ਅਗਰ ਨਗਰ ਚ ਰਹਿੰਦੇ ਸਨਅਤਕਾਰ ਦੇ ਘਰੋਂ ਲੱਖਾਂ ਰੁਪਏ ਮੁੱਲ ਦੇ ਗਹਿਣੇ ਅਤੇ ਨਕਦੀ ਚੋਰੀ ਕਰਨ ਵਾਲੇ ਦੋ ਨੇਪਾਲੀ ਨੌਜਵਾਨਾਂ ਨੂੰ ਪੁਲਿਸ ਨੇ ਕੀਤਾ ਗਿਰਫਤਾਰ


Two Nepali Arrested by Ludhiana Police in theft Case

ਥਾਣਾ ਸਰਾਭਾ ਨਗਰ ਦੇ ਘੇਰੇ ਅੰਦਰ ਪੈਂਦੇ ਇਲਾਕੇ ਅਗਰ ਨਗਰ ਵਿਚ ਸਨਅਤਕਾਰ ਦੇ ਘਰੋਂ ਲੱਖਾਂ ਰੁਪਏ ਮੁੱਲ ਦੇ ਗਹਿਣੇ ਅਤੇ ਨਕਦੀ ਚੋਰੀ ਕਰਨ ਵਾਲੇ ਦੋ ਨੇਪਾਲੀ ਨੌਜਵਾਨਾਂ ਨੂੰ ਪੁਲਿਸ ਨੇ ਗਿ੍ਫ਼ਤਾਰ ਕੀਤਾ ਹੈ | ਪੁਲਿਸ ਨੇ ਇਨ੍ਹਾਂ ਦੇ ਕਬਜ਼ੇ ਵਿਚੋਂ 10 ਲੱਖ ਦੇ ਸੋਨੇ ਦੇ ਗਹਿਣੇ, 5 ਲੱਖ ਦੀ ਨਕਦੀ ਅਤੇ ਹੋਰ ਸਾਮਾਨ ਬਰਾਮਦ ਕੀਤਾ ਹੈ ਜਦਕਿ ਮੁੱਖ ਕਥਿਤ ਦੋਸ਼ੀ ਸਨਅਤਕਾਰ ਦੇ ਦੋ ਨੇਪਾਲੀ ਨੌਕਰ ਅਤੇ ਉਨ੍ਹਾਂ ਦੇ ਦੋ ਹੋਰ ਸਾਥੀ ਅਜੇ ਫਰਾਰ ਹਨ, ਪੁਲਿਸ ਉਨ੍ਹਾਂ ਦੀ ਭਾਲ ਕਰ ਰਹੀ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਏ.ਸੀ.ਪੀ. ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਪੁਲਿਸ ਵਲੋਂ ਇਹ ਕਾਰਵਾਈ ਥਾਣਾ ਸਰਾਭਾ ਨਗਰ ਦੇ ਮੁਖੀ ਬਿ੍ਜ ਮੋਹਣ ਦੀ ਅਗਵਾਈ ਹੇਠ ਅਮਲ ਵਿਚ ਲਿਆਂਦੀ ਹੈ ਅਤੇ ਗਿ੍ਫ਼ਤਾਰ ਕੀਤੇ ਕਥਿਤ ਦੋਸ਼ੀਆਂ ਵਿਚ ਸੁਰਿੰਦਰ ਪੁੱਤਰ ਉਦੇ ਸਿੰਘ ਅਤੇ ਕਿਸ਼ਨ ਬਹਾਦਰ ਵਾਸੀ ਨੇਪਾਲ ਸ਼ਾਮਿਲ ਹਨ | ਗੁਰਪ੍ਰੀਤ ਸਿੰਘ ਨੇ ਦੱਸਿਆ ਕਿ 20 ਦਿਨ ਪਹਿਲਾਂ ਸ਼ਿਕਾਇਤਕਰਤਾ ਰਜਿੰਦਰ ਕੁਮਾਰ ਜੈਨ ਨੇ ਗਣੇਸ਼ ਅਤੇ ਰਕੇਸ਼ ਨਾਮੀ ਨੇਪਾਲੀ ਨੌਜਵਾਨਾਂ ਨੂੰ ਘਰੇਲੂ ਨੌਕਰ ਰੱਖਿਆ ਸੀ | ਬੀਤੀ ਸ਼ਾਮ ਇਨ੍ਹਾਂ ਦੋਵਾਂ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਜੈਨ ਦੇ ਘਰ ਵਿਚ ਪਏ 10 ਲੱਖ ਦੇ ਗਹਿਣੇ, 5 ਲੱਖ ਦੀ ਨਕਦੀ ਅਤੇ ਹੋਰ ਸਾਮਾਨ ਚੋਰੀ ਕਰ ਲਿਆ |

ਜੈਨ ਵਲੋਂ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਤਾਂ ਪੁਲਿਸ ਵਲੋਂ ਫੌਰੀ ਕਾਰਵਾਈ ਕਰਦਿਆਂ ਵੱਖ-ਵੱਖ ਥਾਵਾਂ ਤੇ ਛਾਪਾਮਾਰੀ ਕਰਕੇ ਸੁਰਿੰਦਰ ਅਤੇ ਕਿਸ਼ਨ ਬਹਾਦਰ ਨੂੰ ਗਿ੍ਫ਼ਤਾਰ ਕਰ ਲਿਆ | ਪੁਲਿਸ ਵਲੋਂ ਸਾਹਨੇਵਾਲ ਨੇੜੇ ਲਗਾਏ ਨਾਕੇ ਦੌਰਾਨ ਇਕ ਆਟੋ ਰਿਕਸ਼ਾ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਸ ਵਿਚ ਬੈਠੇ ਨੌਜਵਾਨ ਬੈਗ ਸੱੁਟ ਕੇ ਫਰਾਰ ਹੋ ਗਏ, ਜਿਸ ਵਿਚ ਗਹਿਣੇ, 5 ਲੱਖ ਦੀ ਨਕਦੀ ਅਤੇ 5 ਘੜੀਆਂ ਸਨ | ਉਨ੍ਹਾਂ ਦੱਸਿਆ ਕਿ ਕਾਬੂ ਕੀਤੇ ਕਥਿਤ ਦੋਸ਼ੀਆਂ ਨੇ ਪੁਲਿਸ ਪਾਸ ਮੰਨਿਆ ਕਿ ਗਣੇਸ਼ ਅਤੇ ਰਕੇਸ਼ ਜੋ ਕਿ ਉਨ੍ਹਾਂ ਦੇ ਸਾਥੀ ਹਨ ਨੇ ਇਹ ਚੋਰੀ ਕਰਨ ਬਾਰੇ ਉਨ੍ਹਾਂ ਨਾਲ ਮਿਲ ਕੇ ਸ਼ਾਜ਼ਿਸ਼ ਬਣਾਈ ਸੀ, ਪੁਲਿਸ ਵਲੋਂ ਹੁਣ ਇਸ ਮਾਮਲੇ ਵਿਚ ਗਣੇਸ਼, ਰਕੇਸ਼, ਹਿਮਾਲਿਆ ਅਤੇ ਹਰੀ ਨਾਮੀ ਨੌਜਵਾਨਾਂ ਦੀ ਭਾਲ ਕੀਤੀ ਜਾ ਰਹੀ ਹੈ | ਇਹ ਸਾਰੇ ਨੇਪਾਲ ਦੇ ਰਹਿਣ ਵਾਲੇ ਹਨ | ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਪੁਲਿਸ ਵਲੋਂ ਜੇਕਰ ਫੌਰੀ ਤੌਰ ‘ਤੇ ਕਾਰਵਾਈ ਨਾ ਕੀਤੀ ਜਾਂਦੀ ਤਾਂ ਇਨ੍ਹਾਂ ਸਾਰਿਆਂ ਨੇ ਨੇਪਾਲ ਫਰਾਰ ਹੋ ਜਾਣਾ ਸੀ | ਉਨ੍ਹਾਂ ਦੱਸਿਆ ਕਿ ਜੈਨ ਦੇ ਘਰ ਪਹਿਲਾਂ ਵੀ ਚੋਰੀ ਹੋ ਚੁੱਕੀ ਹੈ | ਜੈਨ ਵਲੋਂ ਨੌਕਰ ਰੱਖਣ ਸਮੇਂ ਪੁਲਿਸ ਨੂੰ ਇਨ੍ਹਾਂ ਬਾਰੇ ਨਾ ਤਾਂ ਕੋਈ ਜਾਣਕਾਰੀ ਦਿੱਤੀ ਸੀ ਅਤੇ ਨਾ ਹੀ ਕੋਈ ਤਸਦੀਕ ਕਰਵਾਈ ਸੀ | ਕਾਬੂ ਕੀਤੇ ਕਥਿਤ ਦੋਸ਼ੀਆਂ ਪਾਸੋਂ ਪੁਲਿਸ ਹੋਰ ਵੀ ਪੁੱਛ-ਪੜਤਾਲ ਕਰ ਰਹੀ ਹੈ|


LEAVE A REPLY