ਸੈਕਟਰ 32 ਵਿੱਚ ਰੇਤ ਚੋਰੀ ਦੇ ਮਾਮਲੇ ਦਾ ਸਾਹਮਣਾ ਕਰ ਰਹੇ ਲੋਕਾਂ ਨੇ ਦੋਬਾਰਾ ਰੇਤ ਚੁੱਕ ਰਹੇ ਲੋਕਾਂ ਦਾ ਕੀਤਾ ਵਿਰੋਧ


ਅੱਜ ਲੁਧਿਆਣਾ ਦੇ ਸੈਕਟਰ 32 ਵਿੱਚ ਉਸਾਰੀ ਅਧੀਨ ਇੱਕ ਚੈਰੀਟੇਬਲ ਹਸਪਤਾਲ ਵਿੱਚ ਡੰਪ ਕੀਤੀ ਰੇਤ ਟਿਪਰਾਂ ਵਿੱਚ ਲੋਡ ਕਰਨ ਆਏ ਰੇਤ ਮਾਫੀਆ ਨੂੰ ਲੋਕਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ। ਲੋਕਾਂ ਦੇ ਭਾਰੀ ਵਿਰੋਧ ਦੇ ਚਲਦਿਆਂ ਮਾਮਲਾ ਪੁਲਿਸ ਕੋਲ ਪਹੁੰਚ ਗਿਆ ਪੁਲਿਸ ਨੇ ਸ਼ੁਰੁਆਤੀ ਕਾਰਵਾਈ ਕਰਦਿਆਂ 3 ਟਿਪਰਾਂ ਅਤੇ ਇਕ JCV ਮਸ਼ੀਨ ਨੂੰ ਉਸਾਰੀ ਅਧੀਨ ਹਸਪਤਾਲ ਦੀ ਚਾਰਦੀਵਾਰੀ ਤੋਂ ਬਾਹਰ ਆਉਣ ਤੇ ਰੋਕ ਲਗਾ ਦਿੱਤੀ ਤੇ ਮਾਮਲੇ ਦੀ ਸੂਚਨਾ ਮਾਈਨਿੰਗ ਵਿਭਾਗ ਨੂੰ ਭੇਜ ਦਿੱਤੀ।

ਜਿਕਰਯੋਗ ਗੱਲ ਇਹ ਕਿ ਪਿੱਛਲੇ ਸਾਲ ਦਸੰਬਰ ਵਿੱਚ ਇਸੇ ਜਗ੍ਹਾ ਤੇ ਰੇਤ ਟਿੱਪਰ ਭਰਕੇ ਬਾਹਰ ਲਿਜਾਏ ਜਾ ਰਹੇ ਸਨ ਤਾਂ ਪੁਲਿਸ ਨੇ ਕਾਰਵਾਈ ਕਰਦਿਆਂ ਕੁਝ ਲੋਕਾਂ ਤੇ ਨਜਾਇਜ਼ ਮਾਈਨਿੰਗ ਦਾ ਮਾਮਲਾ ਦਰਜ ਕਰ ਦਿੱਤਾ ਸੀ। ਨਜਾਇਜ਼ ਮਾਈਨਿੰਗ ਦੇ ਦਰਜ਼ ਮਾਮਲੇ ਦਾ ਸੇਕ ਝੱਲ ਰਹੇ ਲੋਕਾਂ ਨੇ ਪੁਲਿਸ ਪ੍ਰਸ਼ਾਸਨ ਅਤੇ ਮਾਈਨਿੰਗ ਵਿਭਾਗ ਤੇ ਆਰੋਪ ਲਗਾਉਂਦੇ ਹੋਏ ਕਿਹਾ ਕਿ ਜਿਨ੍ਹਾਂ ਕਾਗਜਾਂ ਦੀ ਮਨਜ਼ੂਰੀ ਦੀ ਆੜ ਵਿੱਚ ਹੁਣ ਰੇਤ ਚੁਕਵਾਈ ਜਾ ਰਹੀ ਹੈ ਤੇ ਮਾਈਨਿੰਗ ਵਿਭਾਗ ਵੱਲੋਂ ਵੀ ਉਹਨਾਂ ਕਾਗਜਾਂ ਤੇ ਸਹੀ ਹੋਣ ਦੀ ਗੱਲ ਕਰ ਰਿਹਾ ਹੈ। ਜਦ ਕਿ ਪਿਛਲੇ ਸਾਲ ਵੀ ਇਹਨਾਂ ਕਾਗਜਾਂ ਦੀ ਮਨਜ਼ੂਰੀ ਸਾਡੇ ਕੋਲ ਵੀ ਸੀ। ਪਰ ਉਸ ਵੇਲੇ ਉਸ ਮੰਜੂਰੀ ਨੂੰ ਜਾਅਲੀ ਦਸ ਕੇ ਸਾਡੇ ਤੇ ਨਜਾਇਜ਼ ਮਾਮਲੇ ਦਰਜ਼ ਕੀਤੇ ਗਏ। ਪਤਰਕਾਰਾਂ ਨਾਲ ਗਲਬਾਤ ਕਰਦਿਆਂ ਉਹਨਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਰੇਤ ਦੀ ਲੋਡਿੰਗ ਕਰਨ ਆਏ ਟਿਪਰਾਂ ਅਤੇ JCV ਮਸ਼ੀਨ ਤੇ ਵੀ ਮਾਮਲਾ ਦਰਜ ਕੀਤਾ ਜਾਵੇ ਜਾਂ ਫਿਰ ਸਾਡੇ ਤੇ ਦਰਜ ਕੀਤੇ ਮਾਮਲੇ ਵੀ ਰੱਦ ਕੀਤੇ ਜਾਣ।

ਦੂਜੇ ਪਾਸੇ ਪੂਰੇ ਮਾਮਲੇ ਦੀ ਜਾਣਕਾਰੀ ਲੈਣ ਲਈ ਮਾਈਨਿੰਗ ਅਫਸਰ ਵਿਪਨ ਕੁਮਾਰ ਨੂੰ ਫੋਨ ਤੇ ਸੰਪਰਕ ਕੀਤਾ ਤਾਂ ਪਹਿਲਾਂ ਤਾਂ ਮਾਈਨਿੰਗ ਦੀ ਮਨਜ਼ੂਰੀ ਦੀ ਗੱਲ ਕਰਦੇ ਰਹੇ ਜਦੋ ਉਹਨਾਂ ਨੂੰ ਪਿਛਲੇ ਸਾਲ ਹੋਏ ਦਰਜ ਮਾਮਲੇ ਬਾਰੇ ਜਾਣੂ ਕਰਵਾਇਆ ਤਾਂ ਉਹਨਾਂ ਟਾਲ ਮਟੋਲ ਕਰਦਿਆਂ ਫੋਨ ਕੱਟ ਦਿੱਤਾ। ਉਧਰ ACP ਪਵਨਜੀਤ ਚੌਧਰੀ ਨਾਲ ਗਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਸਾਨੂੰ ਸੂਚਨਾ ਮਿਲੀ ਸੀ ਕਿ ਸੈਕਟਰ 32 ਵਿੱਚ ਨਜਾਇਜ਼ ਮਾਈਨਿੰਗ ਹੋ ਰਹੀ ਹੈ ਜਿਸਤੇ ਕਾਰਵਾਈ ਕਰਦਿਆਂ ਅਸੀਂ ਟਿਪਰਾਂ ਵਿਚ ਰੇਤ ਭਰਨ ਦਾ ਕੰਮ ਰੁਕਵਾ ਦਿੱਤਾ ਤੇ ਮਾਈਨਿੰਗ ਵਿਭਾਗ ਨੂੰ ਇਸਦੀ ਸੂਚਨਾ ਦੇ ਦਿੱਤੀ ਹੈ।
ਲੁਧਿਆਣਾ ਤੋਂ ਪ੍ਰਦੀਪ ਭੰਡਾਰੀ ਦੀ ਰਿਪੋਰਟ।


LEAVE A REPLY