ਲੁਧਿਆਣਾ ਵਿਖੇ ਜਬਰੀ ਬਦਲੀਆਂ ਅਤੇ ਵਿਕਟੇਮਾਈਜ਼ੇਸ਼ਨਾਂ ਦੇ ਵਿਰੋਧ ਵਜੋਂ ਸਾਂਝੇ ਅਧਿਆਪਕ ਮੋਰਚੇ ਨੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦੀ ਅਰਥੀ ਫੂਕੀ


ਲੁਧਿਆਣਾ – ਸਾਂਝੇ ਅਧਿਆਪਕ ਮੋਰਚੇ ਵੱਲੋਂ ਐੱਸ.ਐੱਸ.ਏ./ਰਮਸਾ/ਮਾਡਲ/ਆਦਰਸ਼ ਅਧਿਆਪਕਾਂ ਨੂੰ ਰੈਗੂਲਰ ਕਰਨ ਦੇ ਨਾਂ ’ਤੇ ਉਨ੍ਹਾਂ ਦੀ 65%-75% ਤੱਕ ਦੀ ਤਨਖਾਹ ਕਟੌਤੀ ਕਰਨ,ਸੰਘਰਸ਼ ਦੌਰਾਨ ਮੁਅੱਤਲੀਆਂ,ਬਦਲੀਆਂ ਅਤੇ ਸਸਪੈਂਸ਼ਨਾਂ ਰੱਦ ਕਰਨ,ਨਵੀਂ ਰੈਸ਼ਨਲਾਈਜੇਸ਼ਨ ਨੀਤੀ,ਅਧਿਆਪਕਾਂ ਤੋਂ ਲਏ ਜਾਂਦੇ ਗੈਰ ਵਿੱਦਿਅਕ ਕੰਮਾਂ ਦੇ ਵਿਰੋਧ ਵਜੋਂ ਅਰੇ ਸਿੱਖਿਆ ਸਕੱਤਰ ਦੀਆਂ ਦਿਨੋਂ ਦਿਨ ਵੱਧ ਰਹੀਆਂ ਵਧੀਕੀਆਂ ਦਾ ਕਰੜਾ ਜਵਾਬ ਦੇਣ ਲਈ ਸਾਂਝਾ ਅਧਿਆਪਕ ਮੋਰਚਾ ਲੁਧਿਆਣਾ ਵੱਲੋਂ ਸੂਬਾ ਕੋ-ਕਨਵੀਨਰ ਹਰਵਿੰਦਰ ਸਿੰਘ ਬਿਲਗਾ ਦੀ ਅਗਵਾਈ ਵਿੱਚ ਰੋਸ ਮੁਜ਼ਾਹਰੇ ਉਪਰੰਤ ਕਚਹਿਰੀਆਂ ਦੇ ਬਾਹਰ ਚੌਂਕ ਵਿੱਚ ਸਿੱਖਿਆ ਸਕੱਤਰ ਅਤੇ ਪੰਜਾਬ ਸਰਕਾਰ ਦੀ ਅਰਥੀ ਨੂੰ ਲਾਂਬੂ ਲਗਾਇਆ ਗਿਆ।ਅਧਿਆਪਕਾਂ ਦੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਲੁਧਿਆਣਾ ਜ਼ਿਲ੍ਹਾ ਤੋਂ ਮਰਨ ਵਰਤ ਤੇ ਬੈਠੇ ਮੈਡਮ ਰਜਿੰਦਰ ਕੌਰ ਬੁਆਣੀ ਸਮੇਤ ਟਹਿਲ ਸਿੰਘ,ਅਜੀਤਪਾਲ ਸਿੰਘ ਜੱਸੋਵਾਲ਼,ਦਲਜੀਤ ਸਿੰਘ ਸਮਰਾਲਾ,ਅਮਨਦੀਪ ਸਿੰਘ ਦੱਧਾਹੂਰ,ਪ੍ਰਵੀਨ ਕੁਮਾਰ ਨੇ ਕਿਹਾ ਕਿ ਸਰਕਾਰ ਅਧਿਆਪਕਾਂ ਦੇ ਪਟਿਆਲ਼ੇ ਵਿਖੇ ਚੱਲ ਰਹੇ ਪੱਕੇ ਮੌਰਚੇ ਤੋਂ ਬੁਖਲਾਹਟ ਵਿੱਚ ਆ ਕੇ ਨਿੱਤ ਨਵੇਂ ਤੁਗਲਕੀ ਫੁਰਮਾਨ ਜਾਰੀ ਕਰ ਰਹੀ ਹੈ। ਜਿਸ ਅਧੀਨ ਹਰ ਰੋਜ਼ ਧੜਾਧੜ ਜਬਰੀ ਬਦਲੀਆਂ,ਸਸਪੈਂਨਸ਼ਨਾਂ ਅਤੇ ਹੋਰ ਵਿਕਟੇਮਾਈਜੇਸ਼ਨਾਂ ਹੋ ਰਹੀਆਂ ਹਨ।ਅਧਿਆਪਕਾਂ ਦੀਆਂ 300 ਕਿਲੋਮੀਟਰ ਦੀ ਦੂਰੀ ਤੇ ਬਦਲੀਆਂ ਕੀਤੀਆਂ ਜਾ ਰਹੀਆਂ ਹਨ । ਸਿੱਖਿਆ ਮੰਤਰੀ ਦਾ ਤਾਜ਼ਾ ਬਿਆਨ ਆਇਆ ਹੈ ਕਿ ਸਰਕਾਰ ਸੰਘਰਸ਼ ਕਰ ਰਹੇ ਅਧਿਆਪਕਾਂ ਦੀਆਂ ਸੇਵਾਵਾਂ ਖਤਮ ਕਰ ਦੇਵੇਗੀ । ਸਰਕਾਰ ਜਮਹੂਰੀ ਹੱਕ ਅਤੇ ਲੋਕਤੰਤਰ ਦਾ ਲਗਾਤਾਰ ਘਾਣ ਕਰ ਰਹੀ ਹੈ। ਪਰ ਸਰਕਾਰ ਅਤੇ ਇਸ ਦਾ ਹੱਥ ਠੋਕਾ ਸਿੱਖਿਆ ਸਕੱਤਰ ਇਹ ਗੱਲ ਸਮਝ ਲਵੇ ਕਿ ਪਿਛਲੀ 7 ਅਕਤੂਬਰ ਤੋਂ ਲੈ ਕੇ ਪਟਿਆਲ਼ੇ ਵਿਖੇੇ ਲਗਾਤਾਰ ਚੱਲ ਰਹੇ ਪਹਿਲਾਂ ਮਰਨ ਵਰਤ ਫਿਰ ਲੜੀਵਾਰ ਭੁੱਖ ਹੜਤਾਲ਼ ਅਤੇ ਪੱਕੇ ਧਰਨਾ ਸਾਰੀਆਂ ਮੰਗਾਂ ਦੀ ਪ੍ਰਾਪਤੀ ਲਈ ਜਾਰੀ ਰਹੇਗਾ । ਸਰਕਾਰ ਨੂੰ ਝੁਕਾਏ ਬਿਨਾਂ ਅਧਿਆਪਕ ਬੈਠਣ ਵਾਲੇ ਨਹੀਂ ਹਨ ।

ਆਗੂਆਂ ਨੇ ਕਿਹਾ ਕਿ ਇੱਕ ਪਾਸੇ ਸਾਂਝਾ ਅਧਿਆਪਕ ਮੋਰਚਾ ਪੰਜਾਬ ਨੂੰ 5 ਨਵੰਬਰ ਦੀ ਮੁੱਖ ਮੰਤਰੀ ਪੰਜਾਬ ਨਾਲ ਮੀਟਿੰਗ ਮਿਲੀ ਹੋਈ ਹੈ,ਉੱਥੇ ਹੀ ਦੂਜੇ ਪਾਸੇ ਸਰਕਾਰ ਅਤੇ ਵਿਭਾਗ ਵੱਲੋਂ ਤਾਨਾਸ਼ਾਹੀ ਰੁੱਖ ਅਖਤਿਆਰ ਕਰਦਿਆਂ ਸਸਪੈਨਸ਼ਨਾਂ ਅਤੇ ਜਬਰੀ ਬਦਲੀਆਂ ਅਤੇ ਵਿਕਟੇਮਾਈਜ਼ੇਸ਼ਨਾਂ ਕੀਤੀਆਂ ਜਾ ਰਹੀਆਂ ਹਨ,ਜੋ ਕਿ ਬਹੁਤ ਹੀ ਮੰਦਭਾਗਾ ਵਰਤਾਰਾ ਹੈ । ਇਹ ਵਰਤਾਰਾ ਪੰਜਾਬ ਸਰਕਾਰ ਅਤੇ ਵਿਭਾਗ ਦੀ ਨੀਅਤ ਅਤੇ ਕਾਰਗੁਜ਼ਾਰੀ ਤੇ ਪ੍ਰਸ਼ਨ ਚਿੰਨ੍ਹ ਲਗਾਉਂਦਾ ਹੈ । ਪੰਜਾਬ ਦੀ ਕਾਂਗਰਸ ਸਰਕਾਰ ਤੇ ਆਪਣੇ ਵਾਅਦਿਆਂ ਤੋਂ ਮੁਕਰਨ ਦਾ ਦੋਸ਼ ਲਗਾਉਂਦਿਆਂ ਆਗੂਆਂ ਨੇ ਕਿਹਾ ਕਿ ਸਰਕਾਰ ਚੋਣਾਂ ਤੋਂ ਪਹਿਲਾਂ ਲੋਕਾਂ ਨਾਲ਼ ਘਰ ਘਰ ਨੌਕਰੀ ਦਾ ਵਾਅਦਾ ਕਰ ਕੇ ਸੱਤਾ ਵਿੱਚ ਆਈ ਸੀ,ਪਰ ਹੁਣ ਨੌਕਰੀ ਕਰ ਰਹੇ ਮੁਲਾਜ਼ਮਾਂ ਸਰਕਾਰ ਦੀਆਂ ਵੀ ਤਨਖਾਹਾਂ ਘਟਾ ਕੇ ਆਉਣ ਵਾਲੇ ਸਮੇਂ ਵਿੱਚ ਗਰੀਬਾਂ ਦੀ ਸਿੱਖਿਆ ਖੋਹਣ ਲਈ ਸਿੱਖਿਆ ਵਿਭਾਗ ਦੇ ਖਾਤਮੇ ਵੱਲ ਤੁਰ ਪਈ ਹੈ । ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਦੇ ਸਕੱਤਰ ਨੇ ਬੇਨਿਯਮੀਆਂ ਦੀਆਂ ਸਾਰੀਆਂ ਹੱਦਾਂ ਪਾਰ ਕਰਦਿਆਂ ਸਰਕਾਰ ਨੂੰ 94 % ਦਾ ਝੂਠਾ ਡਾਟਾ ਪੇਸ਼ ਕਰਕੇ ਗੁਮਰਾਹ ਕੀਤਾ ਹੈ। ਹਰ ਤਰ੍ਹਾਂ ਦੇ ਕੱਚੇ ਅਧਿਆਪਕ ਨੂੰ ਪੂਰੀ ਤਨਖਾਹ ਸਮੇਤ ਸਿੱਖਿਆ ਵਿਭਾਗ ਵਿੱਚ ਪੱਕੇ ਕਰਵਾਉਣ/ਵਿਭਾਗ ਵਿੱਚ ਸ਼ਿਫਟ ਕਰਵਾਉਣ,5178 ਨੂੰ ਰੈਗੂਲਰ ਕਰਨ,ਪੁਰਾਣੀ ਪੈਨਸ਼ਨ ਲਾਗੂ ਕਰਵਾਉਣ,ਡੀ.ਏ ਦੀਆਂ ਕਿਸ਼ਤਾਂ ਜਾਰੀ ਕਰਨ,ਪੇਅ ਕਮਿਸ਼ਨ ਦੀ ਰਿਪੋਰਟ ਲਾਗੂ ਕਰਨ ਤੱਕ ਸੰਘਰਸ਼ ਹੋਰ ਮਘਾਇਆ ਜਾਵੇਗਾ । ਸਿੱਖਿਆ ਸੁਧਾਰ ਦੇ ਨਾਂ ਤੇ ਚਲਾਏ ਜਾ ਰਹੇ ਅਖੌਤੀ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਪ੍ਰੋਜੈਕਟ ਦੇ ਨਾਂ ਤੇ ਸਮੁੱਚੇ ਅਧਿਅਪਕ ਭਾਈਚਾਰੇ ਨੂੰ ਮਾਨਸਿਕ ਤੌਰ ਤੇ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਇਸ ਲਈ ਹਾਜ਼ਰੀਨ ਅਧਿਆਪਕਾਂ ਨੇ ਇਸ ਪ੍ਰੋਜੈਕਟ ਨੂੰ ਮੁਕੰਮਲ ਤੌਰ ਤੇ ਬੰਦ ਕਰਕੇ ਇਸਦੀ ਥਾਂ ਤੇ ਸਿੱਖਿਆ ਸ਼ਾਸਤਰੀਆਂ ਵੱਲੋਂ ਤਜ਼ਵੀਜਤ ਰਵਾਇਤੀ ਸਿੱਖਿਆ ਪ੍ਰਣਾਲ਼ੀ ਰਾਂਹੀ ਹੀ ਪੜਾਉਣ ਦਾ ਫੈਸਲਾ ਲਿਆ। ਇਸ ਸਮੇਂ ਨਵਨੀਤ ਕੌਰ,ਮੈਡਮ ਪ੍ਰੇਰਨਾ,ਮੈਡਮ ਸਾਰਿਕਾ,ਮੈਡਮ ਪੂਨਮ, ਬਿਕਰਜੀਤ ਸਿੰਘ ਕੱਦੋਂ,ਹਰਦੇਵ ਸਿੰਘ ਮੁੱਲਾਂਪੁਰ,ਚਰਨ ਸਿੰਘ ਸਰਾਭਾ,ਰਾਜਵੀਰ ਸਮਰਾਲਾ,ਜੋਗਿੰਦਰ ਆਜ਼ਾਦ,ਮਨਰਾਜ ਸਿੰਘ ਹਾਜ਼ਰ ਸਨ।


LEAVE A REPLY