ਸਪੈਸ਼ਲ ਟਾਸਕ ਫੋਰਸ ਵੱਲੋਂ ਸੂਬੇ ਵਿੱਚ ਸ਼ੁਰੂ ਕੀਤਾ ਜਾਵੇਗਾ ਬਡੀ ਪ੍ਰੋਜੈਕਟ -ਪ੍ਰਮੋਦ ਬਾਨ


ਲੁਧਿਆਣਾ -ਪੰਜਾਬ ਪੁਲਿਸ ਦੀ ਸਪੈਸ਼ਲ ਟਾਸਕ ਫੋਰਸ ਦੇ ਆਈ. ਜੀ. ਸ੍ਰੀ ਪ੍ਰਮੋਦ ਬਾਨ ਨੇ ਦੱਸਿਆ ਕਿ ਪੰਜਾਬ ਦੇ ਵਿਦਿਆਰਥੀ ਵਰਗ ਨੂੰ ਨਸ਼ਿਆਂ ਦੇ ਭੈੜੇ ਪ੍ਰਭਾਵਾਂ ਬਾਰੇ ਜਾਗਰੂਕ ਕਰਨ ਲਈ ਐੱਸ. ਟੀ. ਐੱਫ਼. ਵੱਲੋਂ ਜਲਦ ਹੀ ‘ਬਡੀ ਪ੍ਰੋਜੈਕਟ’ ਸ਼ੁਰੂ ਕੀਤਾ ਜਾ ਰਿਹਾ ਹੈ। ਇਸ ਪ੍ਰੋਜੈਕਟ ਤਹਿਤ ਸੂਬੇ ਦੇ ਹਰੇਕ ਸਰਕਾਰੀ ਅਤੇ ਗੈਰ ਸਰਕਾਰੀ ਸਕੂਲ, ਕਾਲਜ ਅਤੇ ਵਿਦਿਅਕ ਅਦਾਰੇ ਨੂੰ ਕਵਰ ਕੀਤਾ ਜਾਵੇਗਾ। ਪਹਿਲਾਂ ਹੀ ਚੱਲ ਰਹੇ ਡੈਪੋ ਪ੍ਰੋਗਰਾਮ ਦੀ ਹੁਣ ਤੱਕ ਦੀ ਪ੍ਰਗਤੀ ਦਾ ਜਾਇਜ਼ਾ ਲੈਣ ਲਈ ਉਨਾਂ ਪੰਜ ਜ਼ਿਲਿਆਂ ਲੁਧਿਆਣਾ, ਜਲੰਧਰ, ਕਪੂਰਥਲਾ, ਹੁਸ਼ਿਆਰਪੁਰ ਅਤੇ ਸ਼ਹੀਦ ਭਗਤ ਸਿੰਘ ਨਗਰ ਦੇ ਐੱਸ. ਡੀ. ਐੱਮਜ਼ ਅਤੇ ਪੁਲਿਸ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਸ੍ਰੀ ਬਾਨ ਨੇ ਦੱਸਿਆ ਕਿ ਇਸ ਬਡੀ ਪ੍ਰੋਜੈਕਟ ਵਿੱਚ ਸਾਰੇ ਪ੍ਰਿੰਸੀਪਲ, ਅਧਿਆਪਕ, ਵਿਦਿਆਰਥੀ ਅਤੇ ਉਨਾਂ ਦੇ ਮਾਪੇ ਸ਼ਾਮਿਲ ਕੀਤੇ ਜਾਣਗੇ। ਇਸ ਪ੍ਰੋਜੈਕਟ ਦਾ ਮਕਸਦ ਹੈ ਕਿ ਆਪਸੀ ਸਮਝ ਨਾਲ ਵਿਦਿਅਕ ਅਦਾਰਿਆਂ ਵਿੱਚ ਸਿਹਤਮੰਦ ਅਤੇ ਉਸਾਰੂ ਮਾਹੌਲ ਦੀ ਸਿਰਜਣਾ ਕਰਨਾ ਹੈ। ਉਨਾਂ ਕਿਹਾ ਕਿ ਇਸ ਪ੍ਰੋਜੈਕਟ ਨੂੰ ਕਲਾਸ ਦੇ ਅਧਿਆਪਕ ਵੱਲੋਂ ਚਲਾਇਆ ਜਾਵੇਗਾ, ਜਦਕਿ ਸੰਸਥਾ ਦਾ ਪ੍ਰਿੰਸੀਪਲ ਅਤੇ ਜ਼ਿਲਾ ਸਿੱਖਿਆ ਅਫ਼ਸਰ ਇਸ ਦੀ ਨਿਗਰਾਨੀ ਕਰਨਗੇ। ਇਸ ਮੌਕੇ ਸ੍ਰੀ ਬਾਨ ਦੇ ਨਾਲ ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ, ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰ. ਇਕਬਾਲ ਸਿੰਘ ਸੰਧੂ ਅਤੇ ਹੋਰ ਵੀ ਹਾਜ਼ਰ ਸਨ।

ਉਨਾਂ ਕਿਹਾ ਕਿ ਅਧਿਆਪਕਾਂ ਨੂੰ ਉਨਾਂ ਦੀ ਡਿਊਟੀ ਬਾਰੇ ਵਿਸ਼ੇਸ਼ ਟੀਮ ਵੱਲੋਂ ਸਿਖ਼ਲਾਈ ਦਿੱਤੀ ਜਾਵੇਗੀ। ਜਿਸ ਵਿੱਚ ਐੱਸ. ਟੀ. ਐੱਫ਼., ਮਨੋਰੋਗੀ, ਪੰਜਾਬੀ ਯੂਨੀਵਰਸਿਟੀ ਪਟਿਆਲਾ ਅਤੇ ਸਿੱਖਿਆ ਵਿਭਾਗ ਦੇ ਨੁਮਾਇੰਦੇ ਸ਼ਾਮਿਲ ਹੋਣਗੇ। ਸ੍ਰੀ ਬਾਨ ਨੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਵਿੱਚੋਂ ਨਸ਼ੇ ਦੀ ਬੁਰਾਈ ਨੂੰ ਵਿਸ਼ੇਸ਼ ਰਣਨੀਤੀ ਤਹਿਤ ਖ਼ਤਮ ਕਰਨ ਲਈ ਦ੍ਰਿੜ ਯਤਨਸ਼ੀਲ ਹੈ। ਉਨਾਂ ਕਿਹਾ ਕਿ ਨਸ਼ੇ ਦੇ ਆਦੀ ਲੋਕਾਂ ਨੂੰ ਮੁੱਖ ਧਾਰਾ ਵਿੱਚ ਲਿਆਉਣ ਦੇ ਨਾਲ-ਨਾਲ ਨੌਜਵਾਨਾਂ ਨੂੰ ਨਸ਼ੇ ਦੇ ਪ੍ਰਭਾਵ ਵਿੱਚ ਨਾ ਆਉਣ ਦੇਣ ਦੀ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਅੱਜ ਦੀ ਇਸ ਮੀਟਿੰਗ ਦੌਰਾਨ ਸਾਰੇ ਐੱਸ. ਡੀ. ਐੱਮਜ਼ ਨੇ ਆਪਣੇ-ਆਪਣੇ ਅਧਿਕਾਰ ਖੇਤਰ ਵਿੱਚ ਡੈਪੋ ਪ੍ਰੋਗਰਾਮ ਅਧੀਨ ਕੀਤੀਆਂ ਗਤੀਵਿਧੀਆਂ ਦਾ ਵੇਰਵਾ ਪੇਸ਼ ਕੀਤਾ। ਸਾਰੇ ਅਧਿਕਾਰੀਆਂ ਨੇ ਭਰੋਸਾ ਦਿੱਤਾ ਕਿ ਇਸ ਪ੍ਰੋਗਰਾਮ ਨੂੰ ਲੋਕਾਂ ਵੱਲੋਂ ਸਹਿਯੋਗ ਮਿਲ ਰਿਹਾ ਹੈ ਅਤੇ ਇਸਨੂੰ ਪੂਰੀ ਤਰ•ਾਂ ਸਫ਼ਲ ਕਰਨ ਲਈ ਉਹ ਯਤਨਸ਼ੀਲ ਰਹਿਣਗੇ। ਇਸ ਮੌਕੇ ਪੁਲਿਸ ਵਿਭਾਗ ਦੇ ਸੀਨੀਅਰ ਅਧਿਕਾਰੀ ਵੀ ਹਾਜ਼ਰ ਸਨ।


LEAVE A REPLY