ਸਵੱਛਤਾ ਸੁਨੇਹਾ ਫੈਲਾਉਣ ਲਈ ਰੋਜ਼ ਗਾਰਡਨ ਚ ਮਨਾਇਆ ਗਿਆ ਤੀਆਂ ਦਾ ਮੇਲਾ


ਲੁਧਿਆਣਾ- ਨਗਰ-ਨਿਗਮ ਵੱਲੋਂ ਨਿਵੇਕਲੀ ਪਹਿਲ ਕਰਦਿਆਂ ਸਥਾਨਕ ਨਹਿਰੂ ਰੋਜ਼ ਗਾਰਡਨ ਵਿਖੇ ‘ਮੇਲੇ ਤੀਆਂ ਦੇ’ ਆਯੋਜਿਤ ਕੀਤਾ ਗਿਆ, ਜਿਸ ਵਿੱਚ ਲੁਧਿਆਣਾ ਲੋਕ ਸਭਾ ਹਲਕਾ ਤੋਂ ਮੈਂਬਰ ਪਾਰਲੀਮੈਂਟ ਸ੍ਰ. ਰਵਨੀਤ ਸਿੰਘ ਬਿੱਟੂ ਨੇ ਪਰਿਵਾਰ ਸਮੇਤ ਸ਼ਮੂਲੀਅਤ ਕੀਤੀ। ਇਸ ਮੇਲੇ ਦਾ ਹਰ ਵਰਗ ਦੇ ਲੋਕਾਂ ਨੇ ਖੂਬ ਆਨੰਦ ਮਾਣਿਆ ਅਤੇ ਸੱਭਿਆਚਾਰਕ ਗੀਤਾਂ ਨਾਲ ਪਾਲੀ ਦੇਤਵਾਲੀਆਂ ਤੇ ਪ੍ਰਸਿੱਧ ਲੋਕ ਗਾਇਕਾ ਗੁਰਮੀਤ ਬਾਵਾ ਦੀਆਂ ਲੜਕੀਆਂ ਨੇ ਲੋਕਾਂ ਨੂੰ ਝੂੰਮਣ ਲਗਾ ਦਿੱਤਾ। ਲੜਕੀਆਂ ਲਈ ਪੀਘਾਂ ਦੇ ਪ੍ਰਬੰਧ ਤੋਂ ਇਲਾਵਾ ਮੱਕੀ ਦੇ ਦਾਣਿਆਂ ਲਈ ਭੱਠੀਆਂ, ਭੁੰਨੀਆਂ ਛੱਲੀਆਂ, ਜਲੇਬੀਆਂ, ਪਕੌੜੇ ਅਤੇ ਕੁਲਚਿਆਂ ਦਾ ਮੁਫਤ ਵਿੱਚ ਪ੍ਰਬੰਧ ਕੀਤਾ ਹੋਇਆ ਸੀ, ਜੋ ਕਿ ਪੁਰਾਤਨ ਪੰਜਾਬ ਦੀ ਝਲਕ ਪੇਸ਼ ਕਰ ਰਿਹਾ ਸੀ।

ਸ੍ਰ. ਬਿੱਟੂ ਨੇ ਦੱਸਿਆ ਕਿ ਸਾਡੀ ਨੌਜਵਾਨ ਪੀੜੀ ਨੂੰ ਸੱਭਿਆਚਾਰਕ ਵਿਰਸੇ ਅਤੇ ਪੁਰਾਤਨ ਜੀਵਨ ਸ਼ੈਲੀ ਨਾਲ ਮੁੜ ਜੋੜਨ ਲਈ ਅਜਿਹੇ ਮੇਲੇ ਹੋਰ ਵੱਡੇ ਸਰਕਾਰੀ ਸਮਾਗਮਾਂ ਵਿੱਚ ਵੀ ਆਯੋਜਿਤ ਕਰਨ ‘ਤੇ ਵਿਚਾਰ ਕੀਤਾ ਜਾ ਰਿਹਾ ਹੈ। ਅਜੋਕੀ ਨੌਜਵਾਨ ਪੀੜੀ ਨੂੰ ਲੱਚਰ ਗਾਇਕੀ ਅਤੇ ਗੈਰ ਮਿਆਰੀ ਗੀਤਾਂ ਤੋਂ ਦੂਰ ਕਰਨ ਲਈ ਇਹ ਮੇਲੇ ਮੀਲ ਪੱਥਰ ਸਾਬਤ ਹੋਣਗੇ। ਅੱਜ ਦਾ ਇਹ ਮੇਲਾ ਸ਼ਹਿਰ ਵਾਸੀਆਂ ਨੂੰ ਵਿਰਾਸਤ ਨਾਲ ਜੋੜਨ ਦੇ ਨਾਲ-ਨਾਲ ਸ਼ਹਿਰ ਨੂੰ ਸਵੱਛ ਰੱਖਣ ਦਾ ਸੰਦੇਸ਼ ਦੇਣ ਵਿੱਚ ਸਫ਼ਲ ਰਿਹਾ ਹੈ। ਉਹਨਾਂ ਦੱਸਿਆ ਕਿ ਉਨਾਂ (ਸ੍ਰ. ਬਿੱਟੂ) ਨੇ ਵੀ ਆਪਣੇ ਪਰਿਵਾਰ ਸਮੇਤ ਸ਼ਮੂਲੀਅਤ ਕੀਤੀ ਹੈ ਤਾਂ ਕਿ ਬੱਚੇ ਸਾਡੇ ਪੁਰਾਤਨ ਅਤੇ ਅਮੀਰ ਵਿਰਸੇ ਤੋਂ ਜਾਣੂ ਹੋ ਸਕਣ। ਉਹਨਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਵੀ ਆਪਣੇ ਬੱਚਿਆਂ ਨੂੰ ਪੁਰਾਤਨ ਵਿਰਸੇ ਨਾਲ ਜੋੜਨ ਅਤੇ ਸ਼ਹਿਰ ਦੀ ਸਾਫ਼-ਸਫਾਈ ਵਿੱਚ ਸਹਿਯੋਗ ਕਰਨ ਤਾਂ ਜੋ ਅਸੀ ਸਾਰੇ ਤੰਦਰੁਸਤ ਤੇ ਬਿਮਾਰੀਆਂ ਤੋਂ ਰਹਿਤ ਜੀਵਨ ਜੀ ਸਕੀਏ।

ਸਮਾਗਮ ਨੂੰ ਸੰਬੋਧਨ ਕਰਦਿਆਂ ਪੰਜਾਬ ਸਰਕਾਰ ਦੇ ਖੁਰਾਕ, ਸਿਵਲ ਸਪਲਾਈ ਅਤੇ ਖ਼ਪਤਕਾਰ ਮਾਮਲਿਆਂ ਬਾਰੇ ਵਿਭਾਗ ਦੇ ਕੈਬਨਿਟ ਮੰਤਰੀ ਸ੍ਰੀ ਭਾਰਤ ਭੂਸ਼ਣ ਆਸ਼ੂ ਨੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੇ ਅਮੀਰ ਵਿਰਸੇ ਅਤੇ ਸੱਭਿਆਚਾਰ ਨੂੰ ਹੋਰ ਪ੍ਰਫੁੱਲਿਤ ਕਰਨ ਲਈ ਉਪਰਾਲੇ ਕਰ ਰਹੀ ਹੈ, ਜੋ ਕਿ ਲਗਾਤਾਰ ਜਾਰੀ ਰੱਖੇ ਜਾਣਗੇ। ਉਨਾਂ ਸ਼ਹਿਰ ਵਾਸੀਆਂ ਨੂੰ ਸੱਦਾ ਦਿੱਤਾ ਕਿ ਉਹ ਜਿੱਥੇ ਪੰਜਾਬ ਦੇ ਅਮੀਰ ਵਿਰਸੇ ਅਤੇ ਸੱਭਿਆਚਾਰ ਨਾਲ ਜੁੜਨ ਉਥੇ ਸ਼ਹਿਰ ਨੂੰ ਸਾਫ਼ ਸੁਥਰਾ ਰੱਖਣ ਵਿੱਚ ਵੀ ਯੋਗਦਾਨ ਪਾਉਣ। ਉਨਾਂ ਕਿਹਾ ਕਿ ਸ਼ਹਿਰ ਲੁਧਿਆਣਾ ਉਸ ਸਮੇਂ ਤੱਕ ਸਹੀ ਮਾਅਨਿਆਂ ਵਿੱਚ ‘ਸਮਾਰਟ’ ਨਹੀਂ ਹੋ ਸਕਦਾ, ਜਦੋਂ ਤੱਕ ਲੋਕ ਖੁਦ ਸਮਾਰਟ ਹੋ ਕੇ ਇਸ ਦਿਸ਼ਾ ਵਿੱਚ ਸਹਿਯੋਗ ਨਾ ਕਰਨ।

ਮੇਅਰ ਨਗਰ ਨਿਗਮ ਸ੍ਰ. ਬਲਕਾਰ ਸਿੰਘ ਸੰਧੂ ਨੇ ਕਿਹਾ ਕਿ ਅਜਿਹੇ ਮੇਲੇ ਸ਼ਹਿਰ ਦੇ ਹੋਰ ਪਾਰਕਾਂ ਵਿੱਚ ਆਯੋਜਿਤ ਕੀਤੇ ਜਾਣਗੇ ਤਾਂ ਜੋ ਸਾਡੇ ਬੱਚੇ ਮਹਾਨ ਵਿਰਾਸਤ ਅਤੇ ਪੁਰਾਤਨ ਪੇਂਡੂ ਜੀਵਨ ਤੋਂ ਜਾਣੂ ਹੋ ਸਕਣ। ਉਹਨਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਆਪਣਾ ਆਲਾ-ਦੁਆਲਾ ਸਾਫ਼ ਰੱਖਣ ਅਤੇ ਪਲਾਸਟਿਕ ਦੇ ਲਿਫਾਫਿਆਂ ਦੀ ਵਰਤੋਂ ਨਾ ਕਰਨ। ਸ਼ਹਿਰ ਨੂੰ ਹਰਾ-ਭਰਾ ਤੇ ਸਾਫ-ਸੁੱਥਰਾ ਰੱਖਣ ਵਿੱਚ ਨਗਰ-ਨਿਗਮ ਦਾ ਸਹਿਯੋਗ ਕਰਨ। ਇਸ ਮੌਕੇ ਉਹਨਾਂ ਮੇਲੇ ਵਿੱਚ ਆਏ ਸ਼ਹਿਰ ਦੇ ਪਤਵੰਤੇ ਵਿਅਕਤੀਆਂ ਦਾ ਧੰਨਵਾਦ ਕੀਤਾ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ, ਪੁਲਿਸ ਕਮਿਸ਼ਨਰ ਸ੍ਰੀ ਸੁਖਚੈਨ ਸਿੰਘ ਗਿੱਲ, ਕਮਿਸ਼ਨਰ ਨਗਰ ਨਿਗਮ ਕੇ.ਪੀ. ਬਰਾੜ, ਆਈ. ਏ. ਐੱਸ. ਅਧਿਕਾਰੀ ਸ੍ਰੀਮਤੀ ਅੰਮ੍ਰਿਤ ਕੌਰ ਗਿੱਲ, ਵਧੀਕ ਡਿਪਟੀ ਕਮਿਸ਼ਨਰ ਜਗਰਾਂਉ ਸ੍ਰੀਮਤੀ ਨੀਰੂ ਕਤਿਆਲ ਗੁਪਤਾ, ਕੌਸਲਰ ਸ੍ਰੀਮਤੀ ਮਮਤਾ ਆਸ਼ੂ ਸਮੇਤ ਲਗਭਗ ਸਾਰੇ ਹੀ ਕੌਸਲਰਾਂ ਤੋਂ ਇਲਾਵਾ ਸ਼ਹਿਰ ਦੀਆਂ ਪ੍ਰਮੁੱਖ ਸ਼ਖਸ਼ੀਅਤਾਂ ਹਾਜ਼ਰ ਸਨ।

  • 7
    Shares

LEAVE A REPLY