ਜਲੰਧਰ, ਲੁਧਿਆਣਾ ਅਤੇ ਮੋਹਾਲੀ ਵਿੱਚ ਕਰਵਾਈ ਜਾਵੇਗੀ ਗਲੋਬਲ ਕਬੱਡੀ ਲੀਗ, ਲੁਧਿਆਣਾ ਦੇ ਗੁਰੂ ਨਾਨਕ ਸਟੇਡੀਅਮ ਵਿੱਚ ਚੋਣ ਟਰਾਇਲ 6 ਅਕਤੂਬਰ ਤੋਂ


ਲੁਧਿਆਣਾ – ਕੌਮਾਂਤਰੀ ਪੱਧਰ ਦੀ ਗਲੋਬਲ ਕਬੱਡੀ ਲੀਗ 2018, ਜੋ ਕਿ ਪੰਜਾਬ ਦੇ ਜਲੰਧਰ, ਲੁਧਿਆਣਾ ਅਤੇ ਮੋਹਾਲੀ ਵਿੱਚ 14 ਅਕਤੂਬਰ ਤੋਂ ਸ਼ੁਰੂ ਹੋਣ ਜਾ ਰਹੀ ਹੈ, ਵਿੱਚ ਭਾਗ ਲੈਣ ਵਾਲੇ ਖਿਡਾਰੀਆਂ ਦੇ ਚੋਣ ਟਰਾਇਲ 6 ਅਕਤੂਬਰ ਤੋਂ ਸ਼ੁਰੂ ਕੀਤੇ ਜਾਣਗੇ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਗਲੋਬਲ ਕਬੱਡੀ ਲੀਗ ਵਿੱਚ ਭਾਗ ਲੈਣ ਵਾਲੀਆਂ ਟੀਮਾਂ ਦੇ ਮਾਲਕਾਂ ਵਿਚੋਂ ਇਕ ਅਤੇ ਸੰਯੁਕਤ ਪ੍ਰਬੰਧਕੀ ਕਮੇਟੀ ਦੇ ਉਪ ਚੇਅਰਮੈਨ ਅਤੇ ਐਨ ਆਰ ਆਈ ਯੋਗੇਸ਼ ਛਾਬੜਾ (ਅਮਰੀਕਾ) ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਸਹਿਯੋਗ ਨਾਲ ਮਿਸ਼ਨ ਤੰਦਰੁਸਤ ਪੰਜਾਬ ਨੂੰ ਸਮਰਪਿਤ ਗਲੋਬਲ ਕਬੱਡੀ ਲੀਗ 14 ਅਕਤੂਬਰ ਤੋਂ 3 ਨਵੰਬਰ 2018 ਤੱਕ ਕ੍ਰਮਵਾਰ ਜਲੰਧਰ, ਲੁਧਿਆਣਾ ਅਤੇ ਮੋਹਾਲੀ ਵਿੱਚ ਕਰਵਾਈ ਜਾਵੇਗੀ। ਇਸ ਕਬੱਡੀ ਲੀਗ ਵਿੱਚ ਕੌਮਾਂਤਰੀ ਪੱਧਰ ਦੀਆਂ 6 ਟੀਮਾਂ ਲਈ ਚੋਣ ਟਰਾਇਲ 6 ਅਤੇ 7 ਅਕਤੂਬਰ ਨੂੰ ਗੁਰੂ ਨਾਨਕ ਸਟੇਡੀਅਮ ਲੁਧਿਆਣਾ ਵਿਖੇ ਆਯੋਜਿਤ ਕੀਤੇ ਜਾਣਗੇ। ਟਰਾਇਲਾਂ ਦੌਰਾਨ ਮਾਹਿਰ ਨਾਮੀਂ ਕਬੱਡੀ ਖਿਡਾਰੀਆਂ ਤੇ ਅਧਾਰਿਤ ਚੋਣ ਕਮੇਟੀ ਵੱਲੋਂ ਖਿਡਾਰੀਆਂ ਦੀ ਚੋਣ ਕੀਤੀ ਜਾਵੇਗੀ।

ਉਨਾਂ ਦੱਸਿਆ ਕਿ ਗਲੋਬਲ ਕਬੱਡੀ ਲੀਗ ਵਿੱਚ 6 ਟੀਮਾਂ ਕ੍ਰਮਵਾਰ ਕੈਲੀਫੋਰਨੀਆ ਈਗਲ (ਅਮਰੀਕਾ), ਹਰਿਆਣਾ ਲਾਇਨਜ਼ (ਹਰਿਆਣਾ) ਬਲੈਕ ਪੈਂਥਰਜ਼ (ਫਰਿਜਨੋ-ਅਮਰੀਕਾ), ਦਿੱਲੀ ਲਾਇਨਜ਼ (ਭਾਰਤ), ਮੈਪਲ ਲੀਫ ਕੈਨੇਡਾ ਅਤੇ ਪੰਜਾਬ ਵਾਰੀਅਰਜ਼ (ਪੰਜਾਬ) ਭਾਗ ਲੈ ਰਹੀਆਂ ਹਨ ਅਤੇ ਇਨਾਂ ਟੀਮਾਂ ਵਿੱਚ ਜਿਥੇ ਨਾਮੀਂ ਖਿਡਾਰੀ ਭਾਗ ਲੈਣਗੇ, ਉਥੇ ਨਾਲ ਹੀ ਉਭਰਦੇ ਖਿਡਾਰੀਆਂ ਨੂੰ ਇਸ ਲੀਗ ਵਿੱਚ ਖੇਡਣ ਦਾ ਮੌਕਾ ਮਿਲੇਗਾ। ਇਸ ਕਰਕੇ ਇਨਾਂ ਟੀਮਾਂ ਲਈ ਓਪਨ ਟਰਾਇਲ ਕਰਨ ਦਾ ਫੈਸਲਾ ਲਿਆ ਗਿਆ ਹੈ। ਉਨਾਂ ਖਿਡਾਰੀਆਂ ਨੂੰ ਅਪੀਲ ਕੀਤੀ ਹੈ ਕਿ ਜਿਹੜੇ ਖਿਡਾਰੀ ਇਸ ਲੀਗ ਵਿੱਚ ਖੇਡਣ ਦੇ ਇਛੁੱਕ ਹਨ, ਉਹ ਟਰਾਇਲਾਂ ਮੌਕੇ ਆਪਣੀ 2 ਫੋਟੋ ਲੈ ਕੇ ਗੁਰੂ ਨਾਨਕ ਸਟੇਡੀਅਮ ਲੁਧਿਆਣਾ ਵਿਖੇ 6 ਅਤੇ 7 ਅਕਤੂਬਰ ਨੂੰ ਪਹੁੰਚ ਸਕਦੇ ਹਨ।

  • 7
    Shares

LEAVE A REPLY