ਪੰਜ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ ਪਰ ਮੀਡੀਆ ਸਾਹਮਣੇ ਕੁਝ ਦੱਸਣੋਂ ਟਾਲਾ ਵੱਟ ਲਿਆ।


LEAVE A REPLY