ਪਠਾਨਕੋਟ ਵਿੱਚ ਵੇਖੇ ਗਏ ਸ਼ੱਕੀ ਵਿਅਕਤੀ, ਕਾਰ ਖੋਹ ਕੇ ਹੋਏ ਫਰਾਰ – ਪੁਲਿਸ ਵਲੋਂ ਅਲਰਟ ਜਾਰੀ


Pathankot Police on High Alert

ਇੱਥੋਂ ਦੇ ਸਰਹੱਦੀ ਇਲਾਕੇ ਬਮਿਆਲ ਵਿੱਚ ਦੋ ਸ਼ੱਕੀ ਵਿਅਕਤੀ ਵੇਖੇ ਗਏ ਜਿਨ੍ਹਾਂ ਨੇ ਰਾਤ ਦੇ ਹਨ੍ਹੇਰੇ ਦਾ ਫ਼ਾਇਦਾ ਲੈਂਦਿਆਂ ਇੱਕ ਵਿਅਕਤੀ ਤੋਂ ਉਸ ਦੀ ਕਾਰ ਖੋਹ ਲਈ। ਪੁਲਿਸ ਚੌਕਸੀ ਕਾਰਨ ਉਹ ਕਾਰ ਨੂੰ ਪਿੰਡ ਕੋਟ ਪੰਨੂੰ ਨੇੜੇ ਛੱਡ ਕੇ ਭੱਜ ਗਏ। ਸੁਰੱਖਿਆ ਦੇ ਮੱਦੇਨਜ਼ਰ ਪੁਲਿਸ ਨੇ ਚੌਕਸੀ ਹੋਰ ਵਧਾ ਦਿੱਤੀ ਹੈ। ਦੋਵੇਂ ਸ਼ੱਕੀਆਂ ਨੂੰ ਫੜਨ ਲਈ ਪੁਲਿਸ ਤੇ ਫੌਜ ਵੱਲੋਂ ਸਰਚ ਆਪ੍ਰੇਸ਼ਨ ਸ਼ੁਰੂ ਕਰ ਦਿੱਤਾ ਗਿਆ ਹੈ। ਕਿਸੇ ਕਿਸਮ ਦੀ ਅਣਸੁਖਾਵੀਂ ਘਟਨਾ ਤੋਂ ਬਚਾਅ ਲਈ ਭਾਰਤ-ਪਾਕਿ, ਪੰਜਾਬ ਤੇ ਜੰਮੂ ਨਾਲ ਲੱਗਦੀਆਂ ਸਾਰੀਆਂ ਸਰਹੱਦਾਂ ਤੇ ਚੌਕਸੀ ਵਧਾ ਦਿੱਤੀ ਗਈ ਹੈ। ਫਿਲਹਾਲ ਪਠਾਨਕੋਟ ਤੇ ਜੰਮੂ-ਕਸ਼ਮੀਰ ਦੇ ਕਠੂਆ ਵਿੱਚ ਵੀ ਹਾਈ ਅਲਰਟ ਜਾਰੀ ਕਰ ਦਿੱਤਾ ਹੈ।

ਸ਼ੱਕੀਆਂ ਵੱਲੋਂ ਖੋਹੀ ਗਈ ਕਾਰ ਦੇ ਮਾਲਕ ਨੇ ਦੱਸਿਆ ਕਿ ਰਾਤ ਨੂੰ ਉਹ ਆਪਣੇ ਘਰ ਜਾ ਰਿਹਾ ਸੀ ਤਾਂ ਫੌਜੀ ਵਰਦੀ ਵਿੱਚ ਸੜਕ ਕਿਨਾਰੇ ਖਲੋਤੇ ਦੋ ਵਿਅਕਤੀਆਂ ਨੇ ਉਸ ਕੋਲੋਂ ਲਿਫਟ ਮੰਗੀ। ਜਦੋਂ ਉਸ ਨੇ ਦੋਵਾਂ ਨੂੰ ਆਪਣੀ ਕਾਰ ਚ ਬਿਠਾਇਆ ਤਾਂ ਉਨ੍ਹਾਂ ਚੋਂ ਇੱਕ ਜਣੇ ਦੇ ਫੋਨ ਦੀ ਲਾਈਟ ਜਗੀ ਤੇ ਉਸ ਨੇ ਉਨ੍ਹਾਂ ਦਾ ਚਿਹਰਾ ਵੇਖਿਆ।

ਉਸ ਦੇ ਦੱਸਣ ਮੁਤਾਬਕ ਦੋਵਾਂ ਦੀਆਂ ਮੁੱਛਾਂ ਕੱਟੀਆਂ ਹੋਈਆਂ ਸਨ ਤੇ ਉਨ੍ਹਾਂ ਕੋਲ ਹਥਿਆਰ ਵੀ ਸੀ। ਇਸੇ ਲਈ ਉਸ ਨੂੰ ਸ਼ੱਕ ਹੋਇਆ ਤੇ ਉਸ ਨੇ ਕਾਰ ਰੋਕ ਦਿੱਤੀ। ਉਸ ਦੀ ਦੋਵਾਂ ਸ਼ੱਕੀਆਂ ਨਾਲ ਹੱਥੋਪਾਈ ਵੀ ਹੋਈ ਪਰ ਉਹ ਆਪਣੀ ਜਾਨ ਬਚਾਉਂਦਾ ਮੌਕੇ ਤੋਂ ਭੱਜ ਗਿਆ। ਉਸ ਦੀ ਕਾਰ ਥੋੜੀ ਦੂਰ ਜਾ ਕੇ ਮਿਲੀ। ਇਸ ਪਿੱਛੋਂ ਉਸ ਨੇ ਪੁਲਿਸ ਨੂੰ ਘਟਨਾ ਬਾਰੇ ਜਾਣਕਾਰੀ ਦਿੱਤੀ। ਫਿਲਹਾਲ ਪੁਲਿਸ ਅਧਿਕਾਰੀਆਂ ਨੇ ਅਜੇ ਇਸ ਮਾਮਲੇ ਸਬੰਧੀ ਕੁਝ ਕਹਿਣ ਤੋਂ ਇਨਕਾਰ ਕੀਤਾ ਹੈ।

  • 288
    Shares

LEAVE A REPLY