ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ ਵੱਲੋਂ ਮੱਤੇਵਾੜਾ ਪਸ਼ੂ ਪਾਲਣ ਫਾਰਮ ਦਾ ਅਚਨਚੇਤ ਦੌਰਾ- ਕਈ ਊਣਤਾਈਆਂ ਸਾਹਮਣੇ ਆਈਆਂ, ਰਿਕਾਰਡ ਕਬਜ਼ੇ ਵਿੱਚ ਲਿਆ


ਲੁਧਿਆਣਾ – ਪੰਜਾਬ ਸਰਕਾਰ ਦੇ ਪਸ਼ੂ ਪਾਲਣ ਮੰਤਰੀ ਸ੍ਰ. ਬਲਬੀਰ ਸਿੰਘ ਸਿੱਧੂ ਨੇ ਅੱਜ ਅਚਨਚੇਤ ਮੱਤੇਵਾੜਾ ਸਥਿਤ ਦਫ਼ਤਰ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਫਾਰਮਜ਼ ਦੀ ਚੈਕਿੰਗ ਕੀਤੀ ਤਾਂ ਕਈ ਊਣਤਾਈਆਂ ਸਾਹਮਣੇ ਆਈਆਂ, ਜਿਨਾਂ ਦੀ ਵਿਭਾਗੀ ਜਾਂਚ ਹੋਵੇਗੀ ਅਤੇ ਦੋਸ਼ੀ ਵਿਅਕਤੀਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।

ਇਸ ਸੰਬੰਧੀ ਟੈਲੀਫੋਨ ‘ਤੇ ਜਾਣਕਾਰੀ ਦਿੰਦਿਆਂ ਸ੍ਰ. ਬਲਬੀਰ ਸਿੰਘ ਸਿੱਧੂ ਨੇ ਦੱਸਿਆ ਕਿ ਕਈ ਵਿਭਾਗੀ ਦਫ਼ਤਰਾਂ ਵਿੱਚ ਊਣਤਾਈਆਂ ਦੀਆਂ ਖ਼ਬਰਾਂ ਉਨਾਂ ਦੇ ਧਿਆਨ ਵਿੱਚ ਆ ਰਹੀਆਂ ਹਨ, ਜਿਨਾਂ ਨੂੰ ਉਹ ਬਹੁਤ ਹੀ ਗੰਭੀਰਤਾ ਨਾਲ ਲੈ ਰਹੇ ਹਨ ਅਤੇ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਨਾਂ ਊਣਤਾਈਆਂ ਦੀ ਜ਼ਮੀਨੀ ਪੱਧਰ ‘ਤੇ ਹਕੀਕਤ ਨੂੰ ਜਾਣਿਆ ਜਾਵੇ। ਇਸੇ ਕੜੀ ਤਹਿਤ ਉਨਾਂ ਨੇ ਅੱਜ ਸਥਾਨਕ ਦਫ਼ਤਰ ਦੀ ਅਚਨਚੇਤ ਜਾਂਚ ਕੀਤੀ ਹੈ।

ਉਨਾਂ ਦੱਸਿਆ ਕਿ ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਸਟਾਫ਼ ਦੀ ਵੱਡੇ ਪੱਧਰ ‘ਤੇ ਗੈਰ ਹਾਜ਼ਰੀ ਗੰਭੀਰ ਮੁੱਦਾ ਹੈ। ਇਸ ਤੋਂ ਇਲਾਵਾ ਪਸ਼ੂਆਂ ਦੀ ਸਾਂਭ ਸੰਭਾਲ, ਆਲੇ – ਦੁਆਲੇ ਦੀ ਗੰਦਗੀ ਅਤੇ ਸਟਾਕ ਰਜਿਸਟਰ ਵਿੱਚ ਕਈ ਗਲਤੀਆਂ ਸਨ। ਉਨਾਂ ਨੇ ਸਟਾਕ ਰਜਿਸਟਰ, ਹਾਜ਼ਰੀ ਰਜਿਸਟਰ ਅਤੇ ਹੋਰ ਸ਼ੱਕੀ ਦਸਤਾਵੇਜ਼ ਆਪਣੇ ਕਬਜ਼ੇ ਵਿੱਚ ਲੈ ਲਏ ਹਨ, ਜਿਨਾਂ ਨੂੰ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਵੱਲੋਂ ਘੋਖਿਆ ਜਾਵੇਗਾ। ਜੇਕਰ ਕੋਈ ਵੱਡੀ ਊਣਤਾਈ ਸਾਹਮਣੇ ਆਵੇਗੀ ਤਾਂ ਸੰਬੰਧਤ ਦੋਸ਼ੀ ਅਧਿਕਾਰੀਆਂ/ਕਰਮਚਾਰੀਆਂ ਵਿਰੁਧ ਸਖ਼ਤ ਵਿਭਾਗੀ ਕਾਰਵਾਈ ਆਰੰਭੀ ਜਾਵੇਗੀ।

ਸ੍ਰ. ਸਿੱਧੂ ਨੇ ਸਪੱਸ਼ਟ ਕੀਤਾ ਕਿ ਉਹ ਆਪਣੇ ਵਿਭਾਗ ਵਿੱਚ ਕਿਸੇ ਵੀ ਤਰਾਂ ਦੀ ਊਣਤਾਈ ਜਾਂ ਕੰਮ ਪ੍ਰਤੀ ਅਣਗਹਿਲੀ ਬਰਦਾਸ਼ਤ ਨਹੀਂ ਕਰਨਗੇ। ਜੇਕਰ ਕੋਈ ਵੀ ਅਧਿਕਾਰੀ ਜਾਂ ਕਰਮਚਾਰੀ ਅਜਿਹਾ ਦੋਸ਼ੀ ਪਾਇਆ ਜਾਂਦਾ ਹੈ ਤਾਂ ਉਸ ਖ਼ਿਲਾਫ਼ ਸਖ਼ਤ ਵਿਭਾਗੀ ਅਤੇ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਉਨਾਂ ਕਿਹਾ ਕਿ ਉਹ ਅਜਿਹੇ ਅਚਨਚੇਤ ਦੌਰੇ ਅਤੇ ਜਾਂਚਾਂ ਭਵਿੱਖ ਵਿੱਚ ਵੀ ਜਾਰੀ ਰੱਖਣਗੇ। ਇਸ ਮੌਕੇ ਉਨਾਂ ਨਾਲ ਉਨਾਂ ਦੇ ਰਾਜਸੀ ਸਕੱਤਰ ਸ੍ਰੀ ਹਰਕੇਸ਼ ਚੰਦ ਸ਼ਰਮਾ ਅਤੇ ਹੋਰ ਵੀ ਹਾਜ਼ਰ ਸਨ।


LEAVE A REPLY