ਲੋਕ ਸਭਾ ਮੈਂਬਰ ਅਤੇ ਮੇਅਰ ਨੇ ਨੁਕਸਾਨੇ ਗਿੱਲ ਫਲਾਈਓਵਰ ਦਾ ਅਚਾਨਕ ਲਿਆ ਜਾਇਜ਼ਾ, ਫਲਾਈਓਵਰ ਦਾ ਕੰਮ 15 ਦਿਨ ਵਿੱਚ ਮੁਕੰਮਲ ਕਰਨ ਦੀ ਹਦਾਇਤ


ਲੁਧਿਆਣਾ – ਲੋਕ ਸਭਾ ਮੈਂਬਰ ਸ੍ਰ. ਰਵਨੀਤ ਸਿੰਘ ਬਿੱਟੂ ਨੇ ਨਗਰ ਨਿਗਮ ਲੁਧਿਆਣਾ ਦੇ ਮੇਅਰ ਸ੍ਰ. ਬਲਕਾਰ ਸਿੰਘ ਸੰਧੂ ਅਤੇ ਹੋਰ ਸੰਬੰਧਤ ਅਧਿਕਾਰੀਆਂ ਨੂੰ ਨਾਲ ਲੈ ਕੇ ਬੀਤੀ ਰਾਤ ਸਥਾਨਕ ਗਿੱਲ ਚੌਕ ਸਥਿਤ ਫਲਾਈਓਵਰ ਦੇ ਉਸ ਹਿੱਸੇ ਦਾ ਜਾਇਜ਼ਾ ਲਿਆ, ਜਿਸ ਹਿੱਸੇ ਦੀ ਇੱਕ ਕੰਧ (ਰੀਟੇਨਿੰਗ ਵਾਲ) ਟੁੱਟ ਗਈ ਸੀ ਅਤੇ ਹੁਣ ਉਸਦੀ ਮੁਰੰਮਤ ਚੱਲ ਰਹੀ ਹੈ। ਸ੍ਰ. ਬਿੱਟੂ ਨੇ ਮੁਰੰਮਤ ਕਰ ਰਹੀ ਕੰਪਨੀ ਦੇ ਨੁਮਾਇੰਦਿਆਂ ਅਤੇ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਇਹ ਕੰਮ 15 ਦਿਨਾਂ ਦੇ ਅੰਦਰ-ਅੰਦਰ ਮੁਕੰਮਲ ਕੀਤਾ ਜਾਵੇ ਤਾਂ ਜੋ ਲੋਕਾਂ ਨੂੰ ਅਸੁਵਿਧਾ ਕਾਰਨ ਹੋਰ ਖੱਜਲ ਖੁਆਰ ਨਾ ਹੋਣਾ ਪਵੇ।

ਬੀਤੀ ਰਾਤ ਇਸ ਪੁੱਲ ਦੇ ਮੁਰੰਮਤ ਕਾਰਜ ਦਾ ਅਚਨਚੇਤ ਨਿਰੀਖਣ ਕਰਨ ਪੁੱਜੇ ਸ੍ਰ. ਬਿੱਟੂ ਨੇ ਮੌਕੇ ‘ਤੇ ਪਹੁੰਚ ਕੇ ਅਧਿਕਾਰੀਆਂ ਅਤੇ ਕੰਪਨੀ ਦੇ ਨੁਮਾਇੰਦਿਆਂ ਨੂੰ ਬੁਲਾਇਆ। ਉਨਾਂ ਕਿਹਾ ਕਿ ਉਨਾਂ ਦੇ ਅਚਾਨਕ ਆਉਣ ਪਿੱਛੇ ਕਾਰਨ ਸੀ ਕਿ ਉਹ ਦੇਖਣਾ ਚਾਹੁੰਦੇ ਸਨ ਕਿ ਕੀ ਕੰਪਨੀ ਦੇ ਕਾਮੇ ਇਸ ਕੰਮ ਨੂੰ ਪ੍ਰਮੁੱਖਤਾ ਨਾਲ ਦਿਨ ਰਾਤ ਲਗਾ ਕੇ ਕਰ ਰਹੇ ਹਨ ਜਾਂ ਨਹੀਂ। ਉਹ ਇਹ ਵੀ ਦੇਖਣਾ ਚਾਹੁੰਦੇ ਸਨ ਕਿ ਇਸ ਅਸੁਵਿਧਾ ਨਾਲ ਲੋਕਾਂ ਨੂੰ ਅਸਲ ਵਿੱਚ ਕਿੰਨੀ ਕੁ ਪ੍ਰੇਸ਼ਾਨੀ ਹੋ ਰਹੀ ਹੈ।

ਸ੍ਰ. ਬਿੱਟੂ ਨੇ ਪਿਛਲੀ ਸ਼੍ਰੋਮਣੀ ਅਕਾਲੀ ਦਲ-ਭਾਜਪਾ ਗਠਜੋੜ ਸਰਕਾਰ ਦੀ ਮਾੜੀ ਕਾਰਗੁਜ਼ਾਰੀ ‘ਤੇ ਵੀ ਸਵਾਲੀਆ ਨਿਸ਼ਾਨ ਲਗਾਉਂਦਿਆਂ ਕਿਹਾ ਕਿ ਜੇਕਰ ਸਰਕਾਰ ਨੇ ਸਹੀ ਨੀਅਤ ਅਤੇ ਦੇਖ-ਰੇਖ ਵਿੱਚ ਵਿਕਾਸ ਪ੍ਰੋਜੈਕਟ ਨੇਪਰੇ ਚੜਾਏ ਹੁੰਦੇ ਤਾਂ ਅਜਿਹੇ ਨੁਕਸਾਨ ਨਹੀਂ ਹੋਣੇ ਸਨ। ਉਨਾਂ ਕਿਹਾ ਕਿ ਇਸ ਨੁਕਸਾਨ ਲਈ ਜੋ ਵੀ ਅਧਿਕਾਰੀ ਜਾਂ ਧਿਰ ਦੋਸ਼ੀ ਪਾਈ ਜਾਵੇਗੀ, ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।

  • 719
    Shares

LEAVE A REPLY