ਅਕਾਲੀ ਲੀਡਰਾਂ ਨੇ ਰਾਜੀਵ ਗਾਂਧੀ ਦੇ ਬੁੱਤ ਤੇ ਮਲੀ ਕਾਲਖ਼, ਕਾਂਗਰਸੀਆਂ ਨੇ ਦੁੱਧ ਨਾਲ ਕੀਤੀ ਸਫ਼ਾਈ


ਲੁਧਿਆਣਾ ਸ਼ਹਿਰ ਦੇ ਸਲੇਮ ਟਾਬਰੀ ਇਲਾਕੇ ਵਿੱਚ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਬੁੱਤ ‘ਤੇ ਕਾਲਖ਼ ਮਲ਼ ਦਿੱਤੀ ਤੇ ਹੱਥਾਂ ਨੂੰ ਲਾਲ ਰੰਗ ਵਿੱਚ ਰੰਗ ਦਿੱਤਾ। ਕੁਝ ਸਮੇਂ ਬਾਅਦ ਕਾਂਗਰਸੀ ਲੀਡਰ ਨੇ ਗਾਂਧੀ ਦੇ ਬੁੱਤ ਨੂੰ ਦੁੱਧ ਨਾਲ ਧੋ ਕੇ ਸਾਫ਼ ਵੀ ਕੀਤਾ। ਸੱਜਣ ਕੁਮਾਰ ਨੂੰ 1984 ਸਿੱਖ ਕਤਲੇਆਮ ਦੇ ਦੋਸ਼ ਵਿੱਚ ਤਾ-ਉਮਰ ਕੈਦ ਤੋਂ ਬਾਅਦ ਅਕਾਲੀ ਲਗਾਤਾਰ ਰਾਜੀਵ ਗਾਂਧੀ ਤੋਂ ਭਾਰਤ ਰਤਨ ਲੈਣ ਦੀ ਮੰਗ ਕਰ ਰਹੇ ਹਨ, ਜਦਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਗਾਂਧੀ ਪਰਿਵਾਰ ਦਾ ਬਚਾਅ ਕਰਦੇ ਆਏ ਹਨ।

ਮੰਗਲਵਾਰ ਸਵੇਰੇ ਦੋ ਅਕਾਲੀ ਲੀਡਰਾਂ ਵੱਲੋਂ ਰਾਜੀਵ ਗਾਂਧੀ ਦੇ ਬੁੱਤ ‘ਤੇ ਕਾਲਖ਼ ਮਲ਼ਣ ਪਿੱਛੇ ਗਾਂਧੀ ਦੇ 1984 ਸਿੱਖ ਕਤਲੇਆਮ ਵਿੱਚ ਸ਼ਾਮਲ ਹੋਣ ਨੂੰ ਕਾਰਨ ਦੱਸਿਆ। ਯੂਥ ਅਕਾਲੀ ਦਲ ਦੇ ਸੀਨੀਅਰ ਲੀਡਰ ਗੁਰਦੀਪ ਸਿੰਘ ਗੋਸ਼ਾ ਤੇ ਮੀਤਪਾਲ ਸਿੰਘ ਦੁੱਗਰੀ ਨੇ ਮੰਗਲਵਾਰ ਸਵੇਰੇ ਰਾਜੀਵ ਗਾਂਧੀ ਦੇ ਬੁੱਤ ਨੂੰ ਕਾਲੇ-ਲਾਲ ਰੰਗ ਵਿੱਚ ਰੰਗਣ ਤੋਂ ਬਾਅਦ ਕਿਹਾ ਕਿ ਰਾਜੀਵ ਗਾਂਧੀ ਹੀ 1984 ‘ਚ ਸਿੱਖਾਂ ਦੇ ਕਤਲਾਂ ਦਾ ਮਾਸਟਰਮਾਈਂਡ ਹੈ। ਦੋਵਾਂ ਲੀਡਰਾਂ ਨੇ ਕਿਹਾ ਕਿ ਉਨ੍ਹਾਂ ਨੂੰ ਆਪਣੇ ਕੀਤੇ ਦਾ ਕੋਈ ਪਛਤਾਵਾ ਨਹੀਂ ਤੇ ਨਾ ਹੀ ਕਾਂਗਰਸ ਦੇ ਸੱਤਾ ਵਿੱਚ ਹੋਣ ਦੇ ਬਾਵਜੂਦ ਕਾਨੂੰਨ ਤੋਂ ਡਰਦੇ ਹਨ।

Congress Leaders in Ludhiana

ਅਕਾਲੀ ਲੀਡਰਾਂ ਵੱਲੋਂ ਕੀਤੀ ਕਾਰਵਾਈ ਤੋਂ ਬਾਅਦ ਕਾਂਗਰਸੀ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਤੇ ਸਥਾਨਕ ਲੀਡਰ ਗੁਰਸਿਮਰਨ ਸਿੰਘ ਮੰਡ ਨੇ ਗਾਂਧੀ ਦੇ ਬੁੱਤ ਨੂੰ ਦੁੱਧ ਨਾਲ ਸਾਫ ਕੀਤਾ। ਲੁਧਿਆਣਾ ਜ਼ਿਲ੍ਹੇ ਦੇ ਕਾਂਗਰਸ ਪ੍ਰਧਾਨ ਗੁਰਪ੍ਰੀਤ ਸਿੰਘ ਗੋਗੀ ਨੇ ਕਿਹਾ ਕਿ ਅਜਿਹਾ ਕਰਨ ਵਾਲੇ ਦੋਸ਼ੀਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਉਨ੍ਹਾਂ ਦੱਸਿਆ ਕਿ ਪੁਲਿਸ ਕੋਲ ਇਸ ਮਾਮਲੇ ਦੀ ਸ਼ਿਕਾਇਤ ਦਰਜ ਕਰਵਾ ਦਿੱਤੀ ਗਈ ਹੈ। ਬਿੱਟੂ ਨੇ ਵੀ ਅਕਾਲੀਆਂ ਵੱਲੋਂ ਕੀਤੀ ਇਸ ਹਰਕਤ ‘ਤੇ ਸਖ਼ਤ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਹੁਣ ਅਕਾਲੀ ਦਲ ਕੋਲ ਮੁੱਦੇ ਮੁੱਕ ਗਏ ਹਨ ਤੇ ਉਹ ਹੋਛੀ ਸਿਆਸਤ ‘ਤੇ ਉੱਤਰ ਆਇਆ ਹੈ।


LEAVE A REPLY