ਨੈਸ਼ਨਲ ਹਾਈਵੇ ਤੇ ਹੋਈ 2 ਮਿੰਨੀ ਟਰੱਕਾਂ ਦੀ ਆਹਮੋ-ਸਾਹਮਣੇ ਟੱਕਰ


Truck Accident

ਲੁਧਿਆਣਾ – ਨੈਸ਼ਨਲ ਹਾਈਵੇ ਫਲਾਈਓਵਰ ਪੁਲ ਤੇ ਕੈਲਾਸ਼ ਨਗਰ ਕੱਟ ਨੇੜੇ ਕੈਮੀਕਲਾਂ ਦੇ ਡਰੰਮਾਂ ਨਾਲ ਲੋਡ ਤੇ ਮਟਰ ਦੀਆਂ ਬੋਰੀਆਂ ਨਾਲ ਲੱਦੇ ਮਿੰਨੀ ਟਰੱਕਾਂ ਦੀ ਆਹਮੋ-ਸਾਹਮਣੇ ਜ਼ਬਰਦਸਤ ਟੱਕਰ ਹੋ ਗਈ। ਹਾਦਸਾ ਇੰਨਾ ਕੁ ਜ਼ਬਰਦਸਤ ਸੀ ਕਿ ਹਾਦਸੇ ਸਮੇਂ ਹੋਏ ਜ਼ੋਰਦਾਰ ਧਮਾਕੇ ਦੀ ਆਵਾਜ਼ ਨਾਲ ਲੋਕਾਂ ਵਿਚਾਲੇ ਹਫੜਾ-ਦਫੜੀ ਮਚ ਗਈ। ਮਿਲੀ ਜਾਣਕਾਰੀ ਮੁਤਾਬਕ ਕੈਮੀਕਲਾਂ ਨਾਲ ਲੋਡ ਟਰੱਕ ਓੜੀਸਾ ਤੋਂ ਆ ਰਿਹਾ ਸੀ ਜਦ ਕਿ ਮਟਰਾਂ ਨਾਲ ਲੋਡ ਮਿੰਨੀ ਟਰੱਕ ਜਲੰਧਰ ਵਾਲੇ ਪਾਸਿਓਂ ਦਿੱਲੀ ਨੂੰ ਜਾ ਰਿਹਾ ਸੀ। ਕੈਮੀਕਲ ਵਾਲਾ ਮਿੰਨੀ ਟਰੱਕ ਡਰਾਈਵਰ ਰਸਤੇ ਤੋਂ ਗਲਤ ਸਾਈਡ ਤੇ ਚਲ ਪਿਆ। ਜਿਵੇਂ ਹੀ ਦੋਵੇਂ ਮਿੰਨੀ ਟਰੱਕ ਇਕ ਦੂਸਰੇ ਸਾਹਮਣੇ ਟਕਰਾਏ ਤਾਂ ਜ਼ੋਰਦਾਰ ਧਮਾਕਾ ਹੋਇਆ।

ਇਸ ਟੱਕਰ ਤੋਂ ਬਾਅਦ ਹਾਈਵੇ ਤੇ ਲੋਕਾਂ ਵਿਚਾਲੇ ਹਫੜਾ-ਦਫੜੀ ਮਚ ਗਈ। ਰੱਸੀਆਂ ਟੁੱਟਣ ਨਾਲ ਮਟਰਾਂ ਨਾਲ ਬੋਰੀਆਂ ਹਾਈਵੇ ਤੇ ਖਿੰਡਰ ਗਈਆਂ। ਇਸ ਦੌਰਾਨ ਕੁਝ ਲੋਕਾਂ ਨੇ ਮਦਦ ਤਾਂ ਕੀ ਕਰਨੀ ਸੀ ਸਗੋਂ ਬੇਸ਼ਰਮੀ ਦੀਆਂ ਹੱਦਾਂ ਪਾਰ ਕਰਕੇ ਮਟਰ ਲੁੱਟ ਲੈ ਗਏ। ਹਾਦਸੇ ਚ ਮਟਰਾਂ ਵਾਲੀ ਗੱਡੀ ਦਾ ਚਾਲਕ ਫੱਟੜ ਹੋ ਕੇ ਕੈਬਿਨ ਚ ਫਸ ਗਿਆ ਤੇ ਮਦਦ ਲਈ ਰੌਲਾ ਪਾਉਣ ਲੱਗ ਪਿਆ। ਪੁਲਸ ਨੇ ਉਸ ਨੂੰ ਕਿਸੇ ਤਰੀਕੇ ਬਾਹਰ ਕੱਢਿਆ ਤੇ ਡਾਕਟਰੀ ਸਹਾਇਤਾ ਮੁਹੱਈਆ ਕਰਵਾਈ। ਪੁਲਸ ਨੇ ਕਰੇਨ ਰਾਹੀਂ ਗੱਡੀਆਂ ਹਾਈਵੇ ਤੋਂ ਸਾਈਡ ਤੇ ਕਰ ਕੇ ਰਸਤਾ ਚਾਲੂ ਕੀਤਾ । ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।


LEAVE A REPLY