ਦਿਵਿਆਂਗ ਵਿਅਕਤੀਆਂ ਲਈ 6 ਮਹੀਨੇ ਦੇ ਮੁਫ਼ਤ ਸਿਖ਼ਲਾਈ ਕੋਰਸਾਂ ਲਈ ਅਰਜੀਆਂ ਦੇਣ ਦੀ ਆਖ਼ਰੀ ਮਿਤੀ 23 ਮਾਰਚ


ਲੁਧਿਆਣਾ – ਭਾਰਤ ਸਰਕਾਰ ਦੇ ਅਦਾਰੇ ਨੈਸ਼ਨਲ ਕਰੀਅਰ ਸਰਵਿਸ ਸੈਂਟਰ ਫਾਰ ਡਿਫਰੈਂਟਲੀ ਏਬਲਡ ਵੱਲੋਂ ਦਿਵਿਆਂਗ ਵਿਅਕਤੀਆਂ ਨੂੰ ਹੁਨਰਮੰਦ ਬਣਾਉਣ ਦੇ ਮੰਤਵ ਨਾਲ ਵਿਸ਼ੇਸ਼ ਸਿਖ਼ਲਾਈ ਕੋਰਸ ਸ਼ੁਰੂ ਕੀਤੇ ਹੋਏ ਹਨ, ਜਿਨਾਂ ਲਈ ਅਪਲਾਈ ਕਰਨ ਦੀ ਆਖ਼ਰੀ ਮਿਤੀ 23 ਮਾਰਚ, 2018 ਹੈ।  ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਹਾਇਕ ਡਾਇਰੈਕਟਰ (ਪੁਰਨਵਾਸ) ਸ੍ਰੀ ਪੰਕਜ ਜੈਨ ਨੇ ਦੱਸਿਆ ਕਿ ਸਥਾਨਕ ਗਿੱਲ ਸੜਕ ‘ਤੇ ਚੱਲ ਰਹੇ ਇਸ ਸੈਂਟਰ ਵੱਲੋਂ ਦਿਵਿਆਂਗ ਵਿਅਕਤੀਆਂ ਨੂੰ ਨੌਕਰੀ ਦੇ ਕਾਬਿਲ ਬਣਾਉਣ ਦੇ ਨਾਲ-ਨਾਲ ਪੁਨਰਵਾਸ ਦੇ ਉਪਰਾਲੇ ਕੀਤੇ ਜਾਂਦੇ ਹਨ। ਇਹ ਛੇ ਮਹੀਨੇ ਦੇ ਕੋਰਸ ਅਕਾਦਮਿਕ ਸਾਲ 2018-19 ਲਈ ਸ਼ੁਰੂ ਕੀਤੇ ਜਾ ਰਹੇ ਹਨ, ਜਿਨਾਂ ਵਿੱਚ ਵਿਦਿਆਰਥੀਆਂ ਨੂੰ ਵਪਾਰਕ, ਮੈਟਲ, ਹੌਜਰੀ, ਕਟਿੰਗ ਅਤੇ ਟੇਲਰਿੰਗ, ਰੇਡੀਓ ਤੇ ਟੈਲੀਵਿਜ਼ਨ ਆਦਿ ਟਰੇਡਾਂ ਨਾਲ ਸੰਬੰਧਤ ਸਿਖ਼ਲਾਈ ਕਰਵਾਈ ਜਾਵੇਗੀ। ਲੜਕਿਆਂ ਨੂੰ ਕੋਰਸ ਦੌਰਾਨ ਰਹਿਣ ਅਤੇ ਵਜੀਫ਼ੇ ਦੀ ਸਹੂਲਤ ਵੀ ਦਿੱਤੀ ਜਾਵੇਗੀ।  ਉਨਾਂ ਦੱਸਿਆ ਕਿ ਇਨਾਂ ਕੋਰਸਾਂ ਨੂੰ ਕਰਨ ਦੇ ਇਛੁੱਕ ਵਿਅਕਤੀ ਦਾਖ਼ਲੇ ਲਈ ਸੈਂਟਰ ਨਾਲ ਸੰਪਰਕ ਕਰ ਸਕਦੇ ਹਨ। ਦਾਖ਼ਲੇ ਲਈ ਸਿਰਫ਼ ਲਿਖ਼ਤੀ ਅਰਜੀ ਹੀ ਦੇਣੀ ਪਵੇਗੀ। ਜੇਕਰ ਕੋਈ ਸੰਸਥਾ (ਜੋ ਕਿ ਅਜਿਹੇ ਵਿਅਕਤੀਆਂ ਲਈ ਵਿਸ਼ੇਸ਼ ਕੰਮ ਕਰਦੀ ਹੋਵੇ) ਜਿਆਦਾ ਗਿਣਤੀ ਵਿੱਚ ਵਿਦਿਆਰਥੀਆਂ ਨੂੰ ਇਹ ਕੋਰਸ ਕਰਵਾਉਣਾ ਚਾਹੁੰਦੀ ਹੈ ਤਾਂ ਉਹ ਵੀ ਇਸ ਲਈ ਅਪਲਾਈ ਕਰ ਸਕਦੇ ਹਨ। ਇਹ ਕੋਰਸ ਬਿਲਕੁਲ ਮੁਫ਼ਤ ਕਰਵਾਏ ਜਾਣਗੇ।  ਉਨਾਂ ਕਿਹਾ ਕਿ ਇਨਾਂ ਕੋਰਸਾਂ ਨਾਲ ਦਿਵਿਆਂਗ ਵਿਅਕਤੀਆਂ ਨੂੰ ਸਮਾਜ ਦੇ ਹਰ ਖੇਤਰ ਵਿੱਚ ਬਰਾਬਰਤਾ ਅਤੇ ਮਹੱਤਵ ਦਿਵਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਉਨਾਂ ਅੱਗੇ ਦੱਸਿਆ ਕਿ ਇਛੁੱਕ ਵਿਅਕਤੀ ਜਾਂ ਸੰਸਥਾਵਾਂ ਗਿੱਲ ਸੜਕ ਸਥਿਤ ਅਡਵਾਂਸ ਟਰੇਨਿੰਗ ਇੰਸਟੀਚਿਊਟ (ਏ. ਟੀ. ਆਈ.) ਵਿਖੇ 23 ਮਾਰਚ, 2018 ਤੋਂ ਪਹਿਲਾਂ-ਪਹਿਲਾਂ ਅਪਲਾਈ ਕਰ ਸਕਦੇ ਹਨ।

  • 45
    Shares

LEAVE A REPLY