ਬੱਕਰੀ ਦੇ ਖੂਨ ਨਾਲ ਹੋਇਆ ਕਰੇਗਾ ਥੈਲੇਸੀਮੀਆ ਦਾ ਇਲਾਜ – ਲੁਧਿਆਣਾ ਦੇ ਮਾਡਲ ਗਰਾਮ ਦੇ ਸਰਕਾਰੀ ਆਯੁਰਵੈਦਿਕ ਹਸਪਤਾਲ ਵਿੱਚ ਹੋਇਆ ਕਰੇਗਾ ਇਲਾਜ


Thalassemia Patients will be cure using Goat Blood in ludhiana City under Tandrust Punjab Mission

ਲੁਧਿਆਣਾ – ਪੰਜਾਬ ਸਰਕਾਰ ਵੱਲੋਂ ‘ਮਿਸ਼ਨ ਤੰਦਰੁਸਤ ਪੰਜਾਬ’ ਤਹਿਤ ਇੱਕ ਪ੍ਰੋਜੈਕਟ ‘ਤੇ ਕੰਮ ਕੀਤਾ ਜਾ ਰਿਹਾ ਹੈ, ਜਿਸ ਵਿੱਚ ਬੱਕਰੀ ਦੇ ਖੂਨ ਨਾਲ ਥੈਲੇਸੀਮੀਆ ਪੀੜਤ ਮਰੀਜ਼ਾਂ ਦਾ ਇਲਾਜ਼ ਕੀਤਾ ਜਾਇਆ ਕਰੇਗਾ। ਇਸ ਇਲਾਜ ਵਿਧੀ ਅਧੀਨ ਮਰੀਜ਼ ਨੂੰ ਮਲ ਤਿਆਗ ਵਾਲੀ ਜਗਾਂ (ਅਨੀਮਾ) ਰਾਹੀਂ ਬੱਕਰੀ ਦਾ ਖੂਨ ਚੜਾਇਆ ਜਾਇਆ ਕਰੇਗਾ। ਇਹ ਪ੍ਰੋਜੈਕਟ ਸਥਾਨਕ ਮਾਡਲ ਗਰਾਮ ਸਥਿਤ ਸਰਕਾਰੀ ਆਯੁਰਵੈਦਿਕ ਹਸਪਤਾਲ ਵਿਖੇ ਜਲਦ ਸ਼ੁਰੂ ਹੋਣ ਜਾ ਰਿਹਾ ਹੈ।

ਇਸ ਹਸਪਤਾਲ ਦੇ ਇੰਚਾਰਜ ਡਾ. ਹੇਮੰਤ ਕੁਮਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਪ੍ਰੋਜੈਕਟ ਸੰਬੰਧੀ ਡਿਟੇਲਡ ਰਿਪੋਰਟ ਡਾਇਰੈਕਟੋਰੇਟ ਪੰਜਾਬ ਚੰਡੀਗੜ ਨੂੰ ਭੇਜੀ ਜਾ ਚੁੱਕੀ ਹੈ। ਇਸ ਪ੍ਰੋਜੈਕਟ ਅਤੇ ਇਲਾਜ਼ ਦੇ ਸ਼ੁਰੂ ਹੋਣ ਨਾਲ ਥੈਲੇਸੀਮੀਆ ਮਰੀਜ਼ਾਂ ਨੂੰ ਕਾਫੀ ਲਾਭ ਪਹੁੰਚੇਗਾ। ਇਸ ਪ੍ਰੋਜੈਕਟ ਨੂੰ ਸਿਰੇ ਚਾੜਨ ਲਈ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਵੱਲੋਂ ਸਾਂਝੇ ਤੌਰ ‘ਤੇ ਫੰਡਿੰਗ ਕੀਤੀ ਜਾ ਰਹੀ ਹੈ।

ਉਨਾਂ ਦੱਸਿਆ ਕਿ ਇਸ ਇਲਾਜ ਵਿਧੀ ਨੂੰ ਆਯੁਰਵੇਦ ਵਿੱਚ ‘ਰਕਤਾਬਸਤੀ’ ਵਜੋਂ ਜਾਣਿਆ ਜਾਂਦਾ ਹੈ। ਇਸ ਇਲਾਜ ਵਿਧੀ ਅਧੀਨ ਮਰੀਜ਼ ਨੂੰ ਉਸਦੇ ਮਲ ਤਿਆਗ ਵਾਲੇ ਲਾਂਘੇ (ਅਨੀਮਾ) ਰਾਹੀਂ ਬੱਕਰੀ ਦਾ ਖੂਨ ਚੜਾਇਆ ਜਾਂਦਾ ਹੈ, ਜਿਸ ਨਾਲ ਮਰੀਜ਼ ਵਿੱਚ ਵਾਰ-ਵਾਰ ਖੂਨ ਦੀ ਕਮੀ ਨਹੀਂ ਹੁੰਦੀ। ਬੱਕਰੀ ਦਾ ਖੂਨ ਚੜਾਉਣ ਦੇ ਨਾਲ-ਨਾਲ ਮਰੀਜ਼ ਨੂੰ ਬਿਮਾਰੀਆਂ ਨਾਲ ਸਰੀਰਕ ਤੌਰ ‘ਤੇ ਲੜਨ ਦੇ ਸਮਰੱਥ ਬਣਾਉਣ ਲਈ ਦਵਾਈਆਂ ਅਤੇ ਬੱਕਰੀ ਦੀਆਂ ਹੱਡੀਆਂ ਤੋਂ ਤਿਆਰ ‘ਦੇਸੀ ਘਿਉ’ ਵੀ ਦਿੱਤਾ ਜਾਂਦਾ ਹੈ।

ਉਨਾਂ ਹੋਰ ਵੇਰਵਾ ਦਿੰਦਿਆਂ ਦੱਸਿਆ ਕਿ ਜਦੋਂ ਇਲਾਜ਼ ਸ਼ੁਰੂ ਹੁੰਦਾ ਹੈ ਤਾਂ ਇਸ ਨਾਲ ਮਰੀਜ਼ ਨੂੰ ਖੂਨ ਚੜਾਉਣ ਦੀ ਗਿਣਤੀ ਵਿੱਚ ਕਮੀ ਆਉਣ ਲੱਗਦੀ ਹੈ। ਉਦਾਹਰਨ ਵਜੋਂ ਜੇਕਰ ਬਿਮਾਰੀ ਦੌਰਾਨ ਮਰੀਜ਼ ਨੂੰ ਮਹੀਨੇ ਵਿੱਚ ਚਾਰ ਵਾਰ ਖੂਨ ਚੜਾਉਣ ਦੀ ਲੋੜ ਰਹਿੰਦੀ ਹੈ ਤਾਂ ਇਹ ਇਲਾਜ਼ ਸ਼ੁਰੂ ਹੋਣ ‘ਤੇ ਇਹ ਗਿਣਤੀ ਥੈਲੇਸੀਮੀਆ ਦੇ ਮੁਕੰਮਲ ਖਾਤਮੇ ਤੱਕ ਲਗਾਤਾਰ ਘਟਦੀ ਰਹਿੰਦੀ ਹੈ।

ਉਨਾਂ ਕਿਹਾ ਕਿ ਅਜਿਹੇ ਪ੍ਰੋਜੈਕਟ ਗੁਜਰਾਤ, ਮੱਧ ਪ੍ਰਦੇਸ਼, ਮਹਾਰਾਸ਼ਟਰ, ਰਾਜਸਥਾਨ ਆਦਿ ਰਾਜਾਂ ਵਿੱਚ ਸਫ਼ਲਤਾਪੂਰਵਕ ਚੱਲ ਰਹੇ ਹਨ। ਅਹਿਮਦਾਬਾਦ (ਗੁਜਰਾਤ) ਦੇ ਹਸਪਤਾਲ ਵਿੱਚ ਤਾਂ ਇਹ ਇਲਾਜ ਵਿਧੀ 1984 ਤੋਂ ਚਲਾਈ ਜਾ ਰਹੀ ਹੈ। ਡਾ. ਹੇਮੰਤ ਕੁਮਾਰ ਨੇ ਦੱਸਿਆ ਕਿ ਪੰਜਾਬ ਸਰਕਾਰ ਦੀ ਤਰਫੋਂ ਉਨਾਂ ਸਮੇਤ 7 ਡਾਕਟਰਾਂ ਦੀ ਟੀਮ ਨੇ ਅਹਿਮਦਾਬਾਦ ਹਸਪਤਾਲ ਤੋਂ ਇਸ ਬਾਰੇ ਸਿਖ਼ਲਾਈ ਵੀ ਲੈ ਲਈ ਹੈ।

ਉਨਾਂ ਕਿਹਾ ਕਿ ਇਲਾਜ ਲਈ ਲੋੜੀਂਦਾ ਬੱਕਰੀਆਂ ਦਾ ਖੂਨ ਨਗਰ ਨਿਗਮ ਲੁਧਿਆਣਾ ਦੇ ਬੁੱਚੜਖਾਨੇ ਤੋਂ ਲਿਆ ਜਾਇਆ ਕਰੇਗਾ। ਖੂਨ ਦੀ ਵਰਤੋਂ ਤੋਂ ਪਹਿਲਾਂ ਇਹ ਬਕਾਇਦਾ ਪਸ਼ੂ ਪਾਲਣ ਵਿਭਾਗ, ਪੰਜਾਬ ਦੀ ਲੈਬਾਰਟਰੀ ਤੋਂ ਚੈੱਕ ਕਰਵਾਇਆ ਜਾਇਆ ਕਰੇਗਾ। ਆਯੁਰਵੈਦ ਵਿਭਾਗ, ਪੰਜਾਬ ਦੇ ਡਾਇਰੈਕਟਰ ਡਾ. ਰਾਕੇਸ਼ ਸ਼ਰਮਾ ਨੇ ਦੱਸਿਆ ਕਿ ਪੰਜਾਬ ਹੈੱਲਥ ਸਿਸਟਮਜ਼ ਕਾਰਪੋਰੇਸ਼ਨ ਵੱਲੋਂ ਇਸ ਦਿਸ਼ਾ ਵਿੱਚ ਲਗਾਤਾਰ ਯਤਨ ਜਾਰੀ ਹਨ। ਇਸ ਇਲਾਜ ਵਿਧੀ ਨੂੰ ਸ਼ੁਰੂ ਕਰਨ ਲਈ ਸਾਜੋ-ਸਮਾਨ ਇਕੱਤਰ ਕੀਤਾ ਜਾ ਰਿਹਾ ਹੈ।

  • 1
    Share

LEAVE A REPLY