ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਜ਼ਿਲਾ ਕਚਹਿਰੀਆਂ ਵਿਚ ਈ-ਰਿਕਸ਼ਾ ਦੀ ਸ਼ੁਰੂਆਤ, ਬਜ਼ੁਰਗਾਂ, ਵਿਸ਼ੇਸ਼ ਲੋੜਾਂ ਵਾਲੇ ਵਿਅਕਤੀਆਂ ਅਤੇ ਔਰਤਾਂ ਨੂੰ ਮਿਲੇਗੀ ਸਹੂਲਤ


ਲੁਧਿਆਣਾ – ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਲੁਧਿਆਣਾ ਵੱਲੋਂ ਬਜ਼ੁਰਗਾਂ, ਵਿਸ਼ੇਸ਼ ਲੋੜਾਂ ਵਾਲੇ ਵਿਅਕਤੀਆਂ ਅਤੇ ਬੱਚਿਆਂ ਵਾਲੀਆਂ ਔਰਤਾਂ ਨੂੰ ਜ਼ਿਲਾ ਪ੍ਰਬੰਧਕੀ ਕੰਪਲੈਕਸ ਦੇ ਮੁੱਖ ਗੇਟ ਤੋਂ ਨਵੀਂਆਂ ਜ਼ਿਲਾ ਕਚਹਿਰੀਆਂ ਤੱਕ ਲਿਜਾਣ ਲਈ ‘ਈ-ਰਿਕਸ਼ਾ’ ਦੀ ਸਹੂਲਤ ਸ਼ੁਰੂ ਕੀਤੀ ਗਈ ਹੈ। ਇਹ ‘ਈ-ਰਿਕਸ਼ਾ’ ਦੀ ਸਹੂਲਤ ਬਿਲਕੁਲ ਮੁਫ਼ਤ ਮੁਹੱਈਆ ਹੋਵੇਗੀ। ਇਨਾਂ ਦੋ ‘ਈ-ਰਿਕਸ਼ਾ’ ਨੂੰ ਅੱਜ ਸ੍ਰ. ਗੁਰਬੀਰ ਸਿੰਘ ਜ਼ਿਲਾ ਅਤੇ ਸੈਸ਼ਨਜ਼ ਜੱਜ ਨੇ ਹਰੀ ਝੰਡੀ ਦਿਖਾ ਕੇ ਸ਼ੁਰੂ ਕੀਤਾ। ਇਸ ਮੌਕੇ ਜਾਣਕਾਰੀ ਦਿੰਦਿਆਂ ਉਨਾਂ ਕਿਹਾ ਕਿ ਇਸ ਸਹੂਲਤ ਦਾ ਬਜ਼ੁਰਗਾਂ, ਵਿਸ਼ੇਸ਼ ਲੋੜਾਂ ਵਾਲੇ ਵਿਅਕਤੀਆਂ ਅਤੇ ਬੱਚਿਆਂ ਵਾਲੀਆਂ ਮਾਵਾਂ ਨੂੰ ਬਹੁਤ ਲਾਭ ਮਿਲੇਗਾ। ਇਹ ‘ਈ-ਰਿਕਸ਼ਾ’ ਸਵੇਰੇ 9 ਵਜੇ ਜ਼ਿਲਾ ਪ੍ਰਬੰਧਕੀ ਕੰਪਲੈਕਸ ਦੇ ਗੇਟ ‘ਤੇ ਮੌਜੂਦ ਹੋਇਆ ਕਰਨਗੇ।

ਉਨਾਂ ਕਿਹਾ ਕਿ ਇਹ ਸਹੂਲਤ ਸ਼ੁਰੂ ਹੋਣ ਨਾਲ ਕਚਹਿਰੀ ਕੰਪਲੈਕਸ ਦੇ ਅੰਦਰ ਪਾਰਕਿੰਗ ਦੀ ਸਮੱਸਿਆ ਵੀ ਦੂਰ ਹੋਵੇਗੀ। ਇਹ ਤਜ਼ਰਬਾ ਸਫ਼ਲ ਰਹਿਣ ‘ਤੇ ਹੋਰ ‘ਈ-ਰਿਕਸ਼ਾ’ ਵੀ ਲੋਕਾਂ ਦੀ ਸਹੂਲਤ ਲਈ ਸ਼ੁਰੂ ਕੀਤੇ ਜਾਣਗੇ। ਉਨਾਂ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਨੇ ਸਥਾਨਕ ਓਰੀਐਂਟਲ ਬੈਂਕ ਆਫ਼ ਕਾਮਰਸ ਦੇ ਸਹਿਯੋਗ ਨਾਲ ਅਵਾਰਾ ਪਸ਼ੂਆਂ ਦੇ ਗਲਾਂ ਵਿੱਚ ਰੇਡੀਅਮ ਬੈਲਟਾਂ ਪਾਉਣ ਦਾ ਉਪਰਾਲਾ ਕੀਤਾ ਸੀ। ਉਨਾਂ ਕਿਹਾ ਕਿ ਸੜਕਾਂ ਦੇ ਆਵਾਰਾ ਘੁੰਮਦੇ ਪਸ਼ੂਆਂ ਨਾਲ ਸੜਕ ਹਾਦਸਿਆਂ ਵਿੱਚ ਵਾਧਾ ਹੁੰਦਾ ਹੈ। ਜਿਸ ਨੂੰ ਧਿਆਨ ਵਿੱਚ ਰੱਖਕੇ ਹੀ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਨੇ ਇਹ ਉੱਦਮ ਸ਼ੁਰੂ ਕੀਤਾ ਸੀ। ਇਸ ਤੋਂ ਇਲਾਵਾ ਅੱਜ ਜ਼ਿਲਾ ਕਚਹਿਰੀਆਂ ਵਿੱਚ ਆਮ ਲੋਕਾਂ ਦੇ ਪੀਣ ਲਈ ਪਾਣੀ ਦੀ ਸਹੂਲਤ ਦੀ ਵੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਸਾਰੇ ਵਧੀਕ ਜ਼ਿਲਾ ਅਤੇ ਸੈਸ਼ਨਜ਼ ਜੱਜ, ਚੀਫ਼ ਜੂਡੀਸ਼ੀਅਲ ਮੈਜਿਸਟ੍ਰੇਟ, ਬਾਰ ਕੌਂਸਲ ਦੇ ਮੈਂਬਰ ਅਤੇ ਹੋਰ ਹਾਜ਼ਰ ਸਨ।

  • 719
    Shares

LEAVE A REPLY