ਪੁਲਸ ਸੁਰੱਖਿਆ ਦੀ ਖੁਲੀ ਪੋਲ – ਇਕ ਹੀ ਰਾਤ ਚ ਚੋਰਾਂ ਨੇ 7 ਦੁਕਾਨਾਂ ਦੇ ਤੋਡ਼ੇ ਤਾਲੇ


ਤਿਓਹਾਰਾਂ ਤੋਂ ਪਹਿਲਾਂ ਚੋਰਾਂ ਨੇ ਇਕ ਹੀ ਰਾਤ ਵਿਚ ਪੁਲਸ ਦੇ ਸੁਰੱਖਿਆ ਪ੍ਰਬੰਧਾਂ ਦੀ ਹਵਾ ਕੱਢ ਕੇ ਰੱਖ ਦਿੱਤੀ ਹੈ। ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਚ ਹੋਈਆਂ 7 ਚੋਰੀ ਦੀਆਂ ਵਾਰਦਾਤਾਂ ਨੇ ਜਿੱਥੇ ਇਕ ਪਾਸੇ ਲੋਕਾਂ ਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ ਹੈ, ਉਥੇ ਦੂਜੇ ਪਾਸੇ ਪੁਲਸ ਦੀ ਨਾਈਟ ਪੈਟਰੋਲਿੰਗ ਦਾ ਸੱਚ ਵੀ ਸਾਹਮਣੇ ਆਇਆ ਹੈ।

ਪੁਲਸ ਵਲੋਂ ਆਮ ਕਰ ਕੇ ਰਾਤ ਨੂੰ ਸ਼ਹਿਰ ਦੇ ਪ੍ਰਮੁੱਖ ਚੌਕਾਂ ਚ ਨਾਕਾਬੰਦੀ ਕਰ ਕੇ ਆਉਣ-ਜਾਣ ਵਾਲੇ ਹਰ ਸ਼ੱਕੀ ਨੂੰ ਰੋਕ ਕੇ ਚੈਕਿੰਗ ਕੀਤੀ ਜਾਂਦੀ ਹੈ ਪਰ ਚੋਰੀ ਦੀਆਂ ਘਟਨਾਵਾਂ ਪੀ. ਸੀ. ਆਰ. ਮੁਲਾਜ਼ਮਾਂ ਦੇ ਘੱਟ ਗਸ਼ਤ ਕਰਨ ਦਾ ਸਬੂਤ ਹਨ, ਕਿਉਂਕਿ ਜੇਕਰ ਹਰ ਪੀ. ਸੀ. ਆਰ. ਮੋਟਰਸਾਈਕਲ ਤੇ ਤਾਇਨਾਤ ਮੁਲਾਜ਼ਮ ਆਪਣੇ ਇਲਾਕੇ ਵਿਚ ਪੂਰੀ ਰਾਤ ਗਸ਼ਤ ਕਰਨ ਤਾਂ ਚੋਰੀ ਹੋਣਾ ਅਸੰਭਵ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਆਉਣ ਵਾਲੇ ਦਿਨਾਂ ਚ ਪੁਲਸ ਚੋਰੀ ਦੀਆਂ ਵਾਰਦਾਤਾਂ ਨੂੰ ਕੰਟਰੋਲ ਕਰ ਸਕਦੀ ਹੈ ਜਾਂ ਫਿਰ ਲੋਕਾਂ ਨੂੰ ਖੁਦ ਆਪਣੀਆਂ ਦੁਕਾਨਾਂ ਅਤੇ ਘਰਾਂ ਦੀ ਰਾਖੀ ਕਰਨੀ ਪਵੇਗੀ।

ਪਹਿਲੀ ਵਾਰਦਾਤ

ਸੁੰਦਰ ਨਗਰ ਮੇਨ ਰੋਡ ਤੋਂ ਬਸਤੀ ਜੋਧੇਵਾਲ ਵੱਲ ਜਾਂਦੇ ਸਮੇਂ ਬਾਪੂ ਸਕੂਲ ਦੇ ਕੋਲ ਪੰਜਾਬ ਸ਼ੂਜ਼ ਸਟੋਰ ਹੈ। ਮਾਲਕ ਬਲਵਿੰਦਰ ਸਿੰਘ ਨੂੰ ਸਵੇਰ ਸਮੇਂ ਜਾਣਕਾਰੀ ਮਿਲੀ ਕਿ ਦੁਕਾਨ ਦਾ ਸ਼ਟਰ ਅੱਧਾ ਖੁੱਲ੍ਹਾ ਹੈ। ਉਹ ਤੁਰੰਤ ਦੁਕਾਨ ਤੇ ਪੁੱਜਾ ਤਾਂ ਦੇਖਿਆ ਕਿ ਸ਼ਟਰ ਉੱਖਡ਼ਿਆ ਹੋਇਆ ਸੀ। ਦੁਕਾਨ ਦੇ ਅੰਦਰ ਪਿਆ ਸਾਰਾ ਸਾਮਾਨ ਖਿੱਲਰਿਆ ਹੋਇਆ ਹੈ। ਸਾਰ ਸੰਭਾਲ ਕੀਤੀ ਤਾਂ ਗੱਲੇ ਚ ਪਈ 20 ਹਜ਼ਾਰ ਦੀ ਨਕਦੀ ਅਤੇ 8 ਕੀਮਤੀ ਬੂਟਾਂ ਦੇ ਜੋਡ਼ੇ ਗਾਇਬ ਸਨ।

ਦੂਜੀ ਵਾਰਦਾਤ

ਕਮਲੇਸ਼ ਕੁਮਾਰ ਨੇ ਕਿਹਾ ਕਿ ਉਸ ਦਾ ਕੇਅਰ ਮੈਡੀਕਲ ਸਟੋਰ ਹੈ। ਕੋਲ ਹੀ ਉਸ ਦਾ ਦੁਕਾਨ ਮਾਲਕ ਰਹਿੰਦਾ ਹੈ। ਕਰੀਬ 2.30 ਵਜੇ ਦੁਕਾਨ ਮਾਲਕ ਨੇ ਉਸ ਨੂੰ ਮੋਬਾਇਲ ਤੇ ਜਾਣਕਾਰੀ ਦਿੱਤੀ ਕਿ ਦੁਕਾਨ ਖੁੱਲ੍ਹੀ ਹੈ। ਸਾਰ ਸੰਭਾਲ ਕਰਨ ਤੇ ਪਤਾ ਲੱਗਾ ਕਿ ਚੋਰ 6 ਹਜ਼ਾਰ ਦੀ ਨਕਦੀ ਅਤੇ ਦਵਾਈਆਂ ਚੋਰੀ ਕਰ ਕੇ ਲੈ ਗਏ।

ਤੀਜੀ ਵਾਰਦਾਤ

ਬਾਪੂ ਸਕੂਲ ਕੋਲ ਪ੍ਰੇਮ ਰੈਡੀਮੇਡ ਨਾਮੀ ਦੁਕਾਨ ਦੇ ਤਾਲੇ ਤੋਡ਼ ਕੇ ਚੋਰਾਂ ਨੇ 5 ਹਜ਼ਾਰ ਦੀ ਨਕਦੀ ਚੋਰੀ ਕਰ ਲਈ।

ਚੌਥੀ ਤੇ ਪੰਜਵੀਂ ਵਾਰਦਾਤ

ਇਹ ਦੋਵੇਂ ਵਾਰਦਾਤਾਂ ਥਾਣਾ ਡਵੀਜ਼ਨ ਨੰ. 3 ਅਧੀਨ ਆਉਂਦੇ ਇਲਾਕੇ ਵਿਚ ਹੋਈਆਂ। ਚੋਰਾਂ ਨੇ ਗਊਸ਼ਾਲਾ ਰੋਡ ਕੋਲ 2 ਦੁਕਾਨਾਂ ਦੇ ਤਾਲੇ ਤੋਡ਼ ਕੇ ਕਰੀਬ 15 ਹਜ਼ਾਰ ਦੀ ਨਕਦੀ ਚੋਰੀ ਕੀਤੀ ਹੈ।

ਸਫੇਦ ਰੰਗ ਦੀ ਸਵਿਫਟ ਕਾਰ ਚ ਆਏ ਚੋਰ

ਸੱਤਾਂ ਚੋਰੀਆਂ ਚ ਕਈ ਥਾਈਂ ਪੁਲਸ ਦੇ ਹੱਥ ਸੀ. ਸੀ. ਟੀ. ਵੀ. ਫੁਟੇਜ ਲੱਗੀ ਹੈ, ਜਿਸ ਵਿਚ ਸਫੇਦ ਰੰਗ ਦੀ ਸਵਿਫਟ ਕਾਰ ਚ ਚੋਰ ਨਜ਼ਰ ਆ ਰਹੇ ਹਨ। ਸਾਰੀਆਂ ਚੋਰੀਆਂ ਰਾਤ 12 ਤੋਂ ਸਵੇਰ 4 ਵਜੇ ਦਰਮਿਆਨ ਹੋਈਆਂ ਹਨ। ਪੁਲਸ ਨੂੰ ਸ਼ੱਕ ਹੈ ਕਿ ਸਾਰੀਆਂ ਚੋਰੀਆਂ ਇਕ ਹੀ ਸਵਿਫਟ ਕਾਰ ਵਿਚ ਆਏ ਚੋਰਾਂ ਨੇ ਕੀਤੀਆਂ ਹਨ। ਜੇਕਰ ਇਹ ਗੱਲ ਸੱਚ ਹੁੰਦੀ ਹੈ ਤਾਂ ਪੂਰੀ ਰਾਤ ਸ਼ਹਿਰ ਦੀਆਂ ਸਡ਼ਕਾਂ ਤੇ ਕਾਰ ਵਿਚ ਘੁੰਮ ਰਹੇ ਚੋਰਾਂ ਨੂੰ ਪੁਲਸ ਵਲੋਂ ਇਕ ਵਾਰ ਵੀ ਨਾ ਰੋਕਣਾ ਜਾਂਚ ਦਾ ਵਿਸ਼ਾ ਹੈ।

ਛੇਵੀਂ ਵਾਰਦਾਤ

ਚੋਰਾਂ ਨੇ ਅੰਤਿਮ ਵਾਰਦਾਤ ਥਾਣਾ ਕੋਤਵਾਲੀ ਇਲਾਕੇ ਚ ਸੋਮਵਾਰ ਤਡ਼ਕੇ 3 ਵੱਜ ਕੇ 40 ਮਿੰਟ ਤੇ ਲੱਕਡ਼ ਬਾਜ਼ਾਰ ਸਥਿਤ ਟੱਕਰ ਮੈਡੀਕਲ ਸਟੋਰ ਵਿਚ ਕੀਤੀ ਹੈ। ਦੁਕਾਨ ਮਾਲਕ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਸ ਨੂੰ ਚੌਕੀਦਾਰ ਨੇ ਮੋਬਾਇਲ ’ਤੇ ਜਾਣਕਾਰੀ ਦਿੱਤੀ ਕਿ ਦੁਕਾਨ ਦੇ ਤਾਲੇ ਟੁੱਟੇ ਹੋਏ ਹਨ। ਦੁਕਾਨ ਤੇ ਪਹੁੰਚ ਕੇ ਪਤਾ ਲੱਗਾ ਕਿ ਅਣਪਛਾਤੇ ਚੋਰਾਂ ਨੇ ਦੁਕਾਨ ਵਿਚ ਪਈ ਕਰੀਬ 35 ਹਜ਼ਾਰ ਦੀ ਨਕਦੀ ਚੋਰੀ ਕੀਤੀ ਹੈ।

ਚੋਰਾਂ ਦੀ ਨਾਕਾਮ ਕੋਸ਼ਿਸ਼, ਗੁੱਸੇ ਚ ਤੋਡ਼ਿਆ ਕੈਮਰਾ

ਬਸਤੀ ਜੋਧੇਵਾਲ, ਬਾਪੂ ਸਕੂਲ ਦੇ ਕੋਲ ਮਨਜੀਤ ਕਲਾਥ ਸਟੋਰ ਵਿਚ ਚੋਰੀ ਦੀ ਵਾਰਦਾਤ ਨਾਕਾਮ ਸਾਬਤ ਹੋਈ। ਚੋਰਾਂ ਨੇ ਸਟੋਰ ਦੇ ਤਾਲੇ ਤੋਡ਼ੇ ਪਰ ਸ਼ਟਰ ਦੇ ਪਿੱਛੇ ਇਕ ਲੋਹੇ ਦਾ ਮਜ਼ਬੂਤ ਗੇਟ ਹੋਰ ਵੀ ਸੀ, ਜਿਸ ਸਬੰਧੀ ਚੋਰਾਂ ਨੂੰ ਜਾਣਕਾਰੀ ਨਹੀਂ ਸੀ। ਗੇਟ ਦਾ ਸੈਂਟਰ ਲਾਕ ਹੋਣ ਕਾਰਨ ਚੋਰ ਤਾਲੇ ਤੋਡ਼ਨ ਵਿਚ ਨਾਕਾਮ ਰਹੇ। ਵਾਰਦਾਤ ਨਾਕਾਮ ਹੁੰਦੀ ਦੇਖ ਦੇ ਗੁੱਸੇ ਵਿਚ ਆਏ ਚੋਰਾਂ ਨੇ ਸੀ. ਸੀ. ਟੀ. ਵੀ. ਕੈਮਰਾ ਤੋਡ਼ ਦਿੱਤਾ।

ਥਾਣਾ ਦਰੇਸੀ ਮੁਖੀ ਰਜਵੰਤ ਸਿੰਘ ਦਾ ਕਹਿਣਾ ਹੈ ਕਿ ਚੋਰ ਕਾਰ ਵਿਚ ਸਵਾਰ ਹੋ ਕੇ ਆਏ ਹਨ। ਪੁਲਸ ਦੇ ਹੱਥ ਸੀ. ਸੀ. ਟੀ. ਵੀ. ਫੁਟੇਜ ਲੱਗੀ ਹੈ। ਪੁਲਸ ਨੇ ਪੀਡ਼ਤ ਦੁਕਾਨ ਮਾਲਕ ਦੇ ਬਿਆਨ ’ਤੇ ਅਣਪਛਾਤੇ ਚੋਰਾਂ ਖਿਲਾਫ ਕੇਸ ਦਰਜ ਕਰ ਲਿਆ ਹੈ। ਜਲਦ ਹੀ ਚੋਰਾਂ ਨੂੰ ਕਾਬੂ ਕਰ ਲਿਆ ਜਾਵੇਗਾ।


LEAVE A REPLY