ਸਾਂਝਾ ਅਧਿਆਪਕ ਮੋਰਚਾ ਵਲੋਂ ਸਰਕਾਰ ਖਿਲਾਫ਼ ਲੁਧਿਆਣਾ ਡੀ.ਸੀ. ਦਫਤਰ ਵਿਖੇ ਦਿਤਾ ਗਿਆ ਧਰਨਾ, ਭਾਰਤ ਨਗਰ ਚੌਕ ਵਿੱਚ ਪੰਜਾਬ ਸਰਕਾਰ ਅਤੇ ਸਿੱਖਿਆ ਮੰਤਰੀ ਦੀ ਅਰਥੀ ਨੂੰ ਲਾਇਆ ਗਿਆ ਲਾਂਬੂ


ਲੁਧਿਆਣਾ – ਸਰਕਾਰ ਵਲੋਂ ਅਧਿਆਪਕ ਮੰਗਾਂ ਦਾ ਹੱਲ ਨਾ ਕਰਨ ਅਤੇ ਮੀਟਿੰਗਾਂ ਲਈ ਸਮਾਂ ਦੇ ਕੇ ਮੁਕਰਨ ਦੇ ਵਿਰੋਧ ਵਜੋਂ ਸਾਂਝਾ ਅਧਿਆਪਕ ਮੋਰਚਾ ਪੰਜਾਬ ਦੇ ਸੱਦੇ ਤੇ ਜਿਲ੍ਹਾ ਲੁਧਿਆਣਾ ਵਲੋਂ ਡੀ.ਸੀ.ਦਫਤਰ ਵਿਖੇ ਧਰਨਾ ਲਾਉਣ ਉਪਰੰਤ ਭਾਰਤ ਨਗਰ ਚੌਕ ਵਿੱਚ ਪੰਜਾਬ ਸਰਕਾਰ ਅਤੇ ਸਿੱਖਿਆ ਮੰਤਰੀ ਦਾ ਅਰਥੀ ਫੂਕ ਮੁਜ਼ਾਹਰਾ ਕੀਤਾ ਗਿਆ । ਜ਼ਿਕਰਯੋਗ ਹੈ ਕਿ ਸਭਨਾਂ ਮੰਗਾਂ ਦੇ ਠੋਸ ਹੱਲ ਲਈ ਸਾਂਝਾ ਅਧਿਆਪਕ ਮੋਰਚਾ ਪੰਜਾਬ ਨੇ 7 ਅਕਤੂਬਰ ਤੋਂ ਪਟਿਆਲੇ ਵਿਖੇ ਪੱਕਾ ਮੋਰਚਾ ਲਾਇਆ ਹੋਇਆ ਹੈ । ਸਾਂਝਾ ਅਧਿਆਪਕ ਮੋਰਚਾ ਪੰਜਾਬ ਵਲੋਂ ਪੂਰੇ ਪੰਜਾਬ ਵਿੱਚ ਕਿਸਾਨਾਂ,ਮਜ਼ਦੂਰਾਂ,ਮੁਲਾਜ਼ਮਾਂ,ਭਰਾਤਰੀ ਜਥੇਬੰਦੀਆਂ, ਵਿਦਿਆਰਥੀ ਜਥੇਬੰਦੀਆਂ,ਮਾਪਿਆਂ,ਅੈੱਸ.ਅੈੱਮ.ਸੀ. ਕਮੇਟੀਆ,ਇਨਸਾਫ ਪਸੰਦ ਲੋਕਾਂ ਦੇ ਸਹਿਯੋਗ ਨਾਲ ਪਿੰਡਾਂ/ਸ਼ਹਿਰਾਂ ਵਿੱਚ ਸਰਕਾਰ ਦੀਆਂ ਅਰਥੀਆਂ ਫੂਕ ਕੇ ਕੈਪਟਨ ਸਰਕਾਰ ਦੀਆਂ ਸਿੱਖਿਆ ਵਿਰੋਧੀ ਨੀਤੀਆਂ ਖ਼ਿਲਾਫ਼ ਰੋਸ ਪ੍ਰਗਟ ਕੀਤਾ ਜਾ ਰਿਹਾ ਹੈ । ਇਸਦੇ ਨਾਲ ਹੀ ਕਿਸਾਨਾਂ,ਮਜ਼ਦੂਰਾਂ,ਵਿਦਿਆਰਥੀ ਅਤੇ ਭਰਾਤਰੀ,ਜਮਹੂਰੀ ਅਤੇ ਜਨਤਕ ਜਥੇਬੰਦੀਆਂ ਵੱਲੋਂ ਵੀ ਆਪਣੇ ਪੱਧਰ ਤੇ ਵੀ ਮੀਟਿੰਗਾਂ,ਕਨਵੈਨਸ਼ਨਾਂ,ਝੰਡਾ ਮਾਰਚ ਆਦਿ ਕਰਕੇ ਪੰਜਾਬ ਸਰਕਾਰ ਦੀਆਂ ਨਿੱਜੀਕਰਨ ਨੂੰ ਵਧਾਵਾ ਦੇਣ ਵਾਲੀਆਂ ਨੀਤੀਆਂ ਖਿਲਾਫ ਹੱਲਾ ਬੋਲਣ ਲਈ ਵਧਵੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ ।

ਆਗੂਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਰਕਾਰ ਅਤੇ ਵਿਭਾਗ ਪੂਰੀ ਤਰ੍ਹਾਂ ਲਚਾਰ ਹੋਏ ਬੈਠੇ ਹਨ । ਇਸੇ ਲਈ ਐਸ.ਐਸ.ਏ/ਰਮਸਾ/ਮਾਡਲ/ਆਦਰਸ਼ ਸਕੂਲਾਂ ਦੇ ਅਧਿਆਪਕਾਂ ਤੋਂ ਗੈਰ ਸੰਵਿਧਾਨਕ ਕਲਿੱਕ ਕਰਵਾਉਣ ਲਈ ਪੂਰੀ ਅੱਡੀ ਚੋਟੀ ਦਾ ਜ਼ੋਰ ਲਗਾ ਰਹੇ ਹਨ ਪਰ ਸਰਕਾਰ,ਵਿਭਾਗ ਨੂੰ ਹਰ ਵਾਰ ਮੂੰਹ ਦੀ ਖਾਣੀ ਪੈ ਰਹੀ ਹੈ । ਅਧਿਆਪਕ ਉਨ੍ਹਾਂ ਦੀਆਂ ਚਾਲਾਂ ਵਿੱਚ ਆਉਣ ਦੀ ਬਜਾਇ ਸਾਂਝੇ ਅਧਿਆਪਕ ਮੋਰਚੇ ਵਿੱਚ ਪੂਰਨ ਵਿਸ਼ਵਾਸ ਪ੍ਰਗਟ ਕਰਦਿਆਂ ਹੋਇਆਂ 2 ਦਸੰਬਰ ਦੀ ਤਿਆਰੀ ਮੁਹਿੰਮ ਵਿੱਚ ਡਟੇ ਹੋਏ ਹਨ । ਆਗੂਆਂ ਨੇ ਅੱਗੇ ਕਿਹਾ ਕਿ ਸਰਕਾਰ ਦੀ ਹਰ ਵਧੀਕੀ ਦਾ ਮੂੰਹ ਤੋੜਵਾਂ ਜਵਾਬ ਦਿੱਤਾ ਜਾਵੇਗਾ ਅਤੇ ਸਾਰੀਆਂ ਮੰਗਾਂ ਦੀ ਪ੍ਰਾਪਤੀ ਤੱਕ ਸੰਘਰਸ਼ ਲਗਾਤਾਰ ਵਧਾਇਆ ਜਾਵੇਗਾ। 2 ਦਸੰਬਰ ਪਟਿਆਲੇ ਮੁਕੰਮਲ ਚੱਕਾ ਜਾਮ ਲਈ ਵੱਡੇ ਪੱਧਰ ਤੇ ਮੁਹਿੰਮ ਚਲਾ ਕੇ ਅਧਿਆਪਕਾਂ,ਮਾਪਿਆਂ ਅਤੇ ਹੋਰ ਵਰਗਾਂ ਦੀ ਲਾਮਬੰਦੀ ਕੀਤੀ ਜਾ ਰਹੀ ਹੈ । ਸਾਂਝਾ ਅਧਿਆਪਕ ਮੋਰਚਾ ਪੰਜਾਬ ਵਲੋਂ ਕਿਸਾਨਾ,ਮਜਦੂਰਾਂ,ਮੁਲਾਜਮਾਂ ਵਿਦਿਆਰਥੀ ਜਥੇਬੰਦੀਆ,ਇਨਸਾਫ ਪਸੰਦ ਅਤੇ ਮਾਪਿਆਂ ਨੂੰ ਨਾਲ ਲੈ ਕੇ 2 ਦਸੰਬਰ ਪਟਿਆਲ਼ਾ ਮੁਕੰਮਲ ਚੱਕਾ ਜਾਮ ਕੀਤਾ ਜਾਵੇਗਾ

ਆਪਣੀਆਂ ਹੱਕੀ ਮੰਗਾਂ ਜਿਹਨਾਂ ਵਿੱਚ 8886 ਅਧਿਆਪਕਾਂ ਦੀ 65%-75% ਤੱਕ ਦੀ ਹੋਈ ਤਨਖਾਹ ਕਟੌਤੀ ਵਾਪਸ ਲੈ ਕੇ ਪੂਰੀਆਂ ਤਨਖਾਹਾਂ ਸਮੇਤ ਸਿੱਖਿਆ ਵਿਭਾਗ ਚ ਰੈਗੂਲਰ ਕਰਵਾਉਣ, 5178 ਅਧਿਆਪਕਾਂ ਨੂੰ ਨਵੰਬਰ 2017 ਤੋਂ ਪੂਰੇ ਗਰੇਡ ਵਿੱਚ ਰੈਗੂਲਰ ਕਰਵਾਉਣ,ਈ.ਜੀ.ਐਸ./ ਏ.ਆਈ.ਈ./ਐੱਸ.ਟੀ.ਆਰ. ਵਲੰਟੀਅਰ ਕੈਟੇਗਰੀਆਂ ਲਈ ਰੈਗੂਲਰ ਦੀ ਪਾਲਸੀ ਤਿਆਰ ਕਰਨ,ਸੰਘਰਸ਼ ਦੌਰਾਨ ਹੋਈਆਂ ਵਿਕਟੇਮਾਈਜ਼ੇਸ਼ਨਾਂ ਰੱਦ ਕਰਵਾਉਣ,ਪੜ੍ਹੋ ਪੰਜਾਬ ਵਰਗੇ ਸਿਲੇਬਸ ਤੋਂ ਹਟਵੇਂ ਪ੍ਰਾਜੈਕਟ ਨੂੰ ਬੰਦ ਕਰਵਾਉਣ, ਡੀ.ਏ. ਦੀਆਂ ਰੋਕੀਆਂ ਕਿਸ਼ਤਾਂ ਜਾਰੀ ਕਰਵਾੳਣ,ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਵਾਉਣ, ਰੈਸ਼ਨੇਲਾਈਜੇਸ਼ਨ ਅਤੇ ਬਦਲੀਆਂ ਦੀ ਨੀਤੀ ਤਰਕਸੰਗਤ ਕਰਵਾਉਣ ਆਦਿ ਸ਼ਾਮਲ ਹਨ ਨੂੰ ਪੂਰਾ ਕਰਵਾਉਣ ਤੱਕ ਆਪਣਾ ਸੰਘਰਸ਼ ਜਾਰੀ ਰੱਖਣਗੇ । ਸਾਰੇ ਹਾਜ਼ਰ ਸਾਥੀਆਂ ਨੇ ਆਉਣ ਵਾਲੇ ਦਿਨਾਂ ਦੌਰਾਨ ਸਰਕਾਰ ਤੇ ਸੰਘਰਸ਼ ਦੀ ਦਾਬ ਅਤੇ ਤਿੱਖ ਵਧਾਉਣ ਲਈ ਜਨਤਕ ਹਲਕਿਆਂ ਵਿੱਚ ਵਧਵੀਂ ਪਹੁੰਚ ਕਰਦਿਆਂ ਸਰਕਾਰੀ ਸਿੱਖਿਆ ਨੂੰ ਬਚਾਉਣ ਹਿੱਤ ਪਿੰਡਾਂ ਸ਼ਹਿਰਾਂ ਅਤੇ ਕਸਬਿਆਂ ਵਿੱਚ ਕੀਤੀ ਜਾ ਰਹੀ ਲਾਮਬੰਦੀ ਜਾਰੀ ਰੱਖਦਿਆਂ ਇਸਨੂੰ ਹੋਰ ਤੇਜ਼ ਕਰਨ ਦਾ ਅਹਿਦ ਲਿਆ ।
ਇਸ ਸਮੇਂ ਮੈਡਮ ਪ੍ਰੇਰਨਾ,ਮੈਡਮ ਸਾਰਿਕਾ,ਮੈਡਮ ਆਰਤੀ,ਮੈਡਮ ਪੂਨਮ,ਸੂਬਾ ਕੋ ਕਨਵੀਨਰ ਹਰਵਿੰਦਰ ਬਿਲਗਾ ਅਤੇ ਦੀਦਾਰ ਸਿੰਘ ਮੁੱਦਕੀ ਤੋਂ ਇਲਾਵਾ ਸ਼ਿੰਗਾਰਾ ਸਿੰਘ ਜਰਖੜ,ਧਰਮ ਸਿੰਘ ਸੂਜਾਪੁਰ,ਮਨਰਾਜ ਸਿੰਘ,ਹਰਦੇਵ ਸਿੰਘ ਮੁੱਲਾਂਪੁਰ,ਟਹਿਲ ਸਿੰਘ, ਅਮਨਦੀਪ ਸਿੰਘ ਦੱਧਾਹੂਰ,ਅਜੀਤਪਾਲ ਜੱਸੋਵਾਲ,ਹਰੀਦੇਵ,ਹਰਜਿੰਦਰ ਸਿੰਘ, ਕਸਤੂਰੀ ਲਾਲ,ਜਰਨੈਲ ਸਿੰਘ,ਜਸਦੇਵ ਸਿੰਘ ਲਲਤੋਂ, ਰਮਨਜੀਤ ਸਿੰਘ ਸੰਧੂ,ਸੁਖਦੇਵ ਸਿੰਘ,ਟੇਕ ਚੰਦ ਕਾਲੀਆ,ਦੀਪ ਰਾਜਾ,ਚਰਨ ਸਿੰਘ ਨੂਰਪੁਰਾ,ਹਰਜਿੰਦਰ ਪਮਾਲ,ਹਾਕਮ ਸ਼ਿੰਘ, ਮਲਕੀਤ ਸਿੰਘ ਜਗਰਾਉਂ, ਪਰਮਜੀਤ ਸਿੰਘ,ਸੁਖਦੇਵ ਸਿੰਘ ਆਦਿ ਆਗੂ ਹਾਜ਼ਰ ਸਨ।


LEAVE A REPLY