ਫਲਾਈਂਗ ਅਫ਼ਸਰ ਸਵਰਗੀ ਨਿਰਮਲਜੀਤ ਸਿੰਘ ਸੇਖੋਂ ਨੂੰ ਸ਼ਹੀਦੀ ਦਿਵਸ ਤੇ ਦਿਤੀ ਗਈ ਸ਼ਰਧਾਂਜਲੀਆਂ


ਲੁਧਿਆਣਾ – ਦੇਸ਼ ਦੀ ਰਾਖੀ ਲਈ ਜਾਨ ਨਿਸ਼ਾਵਰ ਕਰਨ ਵਾਲੇ ਫਲਾਈਂਗ ਅਫ਼ਸਰ ਸਵਰਗੀ ਨਿਰਮਲਜੀਤ ਸਿੰਘ ਸੇਖੋਂ (ਪਰਮਵੀਰ ਚੱਕਰ ਵਿਜੇਤਾ) ਨੂੰ ਉਨ੍ਹਾਂ ਦੇ ਸ਼ਹੀਦੀ ਦਿਵਸ ਤੇ ਅੱਜ ਸ਼ਰਧਾਂਜਲੀ ਭੇਂਟ ਕੀਤੀ ਗਈ। ਇਸ ਸੰਬੰਧੀ ਇੱਕ ਵਿਸ਼ੇਸ਼ ਸਮਾਗਮ ਸਥਾਨਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਲੁਧਿਆਣਾ ਵਿਖੇ ਆਯੋਜਿਤ ਕੀਤਾ ਗਿਆ, ਜਿਸ ਵਿੱਚ ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਅਗਰਵਾਲ, ਹਵਾਈ ਫੌਜ ਦੇ ਏਅਰ ਕੋਮਾਡੋਰ ਅੰਜਨਭਾਦਰਾ, ਗਰੁੱਪ ਕੈਪਟਨ ਸ੍ਰ. ਬਲਵਿੰਦਰ ਸਿੰਘ, ਗਰੁੱਪ ਕੈਪਟਨ ਸ੍ਰੀ ਐੱਨ. ਕੇ. ਛੱਬਾ, ਗਰੁੱਪ ਕੈਪਟਨ ਨਵੀਨ ਭਾਟੀਆ, ਸਹਾਇਕ ਕਮਿਸ਼ਨਰ (ਜਨਰਲ) ਸ੍ਰ. ਅਮਰਿੰਦਰ ਸਿੰਘ ਮੱਲ੍ਹੀ, ਸ਼ਹੀਦ ਦੇ ਪਰਿਵਾਰਕ ਮੈਂਬਰ ਅਤੇ ਹੋਰ ਪ੍ਰਮੁੱਖ ਸਖ਼ਸ਼ੀਅਤਾਂ ਹਾਜ਼ਰ ਸਨ।

ਇਸ ਮੌਕੇ ਸਮੂਹ ਹਾਜ਼ਰੀਨ ਵੱਲੋਂ ਸ਼ਹੀਦ ਦੇ ਬੁੱਤ ਅੱਗੇ ਫੁੱਲ ਮਾਲਾਵਾਂ ਭੇਟ ਕੀਤੀਆਂ ਅਤੇ ਉਨ੍ਹਾਂ ਵੱਲੋਂ ਦੇਸ਼ ਦੀ ਰਾਖੀ ਲਈ ਕੀਤੇ ਗਏ ਕੰਮਾਂ ਦੀ ਪ੍ਰਸ਼ੰਸਾ ਕੀਤੀ ਗਈ। ਇਸ ਮੌਕੇ ਸ਼ਹੀਦ ਦੇ ਪਰਿਵਾਰਕ ਮੈਂਬਰਾਂ ਨਾਲ ਸ਼ਹੀਦ ਦੀਆਂ ਯਾਦਾਂ ਨੂੰ ਸਾਂਝਾ ਵੀ ਕੀਤਾ ਗਿਆ। ਇਸ ਉਪਰੰਤ ਹਵਾਈ ਫੌਜ ਦੇ ਅਧਿਕਾਰੀਆਂ ਅਤੇ ਹੋਰਾਂ ਵੱਲੋਂ ਆਫੀਸਰਜ਼ ਐਨਕਲੇਵ ਵਿਖੇ ਬਣੇ ਮਿਊਜੀਅਮ ਦਾ ਵੀ ਦੌਰਾ ਕੀਤਾ ਗਿਆ।


LEAVE A REPLY