ਖੰਨਾ ਪੁਲਸ ਨੇ 2 ਵਿਅਕਤੀਆਂ ਨੂੰ ਸਾਢੇ 7 ਕਿਲੋ ਸੋਨੇ ਸਮੇਤ ਕੀਤਾ ਕਾਬੂ


Two Arrested by Khanna Police with Seven and Half Kg illegal Gold

ਖੰਨਾ ਪੁਲਸ ਨੇ 2 ਵਿਅਕਤੀਆਂ ਨੂੰ ਸਾਢੇ 7 ਕਿਲੋ ਤੋਂ ਵੱਧ ਸੋਨੇ ਸਮੇਤ ਕਾਬੂ ਕਰਨ ਦਾ ਦਾਅਵਾ ਕੀਤਾ ਹੈ। ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐੱਸ. ਐੱਸ. ਪੀ. ਧਰੁਵ ਦਹੀਆ ਨੇ ਦੱਸਿਆ ਕਿ ਖੰਨਾ ਪੁਲਸ ਵੱਲੋਂ 24/25 ਅਗਸਤ ਦੀ ਦਰਮਿਆਨੀ ਰਾਤ ਨੂੰ ਐੱਸ. ਪੀ. (ਆਈ) ਜਸਵੀਰ ਸਿੰਘ ਦੀ ਅਗਵਾਈ ਵਿੱਚ ਡੀ. ਐੱਸ. ਪੀ. (ਆਈ) ਖੰਨਾ ਜਗਵਿੰਦਰ ਸਿੰਘ ਚੀਮਾ, ਸੀ. ਆਈ. ਏ. ਸਟਾਫ਼ ਖੰਨਾ ਦੇ ਇੰਚਾਰਜ ਇੰਸ. ਬਲਜਿੰਦਰ ਸਿੰਘ, ਨਾਰਕੋਟਿਕ ਸੈੱਲ ਖੰਨਾ ਦੇ ਇੰਚਾਰਜ ਇੰਸਪੈਕਟਰ ਮਨਜੀਤ ਸਿੰਘ ਸਮੇਤ ਪੁਲਸ ਪਾਰਟੀ ਸਹਾਇਕ ਥਾਣੇਦਾਰ ਲਾਭ ਸਿੰਘ, ਹੌਲਦਾਰ ਗੁਰਜੀਤ ਸਿੰਘ, ਹੌਲਦਾਰ ਦਵਿੰਦਰ ਸਿੰਘ, ਹੌਲਦਾਰ ਹਰਵਿੰਦਰ ਸਿੰਘ, ਹੌਲਦਾਰ ਬਲਜਿੰਦਰ ਸਿੰਘ ਅਤੇ ਸਿਪਾਹੀ ਗੁਰਮੀਤ ਸਿੰਘ ਦੇ ਪ੍ਰਿਸਟਾਨ ਮਾਲ ਦੇ ਸਾਹਮਣੇ ਨਾਕਾਬੰਦੀ ਕਰਕੇ ਸ਼ੱਕੀ ਵਹੀਕਲਾਂ ਅਤੇ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਦੌਰਾਨ ਦਿੱਲੀ ਸਾਈਡ ਤੋਂ ਆ ਰਹੀ ਇਕ ਕਾਰ ਨੂੰ ਰੋਕ ਕੇ ਚੈੱਕ ਕੀਤਾ ਤਾਂ ਪੁੱਛਣ ’ਤੇ ਕਾਰ ਚਾਲਕ ਧਰਮਪਾਲ ਪੁਤਰ ਮਸਤ ਰਾਮ ਵਾਸੀ ਧਿਆਨਕਰ ਗਰਗ ਥਾਣਾ ਸੁਜੈਨਪੁਰ ਜ਼ਿਲਾ ਹਮੀਰਪੁਰ (ਹਿਮਾਚਲ ਪ੍ਰਦੇਸ਼) ਅਤੇ ਅਨਿਲ ਕੁਮਾਰ ਪੁੱਤਰ ਬਲਵੰਤ ਸਿੰਘ ਵਾਸੀ ਕਥਰਾਣੀ ਥਾਣਾ ਕਦੌਣ ਜ਼ਿਲਾ ਹਮੀਰਪੁਰ (ਹਿਮਾਚਲ ਪ੍ਰਦੇਸ਼) ਦੇ ਸਾਹਮਣੇ ਹੀ ਕਾਰ ਦੀ ਤਲਾਸ਼ੀ ਲੈਣ ’ਤੇ ਕਾਰ ਦੀਆਂ ਅਗਲੀਆਂ ਦੋਵੇਂ ਸੀਟਾਂ ਦੇ ਹੇਠਾਂ ਤੋਂ ਪੈਕਟਾਂ ਵਿੱਚ ਲਪੇਟੇ/ਬੰਦ ਕੀਤੇ ਹੋਏ ਸੋਨੇ ਦੇ ਗਹਿਣੇ ਬਰਾਮਦ ਹੋਏ, ਜਿਨ੍ਹਾਂ ਦਾ ਵਜ਼ਨ ਕਰਨ ’ਤੇ 7 ਕਿਲੋ 500 ਗ੍ਰਾਮ 7 ਮਿਲੀਗ੍ਰਾਮ (ਸਮੇਤ ਲਿਫਾਫੇ) ਹੋਇਆ। ਉਨ੍ਹਾਂ ਅੱਗੇ ਦੱਸਿਆ ਕਿ ਜਿਸ ਸਬੰਧੀ ਉਕਤ ਵਿਅਕਤੀ ਮੌਕੇ ’ਤੇ ਕੋਈ ਬਿੱਲ ਜਾਂ ਲਾਇਸੰਸ ਪੇਸ਼ ਨਹੀਂ ਕਰ ਸਕੇ। ਇਸ ਸਬੰਧੀ ਰਿਪੋਰਟ ਦਰਜ ਕਰਕੇ ਇਨਫੋਰਸਮੈਂਟ ਵਿਭਾਗ/ ਇਨਕਮ ਟੈਕਸ ਵਿਭਾਗ ਨੂੰ ਅਗਲੀ ਲੋਡ਼ੀਂਦੀ ਕਾਰਵਾਈ ਲਈ ਸੂਚਿਤ ਕੀਤਾ ਗਿਆ ਹੈ।

ਦਹੀਆ ਨੇ ਅੱਗ ਦੱਸਿਆ ਪੁਲਸ ਵੱਲੋਂ ਪਿਛਲੇ ਇਕ ਮਹੀਨੇ ਦੌਰਾਨ ਮੁਸਤੈਦੀ ਨਾਲ ਡਿਊਟੀ ਕਰਦਿਆਂ ਨਾਕਾਬੰਦੀਆਂ ’ਤੇ 1 ਕਰੋਡ਼ 94 ਹਜ਼ਾਰ 500 ਰੁਪਏ ਦੀ ਨਕਦੀ ਅਤੇ 14 ਕਿਲੋ 407 ਗ੍ਰਾਮ ਸੋਨਾ ਬਿਨਾ ਲਾਇਸੰਸ ਬਰਾਮਦ ਕਰਦੇ ਹੋਏ ਅਗਲੇਰੀ ਕਾਰਵਾਈ ਲਈ ਸਬੰਧਿਤ ਵਿਭਾਗ ਦੇ ਹਵਾਲੇ ਕੀਤਾ ਜਾ ਚੁੱਕਾ ਹੈ। ਕਾਗਜ਼ਾਂ ਦੀ ਪਡ਼ਤਾਲ ਕਰਨ ਉਪਰੰਤ ਐਕਸਾਈਜ਼ ਵਿਭਾਗ ਨੇ ਸੋਨਾ ਕੀਤਾ ਮਾਲਕਾਂ ਹਵਾਲੇ : ਐੱਸ. ਐੱਸ. ਪੀ. ਖੰਨਾ ਦੀ ਪ੍ਰੈੱਸ ਕਾਨਫਰੰਸ ਤੋਂ ਬਾਹਰ ਨਿਕਲੇ ਤਾਂ ਦੂਸਰੀ ਧਿਰ ਐੱਲ. ਡੀ. ਗੋਲਡ ਲੈਬ. ਪ੍ਰਾਈਵੇਟ ਲਿਮਟਿਡ ਦੇ ਮਾਲਕ ਅਨਿਲ ਕੁਮਾਰ ਨੇ ਦੱਸਿਆ ਕਿ ਖੰਨਾ ਪੁਲਸ ਵੱਲੋਂ 7 ਕਿਲੋ ਤੋਂ ਵੱਧ ਦਾ ਜੋ ਨਾਜਾਇਜ਼ ਸੋਨਾ ਫਡ਼ਨ ਦਾ ਦਾਅਵਾ ਕੀਤਾ ਗਿਆ ਹੈ, ਉਹ ਸਰਾਸਰ ਝੂਠਾ ਅਤੇ ਬੇਬੁਨਿਆਦ ਹੈ। ਉਨ੍ਹਾਂ ਕਿਹਾ ਕਿ ਇਹ ਸੋਨਾ ਉਨ੍ਹਾਂ ਨੇ ਮੁਥੂਟ ਕੰਪਨੀ ਤੋਂ ਨਿਲਾਮੀ ’ਚ ਖਰੀਦਿਆ ਸੀ, ਉਸਦੇ ਕਰਮਚਾਰੀ ਇਹ ਸੋਨਾ ਲੁਧਿਆਣਾ ਤੋਂ ਲੈ ਕੇ ਆ ਰਹੇ ਸਨ ਅਤੇ ਉਸਦੇ ਕਰਮਚਾਰੀਆਂ ਦੇ ਕੋਲ ਸੋਨੇ ਦਾ ਬਿੱਲ ਵੀ ਮੌਜੂਦ ਸਨ। ਉਨ੍ਹਾਂ ਇਹ ਵੀ ਦੱਸਿਆ ਕਿ ਉਕਤ ਸੋਨੇ ਦੀ ਕੀਮਤ 1 ਕਰੋਡ਼ 70 ਲੱਖ ਰੁਪਏ ਦੇ ਕਰੀਬ ਬਣਦੀ ਹੈ ਅਤੇ ਉਹ ਇਸਦਾ 5 ਲੱਖ ਰੁਪਏ ਦਾ ਜੀ. ਐੱਸ. ਟੀ. ਵੀ ਅਦਾ ਕਰ ਚੁੱਕਾ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਉਸਦੇ ਦੋਵੇਂ ਹੀ ਮੁਲਾਜ਼ਮਾਂ ਨੂੰ ਖੰਨਾ ਪੁਲਸ ਵੱਲੋਂ ਪ੍ਰੇਸ਼ਾਨ ਵੀ ਕੀਤਾ ਜਾ ਰਿਹਾ ਹੈ।ਵਪਾਰੀ ਨੇ ਅੱਗੇ ਦੱਸਿਆ ਕਿ ਇਸ ਦੌਰਾਨ ਖੰਨਾ ਜ਼ਿਲਾ ਪੁਲਸ ਦਫ਼ਤਰ ਵਿੱਚ ਮੌਜੂਦ ਐਕਸਾਈਜ਼ ਵਿਭਾਗ ਦੇ ਈ. ਟੀ. ਓ. ਗੁਲਸ਼ਨ ਹੁਰੀਆ, ਐੱਸ. ਐੱਸ. ਮੁਲਤਾਨੀ, ਇੰਸਪੈਕਟਰ ਮੱਖਣ ਸਿੰਘ ਦੇ ਅੱਗੇ ਆਪਣਾ ਪੱਖ ਪੇਸ਼ ਕੀਤਾ। ਮਾਲਕਾਂ ਨੇ ਦੱਸਿਆ ਕਿ ਸਾਡੇ ਵੱਲੋਂ ਜਿਹਡ਼ੇ ਦਸਤਾਵੇਜ ਪੁਲਸ ਅਧਿਕਾਰੀਆਂ ਨੂੰ ਦਿੱਤੇ ਗਏ ਸਨ ਉਹੀ ਦਸਤਾਵੇਜ ਜਦੋਂ ਪੁਲਸ ਵੱਲੋਂ ਐਕਸਾਈਜ਼ ਵਿਭਾਗ ਦੇ ਅਧਿਕਾਰੀਆਂ ਨੂੰ ਸੌਂਪੇ ਗਏ ਤਾਂ ਕਾਗਜ਼ਾਂ ਦੀ ਜਾਂਚ-ਪਡ਼ਤਾਲ ਤੋਂ ਬਾਅਦ ਵਿਭਾਗ ਦੇ ਅਧਿਕਾਰੀਆਂ ਨੇ ਸੋਨਾ ਉਨ੍ਹਾਂ ਨੂੰ ਵਾਪਸ ਕਰ ਦਿੱਤਾ ਹੈ। ਇਸ ਦੌਰਾਨ ਸੋਨਾ ਵਪਾਰੀਆਂ ਨਾਲ ਖੰਨਾ ਸ਼ਹਿਰ ਦੇ ਸਰਾਫ਼ਾ ਯੂਨੀਅਨ ਦੇ ਮੈਂਬਰਾਨ ਵੀ ਹਾਜ਼ਰ ਸਨ। ਸ਼ੱਕ ਦੇ ਅਾਧਾਰ ’ਤੇ ਚੈਕਿੰਗ ਦੌਰਾਨ ਫੜਿਅਾ ਸੋਨਾ : ਐੱਸ. ਐੱਸ. ਪੀ.- ਦੂਜੇ ਪਾਸੇ ਮਾਲਕਾਂ ਵੱਲੋਂ ਲਾਏ ਦੋਸ਼ਾਂ ਸੰਬੰਧੀ ਐੱਸ. ਐੱਸ. ਪੀ. ਧਰੁਵ ਦਹੀਆ ਨੇ ਕਿਹਾ ਕਿ ਪੁਲਸ ਵੱਲੋਂ ਰਾਤ ਦੇ ਸਮੇਂ ਸ਼ੱਕ ਦੇ ਅਾਧਾਰ ’ਤੇ ਕੀਤੀ ਚੈਕਿੰਗ ਦੌਰਾਨ ਸੋਨਾ ਫਡ਼ਿਆ ਸੀ, ਜੋ ਕਿ ਪੁਲਸ ਦੀ ਡਿਊਟੀ ਬਣਦੀ ਹੈ। ਇਸ ਸਬੰਧੀ ਕੋਈ ਮਾਮਲਾ ਦਰਜ ਨਹੀਂ ਕੀਤਾ ਗਿਆ, ਸਗੋਂ ਇਹ ਸਾਰਾ ਮਾਮਲਾ ਐਕਸਾਈਜ਼ ਵਿਭਾਗ ਦੇ ਅਧਿਕਾਰੀਆਂ ਕੋਲ ਅਗਲੇਰੀ ਕਾਰਵਾਈ ਹਿੱਤ ਭੇਜ ਦਿੱਤਾ ਗਿਆ ਸੀ।


LEAVE A REPLY