ਲੁਧਿਆਣਾ ਨਗਰ ਨਿਗਮ ਚੋਣ ਹਾਰਨ ਤੋਂ ਬਾਅਦ ਵੀ ਸੁਖਬੀਰ ਦੀ ਕਾਂਗਰਸ ਨੂੰ ਵੰਗਾਰ


ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਕਾਂਗਰਸ ਨੂੰ ਆ ਰਹੀਆਂ ਲੋਕ ਸਭਾ ਚੋਣਾਂ ਵਿਚ ਆਪਣੀ ਮਕਬੂਲੀਅਤ ਪਰਖਣ ਲਈ ਤਿਆਰ ਹੋ ਜਾਣਾ ਚਾਹੀਦਾ ਹੈ, ਕਿਉਂਕਿ ਪੰਜਾਬੀਆਂ ਨੇ ਇਸ ਪਾਰਟੀ ਵੱਲੋਂ ਲੁਧਿਆਣਾ ਨਗਰ ਨਿਗਮ ਦੀ ਚੋਣ ਸਮੇਤ ਸਥਾਨਕ ਇਕਾਈਆਂ ਦੀਆਂ ਚੋਣਾਂ ਦੌਰਾਨ ਕੀਤੀਆਂ ਧਾਂਦਲੀਆਂ ਵਾਸਤੇ ਇਸ ਨੂੰ ਸਬਕ ਸਿਖਾਉਣ ਦਾ ਫੈਸਲਾ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਇਤਿਹਾਸ ਵਿੱਚ ਪਹਿਲਾਂ ਕਦੇ ਵੀ ਨਹੀਂ ਹੋਇਆ ਕਿ ਸਰਕਾਰ ਬਣਨ ਤੋਂ ਇੱਕ ਸਾਲ ਮਗਰੋਂ ਹੀ ਲੋਕ ਉਸ ਦਾ ਬੋਰੀ ਬਿਸਤਰਾ ਗੋਲ ਕਰਨ ਵਾਸਤੇ ਤਿਆਰ ਹੋਏ ਬੈਠੇ ਹੋਣ। ਉਨ੍ਹਾਂ ਕਿਹਾ ਕਿ ਕਾਂਗਰਸ ਵੱਡੇ ਪੱਧਰ ਉੱਤੇ ਹਿੰਸਾ ਕਰ ਕੇ ਅਤੇ ਬੂਥਾਂ ‘ਤੇ ਕਬਜ਼ਿਆਂ ਨਾਲ ਲੁਧਿਆਣਾ ਨਗਰ ਨਿਗਮ ਦੀ ਚੋਣ ਜਿੱਤ ਸਕਦੀ ਹੈ, ਪਰ ਪਾਰਲੀਮਾਨੀ ਚੋਣਾਂ ਵਿੱਚ ਕਾਂਗਰਸੀਆਂ ਦੀਆਂ ਜ਼ਮਾਨਤਾਂ ਜ਼ਬਤ ਹੋਣਗੀਆਂ, ਕਿਉਂਕਿ ਪੰਜਾਬੀ ਉਨ੍ਹਾਂ ਦੇ ਝੂਠੇ ਵਾਅਦਿਆਂ ਨੂੰ ਵੇਖ ਚੁੱਕੇ ਹਨ ਅਤੇ ਉਨ੍ਹਾਂ ਦੀ ਕਾਰਗੁਜ਼ਾਰੀ ਦੀ ਪੜਚੋਲ ਕਰਨਗੇ। ਇਹ ਟਿੱਪਣੀ ਕਰਦਿਆਂ ਕਿ ਸੂਬੇ ਦੀ ਅਜਿਹੀ ਹਾਲਤ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਲਾਪਰਵਾਹੀ ਵਾਲੇ ਵਤੀਰੇ ਕਰ ਕੇ ਹੋਈ ਹੈ। ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਪਿਛਲੇ ਸਾਲ ਮੁੱਖ ਮੰਤਰੀ ਸਿਰਫ ਇੱਕ ਵਾਰ ਆਪਣੇ ਦਫ਼ਤਰ ਗਏ ਸਨ। ਕਿਸੇ ਨੇ ਵੀ ਮੁੱਖ ਮੰਤਰੀ ਨੂੰ ਕਦੇ ਫੀਲਡ ਵਿੱਚ ਨਹੀਂ ਵੇਖਿਆ। ਉਹ ਤਾਂ ਸਹੁੰ ਚੁੱਕਣ ਮਗਰੋਂ ਸ੍ਰੀ ਦਰਬਾਰ ਸਾਹਿਬ ਵੀ ਤਦ ਤਕ ਨਹੀਂ ਸਨ ਗਏ, ਜਦ ਤਕ ਉਨ੍ਹਾਂ ਨੂੰ ਇਹ ਗੱਲ ਚੇਤੇ ਨਹੀਂ ਸੀ ਕਰਵਾਈ ਗਈ।

ਹਾਲ ਹੀ ਵਿਚ ਵੀ ਜਦੋਂ ਕੈਪਟਨ ਅਮਰਿੰਦਰ ਸਿੰਘ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਮਿਲਣ ਅੰਮ੍ਰਿਤਸਰ ਗਏ ਸਨ ਤਾਂ ਉਨ੍ਹਾਂ ਨੇ ਸ੍ਰੀ ਦਰਬਾਰ ਸਾਹਿਬ ਜਾ ਕੇ ਮੱਥਾ ਟੇਕਣ ਦੀ ਲੋੜ ਨਹੀਂ ਸਮਝੀ। ਬਾਦਲ ਨੇ ਕਿਹਾ ਕਿ ਲੋਕ ਕਾਂਗਰਸ ਸਰਕਾਰ ਨਾਲ ਇਸ ਲਈ ਵੀ ਨਾਰਾਜ਼ ਹਨ, ਕਿਉਂਕਿ ਇਸ ਨੇ ਕੁਝ ਦੇਣਾ ਤਾਂ ਦੂਰ ਦੀ ਗੱਲ ਹੈ, ਉਲਟਾ ਉਨ੍ਹਾਂ ਨੂੰ ਪਰਕਾਸ਼ ਸਿੰਘ ਦੀ ਅਗਵਾਈ ਵਾਲੀ ਅਕਾਲੀ-ਭਾਜਪਾ ਸਰਕਾਰ ਵੱਲੋਂ ਦਿੱਤੇ ਲਾਭ ਵੀ ਖੋਹ ਲਏ ਹਨ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਸੂਬੇ ਅੰਦਰ ਨਾ ਤਾਂ ਬੁਢਾਪਾ ਪੈਨਸ਼ਨ, ਸ਼ਗਨ ਸਕੀਮ ਅਤੇ ਨਾ ਹੀ ਦਲਿਤਾਂ ਲਈ ਵਜ਼ੀਫਿਆਂ ਦੀ ਸਕੀਮ ਦਿੱਤੀ ਜਾ ਰਹੀ ਹੈ। ਇੱਥੋਂ ਤਕ ਕਿ ਸਰਕਾਰ ਵੱਲੋਂ ਵਿਭਿੰਨ ਗਰਿੱਡਾਂ ਉੱਤੇ ਮੀਟਰ ਲਗਾ ਕੇ ਟਿਊਬਵੈਲਾਂ ਉੱਤੇ ਬਿਜਲੀ ਦੇ ਬਿਲ ਲਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਅਕਾਲੀ ਦਲ ਦੇ ਪ੍ਰਧਾਨ ਨੇ ਵਿਰੋਧੀ ਧਿਰ ਦੇ ਆਗੂ ਸੁਖਪਾਲ ਖਹਿਰਾ ਬਾਰੇ ਬੋਲਦਿਆਂ ਕਿਹਾ ਕਿ ਉਹ ਕਾਂਗਰਸ ਪਾਰਟੀ ਨਾਲ ਮਿਲਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਜਦੋਂ ਉਸ ਵਿਰੁੱਧ ਅਦਾਲਤ ਵਿਚ ਚੱਲ ਰਹੇ ਨਸ਼ਿਆਂ ਦੇ ਕੇਸ ਦਾ ਫੈਸਲਾ ਹੋ ਗਿਆ ਤਾਂ ਖਹਿਰਾ ਖ਼ਤਮ ਹੋ ਜਾਵੇਗਾ।

  • 719
    Shares

LEAVE A REPLY