ਲੁਧਿਆਣਾ ਪ੍ਰਸ਼ਾਸਨ ਦੇ ਖਿਲਾਫ ਮੈਡੀਕਲ ਸਟੋਰਾਂ ਦੇ ਮਾਲਕਾਂ ਵਲੋਂ ਅਣਮਿਥੇ ਸਮੇਂ ਲਈ ਹੜਤਾਲ ਤੇ ਜਾਣ ਦਾ ਕੀਤਾ ਗਿਆ ਐਲਾਨ


ਲੁਧਿਆਣਾ – ਪੰਜਾਬ ਸਰਕਾਰ ਵਲੋਂ ਸੂਬੇ ‘ਚ ਨਸ਼ੇ ਵਿਰੁੱਧ ਵਿਢੀ ਮੁਹਿੰਮ ਨੂੰ ਸਫਲ ਬਣਾਉਣ ਲਈ ਪ੍ਰਸ਼ਾਸਨ ਪੂਰੀ ਤਰ੍ਹਾਂ ਪੱਬਾ ਭਾਰ ਹੈ | ਇਸ ਤਹਿਤ ਸਿਹਤ ਵਿਭਾਗ ਵਲੋਂ ਟੀਮਾਂ ਬਣਾ ਕੇ ਨਿਤ ਦਿਨ ਮੈਡੀਕਲ ਸਟੋਰਾਂ ਉੱਪਰ ਛਾਪੇਮਾਰੀ ਕੀਤੀ ਜਾ ਰਹੀ ਹੈ | ਇਸੇ ਤਹਿਤ ਪਿਛਲੇ ਦਿਨੀਂ ਸਰਿੰਜਾਂ ਦੀ ਵਿਕਰੀ ਸੰਬੰਧੀ ਕੱਢੇ ਗਏ ਨਵੇਂ ਨਿਯਮਾਂ ਤੋਂ ਆਮ ਲੋਕਾਂ ਨੂੰ ਕਾਫ਼ੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਸੀ, ਜਿਸ ਕਾਰਨ ਪ੍ਰਸ਼ਾਸਨ ਵਲੋਂ ਉਸ ਪਾਬੰਧੀ ਨੂੰ ਵਾਪਸ ਲੈ ਲਿਆ ਗਿਆ ਸੀ | ਪਰ ਪੁਲਿਸ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਵਲੋਂ ਰੋਜ਼ਾਨਾ ਮੈਡੀਕਲ ਸਟੋਰਾਂ ਉਪਰ ਕੀਤੀ ਜਾ ਰਹੀ ਛਾਪੇਮਾਰੀ ਤੇ ਅਚਨਚੇਤ ਚੈਕਿੰਗ ਤੋਂ ਤੰਗ ਪ੍ਰੇਸ਼ਾਨ ਮੈਡੀਕਲ ਸਟੋਰਾਂ ਵੱਲੋਂ ਅੱਜ ਰੋਸ ਵਜੋਂ ਲੁਧਿਆਣਾ ਦੇ ਸਮੂਹ ਮੈਡੀਕਲ ਸਟੋਰ ਮਾਲਕਾਂ ਨੇ ਹੜਤਾਲ ‘ਤੇ ਜਾਣ ਦਾ ਐਲਾਨ ਕਰ ਦਿੱਤਾ, ਜਿਸ ਕਾਰਨ ਸ਼ਹਿਰ ਦੇ ਲਗਪਗ ਸਾਰੇ ਮੈਡੀਕਲ ਸਟੋਰ ਬੰਦ ਕਰ ਦਿੱਤੇ ਗਏ | ਮਿਲੀ ਜਾਣਕਾਰੀ ਮੁਤਾਬਿਕ ਪ੍ਰਸ਼ਾਸਨ ਵਲੋਂ ਭਰੋਸਾ ਮਿਲਣ ਦੇ ਬਾਵਜੂਦ ਅੱਜ ਸ਼ਹਿਰ ਦੇ ਕਈ ਇਲਾਕਿਆਂ ‘ਚ ਸਥਿਤ ਮੈਡੀਕਲ ਸਟੋਰਾਂ ‘ਤੇ ਛਾਪੇਮਾਰੀ ਕੀਤੀ ਗਈ, ਜਿਸ ਦੇ ਰੋਸ ਵਜੋ ਕੈਮਿਸਟ ਜਥੇਬੰਦੀ ਦੇ ਆਗੂਆਂ ਨੇ ਮੈਡੀਕਲ ਸਟੋਰਾਂ ਨੂੰ ਬੰਦ ਕਰਕੇ ਅਣਮਿਥੇ ਸਮੇਂ ਲਈ ਹੜਤਾਲ ‘ਤੇ ਜਾਣ ਦਾ ਐਲਾਨ ਕਰ ਦਿੱਤਾ ਰਿਟੇਲ ਕੈਮਿਸਟ ਐਸੋਸੀਏਸ਼ਨ ਦੇ ਪ੍ਰਧਾਨ ਅਸ਼ੋਕ ਪੁਰੀ, ਜਨਰਲ ਸਕੱਤਰ ਰਾਕੇਸ਼ ਕਾਲੜਾ ਤੇ ਨਰਪਿੰਦਰ ਸਿੰਘ ਨੇ ਦੱਸਿਆ ਕਿ ਪ੍ਰਸ਼ਾਸਨ ਵਲੋਂ ਰਿਟੇਲ ਕੈਮਿਸਟਾਂਨੂੰ ਨਾਜਾਇਜ਼ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ |

ਜਦੋਂ ਤੱਕ ਪ੍ਰਸ਼ਾਸਨ ਸਾਨੂੰ ਭਰੋਸਾ ਨਹੀਂ ਦਿੰਦਾ ਤਦ ਤੱਕ ਸਾਰੇ ਸ਼ਹਿਰ ਦੀਆਂ ਰਿਟੇਲ ਕੈਮਿਸਟ ਦੁਕਾਨਾਂ ਬੰਦ ਰਹਿਣਗੀਆਂ | ਰੋਸ ਵਜੋ ਕੈਮਿਸਟਾਂ ਨੇ ਮਾਡਲ ਟਾਊਨ ਵਿਖੇ ਰੋਸ ਰੈਲੀ ਵੀ ਕੱਢੀ ਅਤੇ ਰੋਸ ਪ੍ਰਦਰਸ਼ਨ ਕਰਦਿਆ ਕਿਹਾ ਕਿ ਅਸੀਂ ਵੀ ਸੂਬੇ ‘ਚ ਫੈਲੇ ਨਸ਼ੇ ਦੇ ਖਿਲਾਫ਼ ਹਾਂ ਅਤੇ ਇਸ ਦੇ ਖਾਤਮੇ ਲਈ ਚਿੱਟੇ ਜਾਂ ਹੋਰ ਨਸ਼ੀਲੇ ਪਦਾਰਥਾਂ ਦੀ ਵਿਕਰੀ ‘ਤੇ ਪਾਬੰਦੀ ਲਗਾਈ ਜਾਵੇ, ਨਾ ਕਿ ਦਵਾਈਆਂ ਦੀਆਂ ਦੁਕਾਨਾਂ ਵਾਲਿਆਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾਵੇ | ਇਸ ਸਬੰਧੀ ਗੱਲਬਾਤ ਕਰਦਿਆਂ ਕੈਮਿਸਟ ਜਥੇਬੰਦੀ ਦੇ ਪ੍ਰਧਾਨ ਜੀ. ਐਸ. ਚਾਵਲਾ ਨੇ ਦੱਸਿਆ ਕਿ ਬੀਤੇ ਲੰਮੇ ਸਮੇਂ ਤੋਂ ਸਿਹਤ ਵਿਭਾਗ ਸਾਡੀਆਂ ਦੁਕਾਨਾਂ ਦੀ ਅਚਨਚੇਤ ਚੈਕਿੰਗ ਕਰਕੇ ਸਾਨੂੰ ਪ੍ਰੇਸ਼ਾਨ ਕਰ ਰਿਹਾ ਹੈ | ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਕਰਨ ਨਾਲ ਇਕ ਤਾਂ ਗਾਹਕਾਂ ਅੰਦਰ ਡਰ ਤੇ ਸਹਿਮ ਪੈਦਾ ਹੁੰਦਾ ਹੈ ਦੂਜਾ ਕਾਰੋਬਾਰ ਵੀ ਪ੍ਰਭਾਵਿਤ ਹੁੰਦਾ ਹੈ | ਪ੍ਰਸ਼ਾਸਨ ਦੀ ਇਸ ਧੱਕੇਸ਼ਾਹੀ ਿਖ਼ਲਾਫ਼ ਮੈਡੀਕਲ ਸਟੋਰਾਂ ਵਲੋਂ ਅਣਮਿਥੇ ਸਮੇਂ ਲਈ ਹੜਤਾਲ ‘ਤੇ ਜਾਣ ਦਾ ਫੈਸਲਾ ਲਿਆ ਹੈ | ਰੋਸ ਪ੍ਰਦਰਸ਼ਨ ਦੌਰਾਨ ਅਮਰਜੀਤ ਸਿੰਘ, ਚਰਨਜੀਤ ਸਿੰਘ, ਦਲਜੀਤ ਮਠਾੜੂ, ਅਮਨ ਆਹੁਜਾ, ਰਮਨ ਸ਼ਰਮਾ, ਰਾਜਕੁਮਾਰ ਆਦਿ ਵੀ ਹਾਜ਼ਰ ਸਨ |


LEAVE A REPLY