ਪੰਜਾਬ ਪੁਲਿਸ ਨੇ ਪਰਮੀਸ਼ ਵਰਮਾ ਤੇ ਹਮਲਾ ਕਰਨ ਵਾਲੇ ਸ਼ਾਰਪ ਸ਼ੂਟਰ ਨੂੰ ਵਿਦੇਸ਼ੀ ਅਸਲੇ ਨਾਲ ਕੀਤਾ ਗ੍ਰਿਫ਼ਤਾਰ


ਪੰਜਾਬ ਪੁਲਿਸ ਨੇ ਅੱਜ ਦਿਲਪ੍ਰੀਤ-ਰਿੰਦਾ ਗੈਂਗ ਦੇ ਸਾਥੀ ਆਕਾਸ਼ ਨੂੰ ਰੂਪਨਗਰ ਤੋਂ ਗ੍ਰਿਫ਼ਤਾਰ ਕਰ ਲਿਆ ਹੈ। ਆਕਾਸ਼ ਪੰਜਾਬੀ ਗਾਇਕ ਪਰਮੀਸ਼ ਵਰਮਾ ਤੇ ਹਮਲਾ ਕਰਨ ‘ਚ ਦਿਲਪ੍ਰੀਤ ਦਾ ਸਾਥੀ ਸੀ। ਤਿੰਨ ਸੂਬਿਆਂ ਦੀ ਪੁਲਿਸ 21 ਸਾਲਾ ਸ਼ਾਰਪ ਸ਼ੂਟਰ ਆਕਾਸ਼ ਦੀ ਭਾਲ ‘ਚ ਸੀ। ਮਹਾਰਾਸ਼ਟਰ ਦੇ ਨਾਂਦੇੜ ਸਾਹਿਬ ਦਾ ਰਹਿਣ ਵਾਲੇ ਆਕਾਸ਼ ‘ਤੇ 5 ਕਤਲ ਤੇ 13 ਡਕੈਤੀ ਦਾ ਮਾਮਲਿਆਂ ਤੋਂ ਇਲਾਵਾ ਲੁੱਟ-ਖੋਹ ਤੇ ਆਰਮਸ ਐਕਟ ਅਧੀਨ ਮਾਮਲੇ ਦਰਜ ਹਨ। ਉਹ ਮਹਾਰਾਸ਼ਟਰ, ਹਰਿਆਣਾ ਤੇ ਪੰਜਾਬ ਪੁਲਿਸ ਨੂੰ ਲੋੜੀਂਦਾ ਸੀ। ਆਕਾਸ਼ 17 ਸਾਲ ਦੀ ਉਮਰ ਤੋਂ ਹੀ ਅਪਰਾਧ ਦੀ ਦੁਨੀਆ ‘ਚ ਸਰਗਰਮ ਹੈ।

ਆਪ੍ਰੇਸ਼ਨ ਦੀ ਅਗਵਾਈ ਕਰਨ ਵਾਲੇ ਰੂਪਨਗਰ ਦੇ ਐਸਐਸਪੀ ਸਵਪਨ ਸ਼ਰਮਾ ਮੁਤਾਬਕ ਪੁਲਿਸ ਫਾਇਰਿੰਗ ਦੌਰਾਨ ਅਕਾਸ਼ ਦੇ ਖੱਬੇ ਮੋਢੇ ‘ਚ ਗੋਲੀ ਲੱਗਣ ਨਾਲ ਉਹ ਜ਼ਖ਼ਮੀ ਹੋ ਗਿਆ। ਇਸ ਦੌਰਾਨ ਉਸ ਤੋਂ ਵਿਦੇਸ਼ੀ ਅਸਲਾ ਵੀ ਬਰਾਮਦ ਕੀਤਾ ਗਿਆ। ਰੂਪਨਗਰ ਦੇ ਪੁਲਿਸ ਕਪਤਾਨ ਨੇ ਦੱਸਿਆ ਕਿ ਆਕਾਸ਼ ਲੰਮੇ ਸਮੇਂ ਤੋਂ ਗੈਂਗਸਟਰ ਦਿਲਪ੍ਰੀਤ ਦਾ ਸਾਥੀ ਸੀ ਤੇ ਪੰਜਾਬੀ ਗਾਇਕ ਪਰਮੀਸ਼ ਵਰਮਾ ਤੇ ਕਾਤਲਾਨਾ ਹਮਲਾ ਕਰਨ ਵੇਲੇ ਵੀ ਉਹ ਦਿਲਪ੍ਰੀਤ ਦੇ ਨਾਲ ਸੀ।

ਆਕਾਸ਼ ਸ਼ੁੱਕਰਵਾਰ ਰਾਤ ਪਿਸਤੌਲ ਦੀ ਨੋਕ ‘ਤੇ ਇੱਕ ਸ਼ਰਧਾਲੂ ਤੋਂ ਫਾਰਚੂਨਰ ਗੱਡੀ ਕੇ ਫਰਾਰ ਹੋ ਗਿਆ ਸੀ, ਜਿਸ ਦੀ ਸੂਚਨਾ ਤੋਂ ਬਾਅਦ ਪੁਲਿਸ ਲਗਾਤਾਰ ਉਸ ਦਾ ਪਿੱਛਾ ਕਰ ਰਹੀ ਸੀ ਤੇ ਆਖਿਰ ਉਸ ਦਾ ਸਾਹਮਣਾ ਪੁਲਿਸ ਨਾਲ ਹੋ ਗਿਆ। ਗ੍ਰਿਫ਼ਤਾਰ ਕੀਤੇ ਗੈਂਗਸਟਰ ਆਕਾਸ਼ ਵਿਰੁੱਧ ਇਲਾਜ ਤੋਂ ਬਾਅਦ ਅਗਲੀ ਕਾਰਵਾਈ ਆਰੰਭੀ ਜਾਵੇਗੀ।


LEAVE A REPLY