ਤੜਕੇ ਸੈਰ ਕਰਨ ਜਾਂ ਦੁੱਧ ਲੈਣ ਗਏ ਲੋਕਾਂ ਦੇ ਘਰਾਂ ਚ ਕਰਦਾ ਸੀ ਚੋਰੀਆਂ ਪੁਲਿਸ ਨੇ ਕੀਤਾ ਗ੍ਰਿਫਤਾਰ


Theft Gang Arrested by Ludhiana Police

ਲੁਧਿਆਣਾ – ਫਿਲਮਾਂ ਤੋਂ ਆਈਡੀਆ ਲੈ ਕੇ ਸਵੇਰੇ ਘਰਾਂ ਚ ਦਾਖਲ ਹੋ ਕੇ ਚੋਰੀਆਂ ਕਰ ਕੇ ਪੁਲਸ ਦੇ ਨੱਕ ਚ ਦਮ ਕਰ ਚੁੱਕੇ ਬਿੱਲੀ ਚੋਰ ਨੂੰ ਆਖਰਕਾਰ ਪੁਲਸ ਨੇ ਗ੍ਰਿਫਤਾਰ ਕਰ ਲਿਆ। 45 ਦਿਨਾਂ ਚ ਥਾਣਾ ਡਵੀਜ਼ਨ ਨੰ. 4 ਦੇ ਇਲਾਕੇ ਚ 7 ਚੋਰੀਆਂ ਕਰ ਚੁੱਕੇ ਬਿੱਲੀ ਚੋਰ ਦੀ ਖਾਸੀਅਤ ਇਹ ਹੈ ਕਿ ਹਰ ਘਰ ਵਿਚ ਚੋਰੀ ਕਰਨ ਜਾਂਦੇ ਸਮੇਂ ਉਹ ਬਿੱਲੀ ਦੀ ਚਾਲ ਚੱਲਦਾ ਸੀ ਤਾਂ ਜੋ ਮੌਜੂਦਾ ਲੋਕਾਂ ਨੂੰ ਪਤਾ ਨਾ ਲੱਗ ਸਕੇ। ਪੁਲਸ ਨੇ ਉਸ ਦੇ ਕੋਲੋਂ ਚੋਰੀਸ਼ੁਦਾ ਮੋਬਾਇਲ ਖਰੀਦਣ ਵਾਲੇ ਉਸ ਦੇ ਸਾਥੀ ਨੂੰ ਵੀ ਸੀ. ਸੀ. ਟੀ. ਵੀ. ਫੁਟੇਜ ਦੀ ਮਦਦ ਨਾਲ ਗ੍ਰਿਫਤਾਰ ਕਰ ਲਿਆ ਹੈ। ਪੁਲਸ ਨੇ ਉਨ੍ਹਾਂ ਕੋਲੋਂ ਚੋਰੀਸ਼ੁਦਾ 9 ਮੋਬਾਇਲ, 1 ਮੋਟਰਸਾਈਕਲ, 5 ਹਜ਼ਾਰ ਰੁਪਏ ਕੈਸ਼, 1 ਸਿਲੰਡਰ, 1 ਐੱਲ. ਸੀ. ਡੀ. ਬਰਾਮਦ ਕੀਤੀ ਹੈ। ਉਪਰੋਕਤ ਜਾਣਕਾਰੀ ਏ. ਡੀ. ਸੀ. ਪੀ. ਗੁਰਪ੍ਰੀਤ ਸਿੰਘ ਸਿਕੰਦ, ਏ. ਸੀ. ਪੀ. ਵਰਿਆਮ ਸਿੰਘ, ਏ. ਸੀ. ਪੀ. ਲਖਵੀਰ ਸਿੰਘ ਟਿਵਾਣਾ ਨੇ ਪ੍ਰੈੱਸ ਕਾਨਫਰੰਸ ਦੌਰਾਨ ਦਿੱਤੀ। ਉਨ੍ਹਾਂ ਦੱਸਿਆ ਕਿ ਫਡ਼ੇ ਗਏ ਚੋਰ ਦੀ ਪਛਾਣ ਰਾਮੇਸ਼ ਕੁਮਾਰ (22) ਵਾਸੀ ਜੁਗਿਆਨਾ ਤੇ ਚੋਰੀਸ਼ੁਦਾ ਮੋਬਾਇਲ ਖਰੀਦਣ ਵਾਲੇ ਦੀ ਨਰੇਸ਼ ਕੁਮਾਰ ਵਾਸੀ ਦਿਆਲ ਨਗਰ, ਨਕੋਦਰ ਵਜੋਂ ਹੋਈ ਹੈ।

ਪੁਲਸ ਨੇ ਉਸ ਨੂੰ ਸੂਚਨਾ ਦੇ ਅਾਧਾਰ ਤੇ ਗ੍ਰਿਫਤਾਰ ਕਰ ਕੇ ਚੋਰੀਸ਼ੁਦਾ ਮੋਬਾਇਲ ਬਰਾਮਦ ਕੀਤੇ ਹਨ। ਪੁਲਸ ਅਨੁਸਾਰ ਬਿੱਲੀ ਚੋਰ ਤੋਂ ਖੁਲਾਸਾ ਹੋਇਆ ਹੈ ਕਿ ਹਰ ਰੋਜ਼ ਰਾਤ 2 ਵਜੇ ਉਠ ਕੇ ਉਹ ਘਰੋਂ ਬਾਹਰ ਆ ਜਾਂਦਾ ਤੇ ਸਵੇਰ ਤੱਕ ਅਜਿਹੇ ਘਰ ਦੇ ਖੁੱਲ੍ਹਣ ਦਾ ਇੰਤਜ਼ਾਰ ਕਰਦਾ, ਜਿਸ ਚ ਲੋਕ ਸਵੇਰੇ ਸੈਰ, ਦੁੱਧ ਲੈਣ ਲਈ ਨਿਕਲਦੇ ਹਨ ਅਤੇ ਜਾਂਦੇ ਸਮੇਂ ਘਰ ਦੇ ਦਰਵਾਜ਼ੇ ਨੂੰ ਲਾਕ ਨਹੀਂ ਕਰਦੇ। ਇਸੇ ਗੱਲ ਦਾ ਫਾਇਦਾ ਚੁੱਕ ਕੇ ਉਹ ਕੁਝ ਮਿੰਟਾਂ ਚ ਚੋਰੀ ਕਰ ਕੇ ਫਰਾਰ ਹੋ ਜਾਂਦਾ ਸੀ। ਪੁਲਸ ਅਨੁਸਾਰ ਚੋਰੀ ਕਰਨ ਲਈ ਜਿਸ ਮੋਟਰਸਾਈਕਲ ਤੇ ਘਰੋਂ ਆਉਂਦਾ ਸੀ, ਉਹ ਕੁਝ ਸਮਾਂ ਪਹਿਲਾਂ ਰੇਲਵੇ ਸਟੇਸ਼ਨ ਤੋਂ ਚੋਰੀ ਕੀਤਾ ਸੀ। ਪੁਲਸ ਦਾ ਦਾਅਵਾ ਹੈ ਕਿ ਬਿੱਲੀ ਚੋਰ ਨੇ ਸ਼ਹਿਰ ’ਚ 20 ਤੋਂ ਜ਼ਿਆਦਾ ਵਾਰਦਾਤਾਂ ਕੁਝ ਦਿਨਾਂ ਵਿਚ ਕੀਤੀਆਂ ਹਨ। ਰਿਮਾਂਡ ਦੌਰਾਨ ਮੁਲਜ਼ਮ ਤੋਂ ਕਈ ਅਹਿਮ ਖੁਲਾਸੇ ਹੋ ਸਕਦੇ ਹਨ।

ਕਈ ਘਰਾਂ ਦੇ ਲੋਕਾਂ ਦੀ ਹੋਈ ਆਪਸ ਚ ਲਡ਼ਾਈ

ਇੰਸ. ਸੁਰਿੰਦਰ ਚੋਪਡ਼ਾ ਅਨੁਸਾਰ ਬਿੱਲੀ ਚੋਰ ਵੱਲੋਂ ਹੱਥ ਸਾਫ ਕਰਨ ਤੋਂ ਬਾਅਦ ਕਈ ਘਰਾਂ ਚ ਝਗਡ਼ੇ ਵੀ ਹੋਏ ਕਿਉਂਕਿ ਪਰਿਵਾਰਕ ਮੈਂਬਰ ਇਕ-ਦੂਜੇ ਤੇ ਸ਼ੱਕ ਕਰਨ ਲੱਗ ਪਏ। ਸਵੇਰੇ ਇਸ ਤਰ੍ਹਾਂ ਚੋਰੀ ਦੀ ਵਾਰਦਾਤ ਹੋਣਾ ਲੋਕਾਂ ਦੀ ਸਮਝ ਤੋਂ ਪਰ੍ਹੇ ਸੀ।

ਪੁਲਸ ਦੀ ਅਪੀਲ, ਬਾਹਰ ਜਾਣ ਸਮੇਂ ਘਰਾਂ ਨੂੰ ਕਰ ਕੇ ਜਾਓ ਲਾਕ

ਏ. ਸੀ. ਪੀ. ਵਰਿਆਮ ਸਿੰਘ ਵਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਸਵੇਰੇ ਘਰਾਂ ਤੋਂ ਬਾਹਰ ਸੈਰ ਜਾਂ ਕਿਸੇ ਹੋਰ ਕੰਮ ਜਾਣ ਵਾਲੇ ਲੋਕ ਮੇਨ ਗੇਟ ਨੂੰ ਅੰਦਰੋਂ ਤਾਲਾ ਲਾ ਕੇ ਜਾਣ ਕਿਉਂਕਿ ਇਸ ਸਮੇਂ ਸਾਰੇ ਪਰਿਵਾਰਕ ਮੈਂਬਰ ਘਰ ਚ ਸੌਂ ਰਹੇ ਹੁੰਦੇ ਹਨ ਤੇ ਚੋਰ ਆਸਾਨੀ ਨਾਲ ਆਪਣਾ ਕੰਮ ਕਰ ਕੇ ਰਫੂ-ਚੱਕਰ ਹੋ ਜਾਂਦੇ ਹਨ।

ਚੋਰੀਸ਼ੁਦਾ ਮੋਟਰਸਾਈਕਲ ਤੇ ਸਨੈਚਿੰਗ ਕਰਨ ਵਾਲੇ 2 ਗ੍ਰਿਫਤਾਰ

ਥਾਣਾ ਡਵੀਜ਼ਨ ਨੰ. 3 ਦੀ ਪੁਲਸ ਨੇ ਚੋਰੀਸ਼ੁਦਾ ਮੋਟਰਸਾਈਕਲ ਤੇ ਪ੍ਰਵਾਸੀਆਂ ਕੋਲੋਂ ਸਨੈਚਿੰਗ ਕਰਨ ਵਾਲੇ 2 ਚੋਰਾਂ ਨੂੰ ਗ੍ਰਿਫਤਾਰ ਕੀਤਾ ਅਤੇ ਉਨ੍ਹਾਂ ਕੋਲੋਂ ਚੋਰੀਸ਼ੁਦਾ ਮੋਟਰਸਾਈਕਲ ਤੇ 2 ਐਕਟਿਵਾ ਬਰਾਮਦ ਕਰ ਕੇ ਕੇਸ ਦਰਜ ਕੀਤਾ ਹੈ। ਥਾਣਾ ਇੰਚਾਰਜ ਸਤਵੰਤ ਸਿੰਘ ਅਨੁਸਾਰ ਫਡ਼ੇ ਗਏ ਚੋਰਾਂ ਦੀ ਪਛਾਣ ਗੁਰਦੀਪ ਸਿੰਘ ਵਾਸੀ ਟਿੱਬਾ ਰੋਡ ਤੇ ਸੁਖਜੀਤ ਸਿੰਘ ਵਾਸੀ ਈ. ਡਬਲਯੂ. ਐੱਸ. ਕਾਲੋਨੀ ਵਜੋਂ ਹੋਈ ਹੈ। ਪੁਲਸ ਨੇ ਉਨ੍ਹਾਂ ਨੂੰ ਸੂਚਨਾ ਦੇ ਆਧਾਰ ਤੇ ਲੇਬਰ ਕੱਟ ਕਾਲੋਨੀ ਨੇਡ਼ੇ ਨਾਕਾਬੰਦੀ ਦੌਰਾਨ ਗ੍ਰਿਫਤਾਰ ਕੀਤਾ ਹੈ। ਪੁਲਸ ਅਨੁਸਾਰ ਇਸ ਗਿਰੋਹ ਵੱਲੋਂ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਚ ਪ੍ਰਵਾਸੀਆਂ ਤੋਂ ਲੁੱਟ ਦੀਆਂ ਵਾਰਦਾਤਾਂ ਕੀਤੀਆਂ ਗਈਆਂ ਹਨ, ਜਿਨ੍ਹਾਂ ’ਚੋਂ 4 ਦਾ ਖੁਲਾਸਾ ਪੁਲਸ ਹੁਣ ਤੱਕ ਦੀ ਪੁੱਛਗਿੱਛ ਦੌਰਾਨ ਕਰ ਚੁੱਕੀ ਹੈ।


LEAVE A REPLY