ਲੁਧਿਆਣਾ ਚ ਦੋ ਕਿੰਨਰਾਂ ਨੇ ਰਚਾਇਆ ਵਿਆਹ


Transgender got Married in Ludhiana

ਜਦੋਂ ਕਿਸੇ ਦੇ ਘਰ ਬੱਚਾ ਜਨਮ ਲੈਂਦਾ ਹੈ ਜਾਂ ਵਿਆਹ ਹੁੰਦਾ ਹੈ ਤਾਂ ਉੱਥੇ ਕਿੰਨਰ ਵਧਾਈਆਂ ਦੇਣ ਜ਼ਰੂਰ ਪਹੁੰਚਦੇ ਹਨ। ਕਿੰਨਰ ਵਧਾਈਆਂ ਦੇਣ ਦੇ ਨਾਲ-ਨਾਲ ਖੁਸ਼ੀਆਂ ਨਾਲ ਮਹਿਕਦੇ ਵਿਹੜੇ ‘ਚ ਨੱਚਦੇ ਵੀ ਹਨ ਅਤੇ ਨਵਜੰਮੇ ਬੱਚੇ ਜਾਂ ਨਵੀਂ ਵਿਆਹੀ ਜੋੜੀ ਨੂੰ ਆਸ਼ੀਰਵਾਦ ਵੀ ਦਿੰਦੇ ਹਨ। ਪਰ ਜਦੋਂ ਕਿਸੇ ਕਿੰਨਰ ਦਾ ਵਿਆਹ ਹੁੰਦਾ ਹੈ ਤਾਂ ਇਹ ਕਿੰਨਰਾਂ ਲਈ ਖੁਸ਼ੀ ਵਾਲੀ ਗੱਲ ਹੁੰਦੀ ਹੈ। ਜੀ ਹਾਂ, ਘਰ-ਘਰ ਵਧਾਈਆਂ ਦੇਣ ਵਾਲੇ ਦੋ ਕਿੰਨਰਾਂ ਨੇ ਲੁਧਿਆਣਾ ਦੇ ਜਗਰਾਓਂ ‘ਚ ਵਿਆਹ ਕਰਵਾ ਕੇ ਨਵੀਂ ਜ਼ਿੰਦਗੀ ਸ਼ੁਰੂ ਕੀਤੀ ਹੈ।

ਜਗਰਾਓਂ ਦੇ ਸਿਧਵਾਂ ਬੇਟ ਦੇ ਮਾਨ ਪੈਲੇਸ ਵਿਚ ਕਿੰਨਰ ਸੰਮੇਲਨ ਚਲ ਰਿਹਾ ਹੈ, ਜੋ ਕਿ 10 ਦਿਨ ਤਕ ਚੱਲੇਗਾ। ਇਸ ਸੰਮੇਲਨ ਵਿਚ ਦੇਸ਼ ਭਰ ਤੋਂ ਕਰੀਬ 1,000 ਕਿੰਨਰ ਪਹੁੰਚੇ ਹੋਏ ਹਨ। ਇਸੇ ਸੰਮੇਲਨ ਵਿਚ ਲੁਧਿਆਣਾ ਦੇ ਮਹੰਤ ਕ੍ਰਾਂਤੀ ਲਾੜਾ ਅਤੇ ਪਾਤੜਾਂ ਦੀ ਮਹੰਤ ਲਾਲੀ ਲਾੜੀ ਬਣੀ। ਵਿਆਹੁਤਾ ਜੋੜੇ ਨੂੰ ਉੱਥੇ ਮੌਜੂਦ ਹੋਰ ਕਿੰਨਰਾਂ ਨੇ ਸ਼ਗਨ ਵੀ ਦਿੱਤਾ ਅਤੇ ਉਨ੍ਹਾਂ ਦੀ ਖੁਸ਼ੀ ਲਈ ਅਰਦਾਸ ਵੀ ਕੀਤੀ।

ਕਿੰਨਰ ਸੰਮੇਲਨ ਦੇ ਮੁੱਖ ਪ੍ਰਬੰਧਕ ਮਾਈ ਪ੍ਰੀਤੋ ਮਹੰਤ ਤਿਹਾੜਾ ਨੇ ਦੱਸਿਆ ਕਿ ਸਮਾਰੋਹ ਦਾ ਮਕਸਦ ਆਪਣੇ ਰੀਤੀ-ਰਿਵਾਜਾਂ ਨੂੰ ਸਾਂਝਾ ਕਰਨਾ ਅਤੇ ਦੁਨੀਆ ਦੀ ਸਲਾਮਤੀ ਲਈ ਦੁਆ ਮੰਗਣਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਭਰ ਤੋਂ ਆਏ ਕਿੰਨਰ 10 ਦਿਨ ਤਕ ਪੈਲੇਸ ਵਿਚ ਹੀ ਰਹਿਣਗੇ। ਉਨ੍ਹਾਂ ਇਹ ਵੀ ਦੱਸਿਆ ਕਿ ਇਹ ਸੰਮੇਲਨ ਕਿੰਨਰਾਂ ਲਈ ਕਿਸੇ ਵਿਆਹ ਤੋਂ ਘੱਟ ਨਹੀਂ ਹੁੰਦਾ। ਇਸ ਸਮਾਰੋਹ ਦਾ ਮੁੱਖ ਟੀਚਾ ਇਹ ਹੈ ਕਿ ਸਮੂਹ ਕਿੰਨਰ ਦੇਸ਼ ਭਰ ਦੇ ਬੱਚਿਆਂ ਦੀ ਖੁਸ਼ੀ, ਸੁੱਖ ਅਤੇ ਤੰਦਰੁਸਤੀ ਲਈ ਅਰਦਾਸ ਕਰਦੇ ਹਨ। ਇਸ ਤੋਂ ਇਲਾਵਾ ਅੱਜ ਦੇ ਸਮੇਂ ਵਿਚ ਟੁੱਟ ਰਹੇ ਰਿਸ਼ਤਿਆਂ ਦਾ ਸਿਲਸਿਲਾ ਰੋਕਣ ਲਈ ਵੀ ਪ੍ਰਾਰਥਨਾ ਕਰਦੇ ਹਨ।


LEAVE A REPLY