ਬੁੱਢੇ ਨਾਲੇ ਵਿੱਚ ਡੁੱਬੇ ਚਾਚਾ-ਭਤੀਜਾ, ਲੱਭਣ ਲਈ ਖੁਦ ਲੱਗੇ ਹਨ ਲੋਕ


ਲੁਧਿਆਣਾ – ਸ਼ਹਿਰ ਦੇ ਬੁੱਢੇ ਨਾਲੇ ਵਿੱਚ ਅੱਜ ਸਵੇਰੇ 9 ਵਜੇ ਦੇ ਕਰੀਬ ਚਾਚੇ-ਭਤੀਜੇ ਦੇ ਡੁੱਬਣ ਦੀ ਖਬਰ ਪ੍ਰਾਪਤ ਹੋਈ ਹੈ, ਜਿਨ੍ਹਾਂ ਦਾ ਅਜੇ ਤੱਕ ਕੁਝ ਪਤਾ ਨਹੀਂ ਲੱਗ ਸਕਿਆ ਹੈ। ਜਾਣਕਾਰੀ ਮੁਤਾਬਕ ਹੈਬੋਵਾਲ ਨੇੜੇ ਇਕ ਪਿੰਡ ‘ਚ ਬਣੀਆਂ ਝੁੱਗੀਆਂ ‘ਚ ਰਹਿਣ ਵਾਲੇ ਨਰੇਸ਼ (18) ਤੇ ਉਸ ਦਾ ਭਤੀਜਾ ਭੋਲਾ (14) ਕੂੜਾ ਚੁੱਕਣ ਦਾ ਕੰਮ ਕਰਦੇ ਹਨ। ਅੱਜ ਸਵੇਰੇ ਵੀ ਜਦੋਂ ਦੋਵੇਂ ਆਪਣੇ ਹੋਰ 2 ਰਿਸ਼ਤੇ ‘ਚ ਲੱਗਦੇ ਭਰਾਵਾਂ ਨਾਲ ਬੁੱਢੇ ਨਾਲੇ ਦੇ ਨੇੜੇ ਕੂੜਾ ਇਕੱਠਾ ਕਰ ਰਹੇ ਸਨ ਤਾਂ ਅਚਾਨਕ ਦੋਹਾਂ ਦਾ ਪੈਰ ਫਿਸਲ ਗਿਆ ਅਤੇ ਦੋਵੇਂ ਨਾਲੇ ਦੇ ਪਾਣੀ ‘ਚ ਡਿਗ ਗਏ। ਇਸ ਘਟਨਾ ਤੋਂ ਬਾਅਦ ਪੁਲਸ ਅਤੇ ਡੁੱਬਣ ਵਾਲਿਆਂ ਦੇ ਰਿਸ਼ਤੇਦਾਰਾਂ ਸਮੇਤ ਪੂਰਾ ਪਿੰਡ ਨਾਲੇ ‘ਤੇ ਇਕੱਠਾ ਹੋ ਗਿਆ। ਇੱਥੇ ਦੱਸਣਯੋਗ ਹੈ ਕਿ ਪੁਲਸ ਜਾਂ ਪ੍ਰਸ਼ਾਸਨ ਕੋਲ ਕੋਈ ਨਾਲੇ ‘ਚ ਡੁੱਬੇ ਹੋਏ ਵਿਅਕਤੀ ਨੂੰ ਕੱਢਣ ਲਈ ਕੋਈ ਪੁਖਤਾ ਪ੍ਰਬੰਧ ਨਹੀਂ ਹੈ। ਇਸ ਲਈ ਪਿੰਡ ਦੇ ਲੋਕ ਨਰੇਸ਼ ਅਤੇ ਭੋਲਾ ਨੂੰ ਲੱਭਣ ਲਈ ਖੁਦ ਹੀ ਪਾਣੀ ‘ਚ ਵੜ ਗਏ ਪਰ ਅਜੇ ਤੱਕ ਦੋਹਾਂ ਦੀ ਕੋਈ ਖਬਰ ਨਹੀਂ ਲੱਗੀ ਹੈ।


LEAVE A REPLY