ਲੁੱਟ ਦਾ ਵਿਰੋਧ ਕਰਨ ਤੇ ਫੈਕਟਰੀ ਵਰਕਰ ਦਾ ਕਤਲ ਕਰਨ ਵਾਲੇ 2 ਗ੍ਰਿਫਤਾਰ, ਛੁਰਾ ਤੇ ਮੋਟਰਸਾਈਕਲ ਬਰਾਮਦ


Arrested

ਲਧਿਆਣਾ – ਬਹਾਦਰ ਕੇ ਰੋਡ ਤੇ ਬੀਤੇ ਐਤਵਾਰ ਨੂੰ ਲੁੱਟ ਦਾ ਵਿਰੋਧ ਕਰਨ ਤੇ ਇਕ ਫੈਕਟਰੀ ਵਰਕਰ ਦਾ ਕਤਲ ਕਰਨ ਦੇ ਮਾਮਲੇ ਨੂੰ ਕ੍ਰਾਈਮ ਬਰਾਂਚ-2 ਨੇ ਕਾਫੀ ਮੁਸ਼ੱਕਤ ਤੋਂ ਬਾਅਦ ਸੁਲਝਾ ਲਿਆ ਹੈ। ਇਸ ਸਬੰਧ ਵਿਚ 2 ਬਦਮਾਸ਼ਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਜਿਨ੍ਹਾਂ ਕੋਲੋਂ ਵਾਰਦਾਤ ਚ ਵਰਤਿਆ ਛੁਰਾ ਅਤੇ ਮੋਟਰਸਾਈਕਲ ਬਰਾਮਦ ਕਰ ਲਿਆ ਗਿਆ ਹੈ, ਜਦਕਿ ਇਨ੍ਹਾਂ ਦੇ ਤੀਜੇ ਸਾਥੀ ਦੀ ਭਾਲ ਕੀਤੀ ਜਾ ਰਹੀ ਹੈ।

ਪੁਲਸ ਕਮਿਸ਼ਨਰ ਡਾ. ਸੁਖਚੈਨ ਸਿੰਘ ਗਿੱਲ ਨੇ ਸੋਮਵਾਰ ਨੂੰ ਸਿੰਗਲ ਵਿੰਡੋ ਤੇ ਬੁਲਾਈ ਗਈ ਪ੍ਰੈੱਸ ਵਾਰਤਾ ਚ ਬਰਾਂਚ ਇੰਚਾਰਜ ਰਾਜੇਸ਼ ਸ਼ਰਮਾ ਅਤੇ ਉਸ ਦੀ ਟੀਮ ਦੀ ਸ਼ਲਾਘਾ ਕਰਦਿਆਂ ਫਡ਼ੇ ਗਏ ਦੋਸ਼ੀਆਂ ਦੀ ਪਛਾਣ 21 ਸਾਲਾ ਚਰਨਜੀਤ ਸਿੰਘ ਉਰਫ ਭਾਅ ਅਤੇ 22 ਸਾਲਾ ਕਰਨ ਸਿੰਘ ਉਰਫ ਬਾਟੂ ਦੇ ਰੂਪ ਵਿਚ ਹੋਈ ਹੈ। ਇਨ੍ਹਾਂ ਦੇ ਤੀਜੇ ਸਾਥੀ ਲਵ ਕੁਮਾਰ ਉਰਫ ਲਵ ਦੀ ਭਾਲ ਕੀਤੀ ਜਾ ਰਹੀ ਹੈ।

ਗਿੱਲ ਨੇ ਦੱਸਿਆ ਕਿ ਚਰਨਜੀਤ ਮੂਲ-ਰੂਪ ਵਿਚ ਅੰਮ੍ਰਿਤਸਰ ਦੇ ਥਾਣਾ ਮਜੀਠਾ ਦੇ ਅਧੀਨ ਆਉਂਦੇ ਪਿੰਡ ਜਹਾਂਗੀਰ ਦਾ ਰਹਿਣ ਵਾਲਾ ਹੈ ਅਤੇ ਇਥੇ ਪਿੰਡ ਭੱਟੀਆਂ ਦੇ ਨੇਡ਼ੇ ਚਿੱਟੀ ਕਾਲੋਨੀ ਚ ਕਿਰਾਏ ਤੇ ਰਹਿੰਦਾ ਹੈ। ਜਦਕਿ ਬਾਕੀ ਦੋਵੇਂ ਦੋਸ਼ੀ ਸਲੇਮ ਟਾਬਰੀ ਦੇ ਹਜ਼ੂਰੀ ਬਾਗ ਕਾਲੋਨੀ ਦੇ ਰਹਿਣ ਵਾਲੇ ਹਨ। ਬਾਟੂ ਗਾਂਧੀ ਨਗਰ ਚ ਕੱਪਡ਼ੇ ਦੀ ਦੁਕਾਨ ਤੇ ਕੰਮ ਕਰਦਾ ਹੈ। ਉਨ੍ਹਾਂ ਦੱਸਿਆ ਕਿ ਚਰਨਜੀਤ ਦਾ ਲੰਮਾ ਚੌਡ਼ਾ ਅਪਰਾਧਕ ਰਿਕਾਰਡ ਹੈ। ਅੰਮ੍ਰਿਤਸਰ ਦੇ ਵੱਖ-ਵੱਖ ਥਾਣਿਆਂ ਚ ਉਸ ਦੇ ਖਿਲਾਫ ਲੁੱਟ-ਖੋਹ ਦੇ ਅੱਧਾ ਦਰਜਨ ਦੇ ਲਗਭਗ ਮਾਮਲੇ ਦਰਜ ਹਨ, ਜਦਕਿ ਲੁਧਿਆਣਾ ਦੇ ਡਵੀਜ਼ਨ ਨੰਬਰ 6 ਵਿਚ ਨਸ਼ਾ ਸਮੱਗਲਿੰਗ ਦਾ ਕੇਸ ਦਰਜ ਹੈ, ਜਦਕਿ ਇਕ ਸਾਥੀ ਕਰਣ ਦਾ ਅਪਰਾਧਿਕ ਰਿਕਾਰਡ ਵੀ ਚੈੱਕ ਕੀਤਾ ਜਾ ਰਿਹਾ ਹੈ। ਫਿਲਹਾਲ ਇਨ੍ਹਾਂ ਕਤਲ ਤੋਂ ਇਲਾਵਾ ਡੇਢ ਦਰਜਨ ਦੇ ਲਗਭਗ ਲੁੱਟ-ਖੋਹ ਦੀਆਂ ਵਾਰਦਾਤਾਂ ਚ ਜੁਰਮ ਕਬੂਲ ਕੀਤਾ ਹੈ। ਫਡ਼ੇ ਗਏ ਦੋਸ਼ੀਆਂ ਨੇ ਆਪਣਾ ਜੁਰਮ ਕਬੂਲ ਕਰ ਕੇ ਖੁਲਾਸਾ ਕੀਤਾ ਕਿ ਨਸ਼ੇ ਦੀ ਪੂਰਤੀ ਲਈ ਉਹ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ, ਜਿਸ ਦਿਨ ਇਹ ਘਟਨਾ ਵਾਪਰੀ ਉਸ ਸਮੇਂ ਵੀ ਉਹ ਨਸ਼ੇ ’ਚ ਸਨ।


LEAVE A REPLY