ਵਿਧਾਇਕ ਰਾਕੇਸ਼ ਪਾਂਡੇ ਵੱਲੋਂ ਸੇਖੇਵਾਲ ਵਿਖੇ ਟਿਊਬਵੈਲ ਅਤੇ ਸਰਕਾਰੀ ਸਕੂਲ ਦੇ ਕਮਰੇ ਦਾ ਕੀਤਾ ਗਿਆ ਉਦਘਾਟਨ, ਸ਼ਹਿਰ ਵਾਸੀਆਂ ਨੂੰ ਆਪਣਾ ਆਲਾ-ਦੁਆਲਾ ਅਤੇ ਸ਼ਹਿਰ ਨੂੰ ਸਾਫ-ਸੁੱਥਰਾ ਰੱਖਣ ਦੀ ਕੀਤੀ ਅਪੀਲ


ਲੁਧਿਆਣਾ – ਅੱਜ ਵਿਧਾਇਕ ਸ਼੍ਰੀ ਰਾਕੇਸ਼ ਪਾਂਡੇ ਨੇ ਸੇਖੇਵਾਲ ਦੇ ਸਰਕਾਰੀ ਸਕੂਲ ਦੇ ਕਮਰੇ ਅਤੇ ਟਿਊਬਵੈਲ ਦਾ ਉਦਘਾਟਨ ਕੀਤਾ। ਇਸ ਮੌਕੇ ਉਹਨਾਂ ਨਾਲ ਮੇਅਰ ਸ੍ਰੀ ਬਲਕਾਰ ਸਿੰਘ ਸੰਧੂ ਅਤੇ ਇਲਾਕਾ ਕੌਸਲਰ ਸ੍ਰੀ ਮਨਪ੍ਰੀਤ ਸਿੰਘ ਮਨੀ ਵੀ ਹਾਜ਼ਰ ਸਨ। ਉਹਨਾਂ ਦੱਸਿਆ ਕਿ ਇਹ ਦੋਵੇਂ ਮੰਗਾਂ ਇਲਾਕਾ ਵਾਸੀਆਂ ਦੀਆਂ ਬਹੁਤ ਪੁਰਾਣੀਆਂ ਸਨ, ਜਿਨਾਂ ਨੂੰ ਪੂਰਾ ਕਰ ਦਿੱਤਾ ਗਿਆ ਹੈ। ਉਹਨਾਂ ਦੱਸਿਆ ਕਿ ਨਵਾਂ ਟਿਊਬਵੈਲ ਲਗਾਉਣ ‘ਤੇ 15 ਲੱਖ ਰੁਪਏ ਦਾ ਖਰਚਾ ਆਇਆ ਹੈ, ਜਦ ਕਿ ਸਕੂਲ ਦਾ ਕਮਰਾ ਤਿਆਰ ਕਰਨ ‘ਤੇ 5 ਲੱਖ ਰੁਪਏ ਖਰਚ ਆਏ ਹਨ।

ਵਿਧਾਇਕ ਨੇ ਇਸ ਮੌਕੇ ਇੱਕ ਸਾਦੇ ਸਮਾਗਮ ਨੂੰ ਸੰਬੋਧਨ ਕਰਦਿਆ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਅੱਜ ਸੂਬਾ ਹਰ ਖੇਤਰ ਵਿੱਚ ਤਰੱਕੀ ਕਰ ਰਿਹਾ ਹੈ । ਉਹਨਾਂ ਅਧਿਆਪਕਾਂ ਨੂੰ ਸੰਬੋਧਨ ਕਰਦਿਆ ਕਿਹਾ ਕਿ ਉਹ ਪੜਾਈ ਦੇ ਨਾਲ-ਨਾਲ ਵਿਦਿਆਰਥੀਆਂ ਦਾ ਚਰਿੱਤਰ ਨਿਰਮਾਣ ਕਰਨ ਅਤੇ ਜੀਵਨ ਜਾਂਚ ਵੀ ਸਿਖਾਉਣ ਤਾਂ ਕਿ ਵਿਦਿਆਰਥੀ ਹਰ ਖੇਤਰ ਵਿੱਚ ਆਤਮ ਨਿਰਭਰ ਬਣ ਸਕਣ। ਉਹਨਾਂ ਅਧਿਆਪਕਾਂ ਨੂੰ ਇਹ ਵੀ ਕਿਹਾ ਕਿ ਬੱਚਿਆਂ ਦੀ ਰੁਚੀ ਖੇਡਾਂ ਵੱਲ ਲਗਾਉਣ, ਜਿਸ ਨਾਲ ਬੱਚੇ ਜਿੱਥੇ ਤੰਦਰੁਸਤ ਰਹਿਣਗੇ, ਉਥੇ ਉਹਨਾਂ ਵਿੱਚ ਸਹਿਣਸ਼ੀਲਤਾ ਅਤੇ ਆਪਸੀ ਪਿਆਰ ਵਿੱਚ ਵਾਧਾ ਹੋਵੇਗਾ। ਉਹਨਾ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਆਲੇ-ਦੁਆਲੇ ਦੇ ਨਾਲ-ਨਾਲ ਸੜਕਾਂ, ਪਾਰਕਾਂ ਅਤੇ ਹੋਰ ਜਨਤਕ ਸਥਾਨਾਂ ਦੀ ਵੀ ਸਾਫ-ਸਫਾਈ ਰੱਖਣ ਅਤੇ ਕੂੜਾ-ਕਰਕਟ ਸੁੱਟਣ ਵਾਲੇ ਸਥਾਨਾਂ ਦੀ ਵਰਤੋਂ ਕਰਨ ਦੀ ਆਦਤ ਅਪਣਾਉਣ ਤਾਂ ਜੋ ਸ਼ਹਿਰ ਨੂੰ ਸਾਫ-ਸੁੱਥਰਾ ਰੱਖਿਆ ਜਾ ਸਕੇ। ਉਹਨਾਂ ਨਾਲ ਹੀ ਇਹ ਵੀ ਅਪੀਲ ਕੀਤੀ ਕਿ ਪਾਣੀ ਦੀ ਸੰਜਮ ਨਾਲ ਵਰਤੋਂ ਕੀਤੀ ਜਾਵੇ। ਵਿਧਾਇਕ ਸ੍ਰੀ ਪਾਂਡੇ ਨੇ ਸਕੂਲ ਅਧਿਆਪਕਾਂ ਨੂੰ ਵਿਸ਼ਵਾਸ਼ ਦਿਵਾਇਆ ਕਿ ਉਹਨਾਂ ਦੀ ਹੋਰ ਕਮਰੇ ਉਸਾਰਨ ਦੀ ਮੰਗ ਜਲਦੀ ਹੀ ਪੂਰੀ ਕੀਤੀ ਜਾਵੇਗੀ ਅਤੇ ਇਸ ਤੋਂ ਇਲਾਵਾ ਹੋਰ ਵੀ ਕੰਮ ਪਹਿਲ ਦੇ ਅਧਾਰ ‘ਤੇ ਕਰਵਾਏ ਜਾਣਗੇ। ਇਸ ਮੌਕੇ ਸਕੂਲ ਕਮੇਟੀ ਦੇ ਪ੍ਰਧਾਨ ਸ੍ਰ. ਪਲਵਿੰਦਰ ਸਿੰਘ, ਪ੍ਰਿੰਸੀਪਲ ਸ੍ਰ. ਅਮਰੀਕ ਸਿੰਘ, ਸ੍ਰੀ ਤੇਜਪਾਲ ਕਲੇਰ ਬੀ.ਐਮ.ਟੀ, ਸ੍ਰੀ ਨਰੇਸ਼ ਕੁਮਾਰ ਕੌਸਲਰ ਅਤੇ ਇਲਾਕੇ ਦੇ ਪਤਵੰਤੇ ਵਿਅਕਤੀ ਹਾਜ਼ਰ ਸਨ।

  • 1
    Share

LEAVE A REPLY