ਲੁਧਿਆਣਾ – 22 ਦਿਨ ਪਹਿਲਾਂ ਰੇਲਵੇ ਸਟੇਸ਼ਨ ਤੋਂ ਰਾਜਪੁਰਾ ਜਾਣ ਲਈ ਗਾਹਕ ਬਣ ਕੇ ਕੈਬ ਬੁੱਕ ਕਰਕੇ ਲੁੱਟਣ ਦੇ ਮਾਮਲੇ ਨੂੰ ਸੀ. ਆਈ. ਏ.-1 ਦੀ ਪੁਲਸ ਨੇ ਹਲ ਕਰ ਲਿਆ ਹੈ। ਪੁਲਸ ਨੇ ਵਾਰਦਾਤ ਨੂੰ ਅੰਜਾਮ ਦੇਣ ਵਾਲੇ 3 ਦੋਸਤਾਂ ਨੂੰ ਮੰਗਲਵਾਰ ਨੂੰ ਢੰਡਾਰੀ ਰੇਲਵੇ ਸਟੇਸ਼ਨ ਤੋਂ ਦਬੋਚ ਲਿਆ। ਜਦ ਕਿ ਉਨ੍ਹਾਂ ਦਾ ਚੌਥਾ ਸਾਥੀ ਫਰਾਰ ਹੈ। ਪੁਲਸ ਉਨ੍ਹਾਂ ਨੂੰ ਅਦਾਲਤ ਚ ਪੇਸ਼ ਕਰ ਕੇ ਰਿਮਾਂਡ ਤੇ ਗੰਭੀਰਤਾ ਨਾਲ ਪੁੱਛਗਿੱਛ ਕਰੇਗੀ। ਸੀ. ਆਈ. ਏ-1 ਦੇ ਏ. ਐੱਸ. ਆਈ. ਬੂਟਾ ਸਿੰਘ ਨੇ ਦੱਸਿਆ ਕਿ ਸਾਰੇ ਦੋਸ਼ੀ ਅੰਮ੍ਰਿਤਸਰ ਰੇਲਵੇ ਸਟੇਸ਼ਨ ਤੇ ਠੇਕੇਦਾਰ ਕੋਲ ਗੱਡੀਆਂ ਧੋਣ ਦੀ ਪ੍ਰਾਈਵੇਟ ਨੌਕਰੀ ਕਰਦੇ ਹਨ ਅਤੇ ਇਕ-ਦੂਸਰੇ ਨੂੰ 6 ਤੋਂ 8 ਮਹੀਨੇ ਪੁਰਾਣੇ ਜਾਣਦੇ ਹਨ। ਆਰਥਿਕ ਹਾਲਤ ਠੀਕ ਨਾ ਹੋਣ ਕਾਰਨ ਉਨ੍ਹਾਂ ਨੇ ਵਾਰਦਾਤ ਕਰਨ ਦਾ ਪਲਾਨ ਬਣਾਇਆ। ਕਿਸੇ ਖਿਲਾਫ ਪਹਿਲਾਂ ਕੋਈ ਕੇਸ ਦਰਜ ਨਹੀਂ ਹੈ। ਘਰ ਦਾ ਗੁਜ਼ਾਰਾ ਨਾ ਹੋਣ ਤੇ ਵਾਰਦਾਤ ਕਰਨ ਦਾ ਮਨ ਬਣਾਇਆ। 6 ਅਗਸਤ ਰਾਤ 8.30 ਵਜੇ ਅੰਮ੍ਰਿਤਸਰ ਤੋਂ ਟਰੇਨ ਵਿਚ ਚਡ਼੍ਹ ਕੇ ਲੁਧਿਆਣਾ ਰੇਲਵੇ ਸਟੇਸ਼ਨ ਪਹੁੰਚੇ, ਜਿੱਥੇ ਸਾਰਿਆਂ ਨੇ ਪਹਿਲਾਂ ਸ਼ਰਾਬ ਪੀਤੀ, ਜਿਸ ਦੇ ਬਾਅਦ ਜਤਿੰਦਰ ਅਤੇ ਮਨਮੋਹਨ ਰੇਲਵੇ ਸਟੇਸ਼ਨ ਦੀ ਪਾਰਕਿੰਗ ਵਿਚ ਗਏ ਅਤੇ ਕੈਬ ਬੁੱਕ ਕਰਵਾਈ। ਜਦੋਂ ਉਹ ਗਿਆਸਪੁਰਾ ਨੇਡ਼ੇ ਪਹੁੰਚੇ ਤਾਂ ਵਰਿੰਦਰਜੀਤ ਨੇ ਦਾਤਰ ਕੱਢ ਲਿਆ ਅਤੇ ਡਰਾਈਵਰ ਨੂੰ ਡਰਾ ਕੇ ਉਥੇ ਉਤਾਰ ਦਿੱਤਾ, ਜਾਂਦੇ ਸਮੇਂ ਲੁਟੇਰੇ ਡਰਾਈਵਰ ਦਾ ਅਤੇ ਕੰਪਨੀ ਦਾ ਮੋਬਾਇਲ ਫੋਨ ਵੀ ਆਪਣੇ ਨਾਲ ਲੈ ਗਏ ਪਰ ਰਸਤੇ ਚ ਪੈਟਰੋਲ ਖਤਮ ਹੋਣ ਤੇ ਵਾਰਦਾਤ ਨੂੰ ਅੰਜਾਮ ਨਾ ਦੇ ਸਕੇ।
ਮੇਰਠ ਵੇਚਣੀ ਸੀ ਕਾਰ, ਫੋਨ ਤੇ ਕੀਤੀ ਡੀਲ
ਪੁਲਸ ਅਨੁਸਾਰ ਬਦਮਾਸ਼ਾਂ ਕੋਲ ਜੇਬ ਵਿਚ ਸਿਰਫ 700 ਰੁਪਏ ਸਨ। ਉਨ੍ਹਾਂ ਨੂੰ ਆਸ ਨਹੀਂ ਸੀ ਕਿ ਕੈਬ ਵਿਚ ਤੇਲ ਨਹੀਂ ਹੋਵੇਗਾ, ਜਿਸ ਕਾਰਨ ਉਥੇ ਛੱਡ ਕੇ ਵਾਪਸ ਅੰਮ੍ਰਿਤਸਰ ਚਲੇ ਗਏ। ਜੇਕਰ ਕਾਰ ਵਿਚ ਤੇਲ ਹੁੰਦਾ ਤਾਂ ਉਨ੍ਹਾਂ ਨੇ ਮੇਰਠ ਜਾਣਾ ਸੀ, ਉਥੇ ਉਨ੍ਹਾਂ ਨੇ ਕਿਸੇ ਨਾਲ ਫੋਨ ਤੇ ਚੋਰੀਸ਼ੁਦਾ ਕਾਰ ਵੇਚਣ ਦੀ ਡੀਲ ਕੀਤੀ ਹੋਈ ਸੀ। ਪੁਲਸ ਅਨੁਸਾਰ ਮੇਰਠ ਤੋਂ ਜਿਸ ਵਿਅਕਤੀ ਨਾਲ ਗੱਲ ਕੀਤੀ ਹੈ, ਉਸ ਬਾਰੇ ਵੀ ਪਤਾ ਲਗਾਇਆ ਜਾ ਰਿਹਾ ਹੈ, ਉਥੇ ਦੋਵੇਂ ਮੋਬਾਇਲ ਫੋਨ ਫਰਾਰ ਦੋਸ਼ੀ ਧਰਮਪ੍ਰੀਤ ਸਿੰਘ ਕੋਲ ਹਨ, ਉਸ ਦੀ ਭਾਲ ਵਿਚ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ। ਦੋਸ਼ੀਆਂ ਨੇ ਦੱਸਿਆ ਕਿ ਜੇਕਰ ਉਹ 700 ਰੁਪਏ ਦਾ ਤੇਲ ਪੁਆ ਲੈਂਦੇ ਤਾਂ ਨਾ ਹੀ ਟੋਲ ਟੈਕਸ ਦੇ ਸਕਦੇ ਸਨ ਅਤੇ ਸਾਰੇ ਰਸਤੇ ਭੁੱਖਾ ਰਹਿਣਾ ਵੀ ਮੁਸ਼ਕਿਲ ਸੀ।
ਫਡ਼ੇ ਗਏ ਲੁਟੇਰਿਆਂ ਦੀ ਪਛਾਣ
ਮਨਮੋਹਨ ਸਿੰਘ (21) ਵਾਸੀ ਤਰਨਤਾਰਨ, ਵਰਿੰਦਰਜੀਤ ਸਿੰਘ (22) ਵਾਸੀ ਤਰਨਤਾਰਨ, ਜਤਿੰਦਰ ਸਿੰਘ (23) ਵਾਸੀ ਅੰਮ੍ਰਿਤਸਰ, ਧਰਮਪ੍ਰੀਤ ਸਿੰਘ ਨਿਵਾਸੀ ਅੰਮ੍ਰਿਤਸਰ (ਫਰਾਰ) ਵਜੋਂ ਹੋਈ ਹੈ।