ਵੈਟਰਨਰੀ ਯੂਨੀਵਰਸਿਟੀ ਵਿਖੇ ਸੰਪੂਰਨ ਹੋਇਆ ਦੁੱਧ ਦੇ ਗੁਣਵੱਤਾ ਭਰਪੂਰ ਉਤਪਾਦ ਬਨਾਉਣ ਸੰਬੰਧੀ ਸਿਖ਼ਲਾਈ ਕੋਰਸ


ਲੁਧਿਆਣਾ – ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਡੇਅਰੀ ਸਾਇੰਸ ਅਤੇ ਤਕਨਾਲੋਜੀ ਕਾਲਜ ਵਿਖੇ ਦੁੱਧ ਦੇ ਗੁਣਵੱਤਾ ਭਰਪੂਰ ਉਤਪਾਦ ਬਨਾਉਣ ਸੰੰਬੰਧੀ 5 ਦਿਨਾ ਸਿਖਲਾਈ ਕੋਰਸ ਸੰਪੂਰਨ ਹੋ ਗਿਆ। ਕੋਰਸ ਦੇ ਸੰਯੋਜਕ ਡਾ. ਨਿਤਿਕਾ ਗੋਇਲ ਨੇ ਦੱਸਿਆ ਕਿ ਇਸ ਸਿਖਲਾਈ ਪ੍ਰੋਗਰਾਮ ਵਿਚ ਸਿੱਖਿਆਰਥੀਆਂ ਨੂੰ ਦੁੱਧ ਤੋਂ ਸੱਤ ਤਰ੍ਹਾਂ ਦੇ ਉਤਪਾਦ ਬਨਾਉਣ ਸੰਬੰਧੀ ਸਿੱਖਿਅਤ ਕੀਤਾ ਗਿਆ।ਇਹ ਉਤਪਾਦ ਮਿਲਕ ਕੇਕ, ਪਨੀਰ, ਪਨੀਰ ਦੇ ਪਾਣੀ ਦੇ ਪਦਾਰਥ, ਦਹੀਂ, ਵੱਖੋ-ਵੱਖਰੀ ਤਰ੍ਹਾਂ ਦੀ ਲੱਸੀ, ਮੌੋਜ਼ਰੈਲਾ ਚੀਜ਼ ਅਤੇ ਸੁਗੰਧਿਤ ਮਿੱਠਾ ਦੁੱਧ ਸਨ। ਸਿੱਖਿਆਰਥੀਆਂ ਨੂੰ ਕਾਰੋਬਾਰ ਕਰਨ ਵਾਸਤੇ ਛੋਟਾ ਡੇਅਰੀ ਪ੍ਰਾਸੈਸਿੰਗ ਪਲਾਂਟ ਲਗਾਉਣ ਸੰਬੰਧੀ ਵੀ ਗਿਆਨ ਦਿੱਤਾ ਗਿਆ ਅਤੇ ਇਹ ਕਿੱਤਾ ਕਰਨ ਲਈ ਜ਼ਰੂਰੀ ਲਾਇਸੰਸ ਅਤੇ ਹੋਰ ਸ਼ਰਤਾਂ ਪੂਰੀਆਂ ਕਰਨ ਵਾਸਤੇ ਵੀ ਮਾਹਿਰਾਂ ਨੇ ਜਾਣਕਾਰੀ ਦਿੱਤੀ।

ਡਾ. ਹਰੀਸ਼ ਕੁਮਾਰ ਵਰਮਾ, ਨਿਰਦੇਸ਼ਕ ਪਸਾਰ ਸਿੱਖਿਆ ਨੇ ਸਮਾਪਨ ਸਮਾਰੋਹ ਦੀ ਪ੍ਰਧਾਨਗੀ ਕਰਦਿਆਂ ਕਿਹਾ ਕਿ ਕਿਸਾਨਾਂ ਨੂੰ ਦੁੱਧ ਦੇ ਗੁਣਵੱਤਾ ਭਰਪੂਰ ਉਤਪਾਦਨ ਤਿਆਰ ਕਰਕੇ ਆਪ ਉਦਮੀ ਬਣਨਾ ਚਾਹੀਦਾ ਹੈ ਜਿਸ ਨਾਲ ਉਨ੍ਹਾਂ ਦਾ ਸਮਾਜਿਕ, ਆਰਥਿਕ ਪੱਧਰ ਉੱਪਰ ਉੱਠੇਗਾ।ਉਨ੍ਹਾਂ ਇਹ ਵੀ ਕਿਹਾ ਕਿ ਇਸ ਢੰਗ ਨਾਲ ਉਹ ਆਪਣੇ ਦੁੱਧ ਤੋਂ ਵਧੇਰੇ ਮੁਨਾਫਾ ਕਮਾਉਣ ਦੇ ਯੋਗ ਹੋ ਜਾਣਗੇ| ਡੇਅਰੀ ਸਾਇੰਸ ਕਾਲਜ ਦੇ ਡੀਨ, ਡਾ. ਅਨਿਲ ਕੁਮਾਰ ਪੂਨੀਆ ਨੇ ਕਾਲਜ ਦੇ ਵੱਖੋ-ਵੱਖਰੇ ਵਿਭਾਗਾਂ ਵਿਚ ਕਿਸਾਨਾਂ ਨੂੰ ਦਿੱਤੀਆਂ ਜਾ ਰਹੀਆਂ ਸਹੂਲਤਾਂ ਬਾਰੇ ਚਾਨਣਾ ਪਾਇਆ।ਉਨ੍ਹਾਂ ਕਿਹਾ ਕਿ ਕਿਸਾਨ ਵੀਰ ਅਤੇ ਭੈਣਾਂ ਲਗਾਤਾਰ ਯੂਨੀਵਰਸਿਟੀ ਦੇ ਸੰਪਰਕ ਵਿਚ ਰਹਿਣ ਅਤੇ ਨਵਾਂ ਗਿਆਨ ਹਾਸਿਲ ਕਰਦੇ ਰਹਿਣ।ਨਵੇਂ ਉਪਰਾਲੇ ਅਤੇ ਮਿਹਨਤ ਨਾਲ ਸਫਲਤਾ ਹਾਸਿਲ ਕੀਤੀ ਜਾ ਸਕਦੀ ਹੈ।

ਕਿਸਾਨਾਂ ਨੇ ਵੀ ਆਪਣੇ ਵਿਚਾਰ ਜ਼ਾਹਿਰ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਵੀ ਇਹ ਸਿਖਲਾਈ ਹਾਸਿਲ ਕਰਕੇ ਵਿਹਾਰਕ ਤੌਰ ’ਤੇ ਬੜਾ ਵਧੀਆ ਗਿਆਨ ਪ੍ਰਾਪਤ ਹੋਇਆ ਹੈ।ਉਨ੍ਹਾਂ ਇਹ ਵੀ ਕਿਹਾ ਕਿ ਉਹ ਤਕਨੀਕੀ ਤੌਰ ’ਤੇ ਹੁਣ ਵਧੇਰੇ ਸਮਰੱਥ ਹਨ ਅਤੇ ਦੁੱਧ ਦੇ ਉਤਪਾਦ ਬਨਾਉਣ ਵਿਚ ਜ਼ਿਆਦਾ ਰੁਚੀ ਲੈਣਗੇ।ਸਮਾਪਨ ਸਮਾਰੋਹ ਵਿਚ ਸਾਰੇ ਪ੍ਰਤੀਭਾਗੀਆਂ ਨੂੰ ਪ੍ਰਮਾਣ ਪੱਤਰ ਵੀ ਦਿੱਤੇ ਗਏ।


LEAVE A REPLY