ਖ਼ਤਰਨਾਕ ਆਨਲਾਈਨ ਖੇਡ ਮੋਮੋ ਚੈਲੰਜ ਬਾਰੇ ਕੇਂਦਰੀ ਇਸਤਰੀ ਅਤੇ ਬਾਲ ਵਿਕਾਸ ਮੰਤਰਾਲੇ ਵੱਲੋਂ ਐਡਵਾਈਜ਼ਰੀ ਜਾਰੀ


Dangerous game

ਲੁਧਿਆਣਾ – ਖ਼ਤਰਨਾਕ ਆਨਲਾਈਨ ਖੇਡ ‘ਮੋਮੋ ਚੈਲੰਜ’ ਤੋਂ ਬੱਚਿਆਂ ਨੂੰ ਬਚਾਉਣ ਲਈ ਕੇਂਦਰੀ ਇਸਤਰੀ ਅਤੇ ਬਾਲ ਵਿਕਾਸ ਮੰਤਰਾਲੇ ਨੇ ਐਡਵਾਈਜ਼ਰੀ/ਗਾਈਡਲਾਈਨਜ਼ ਜਾਰੀ ਕੀਤੀ ਹੈ। ਇਸ ਸੰਬੰਧੀ ਮੰਤਰਾਲੇ ਵੱਲੋਂ ਪ੍ਰਾਪਤ ਪੱਤਰ ਦਾ ਹਵਾਲਾ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਨੇ ਦੱਸਿਆ ਕਿ ਇਹ ਖੇਡ ਬੱਚਿਆਂ ਜਾਂ ਖੇਡਣ ਵਾਲਿਆਂ ਨੂੰ ਅਣਜਾਣ ਖ਼ਿਡਾਰੀਆਂ ਵੱਲੋਂ ਮਿਲੀ ਚੁਣੌਤੀ ਦੇ ਰੂਪ ਵਿੱਚ ਹਿੰਸਕ ਹਰਕਤਾਂ ਕਰਨ ਲਈ ਉਤੇਜਿਤ ਕਰਦੀ ਹੈ। ਇਹ ਖੇਡ ਅੱਜ ਕੱਲ ਸੋਸ਼ਲ ਮੀਡੀਆ ਖਾਸ ਕਰਕੇ ਵਟਸਐਪ ‘ਤੇ ਵਾਇਰਲ ਹੋ ਚੁੱਕੀ ਹੈ।

ਸ੍ਰੀ ਅਗਰਵਾਲ ਨੇ ਦੱਸਿਆ ਕਿ ਇਸ ਖੇਡ ਵਿੱਚ ਖ਼ਿਡਾਰੀ ਆਪਣੇ ਆਪ ਨੂੰ ਨੁਕਸਾਨ ਕਰਨ ਵਾਲੇ ਕਈ ਖ਼ਤਰਨਾਕ ਕਦਮ ਉਠਾਉਂਦਾ ਹੈ ਅਤੇ ਹਰ ਕਦਮ ‘ਤੇ ਇਹ ਰਿਸਕ ਹੋਰ ਖ਼ਤਰਨਾਕ ਹੁੰਦੇ ਜਾਂਦੇ ਹਨ, ਜੋ ਕਿ ਅਖ਼ੀਰ ਆਤਮ ਹੱਤਿਆ ਦੇ ਰੂਪ ਵਿੱਚ ਖ਼ਤਮ ਹੁੰਦੇ ਹਨ। ਖੇਡ ਵਿੱਚ ਹਰੇਕ ਨਵਾਂ ਚੈਲੰਜ ਖ਼ਿਡਾਰੀ ਨੂੰ ਹੋਰ ਨਵਾਂ ਖ਼ਤਰਨਾਕ ਕਦਮ ਉਠਾਉਣ ਲਈ ਉਤੇਜਿਤ ਕਰਦਾ ਹੈ।

ਇਸ ਖੇਡ ਵਿੱਚ ਖ਼ਿਡਾਰੀ ਨੂੰ ਵਟਸਐਪ ‘ਤੇ ‘ਮੋਮੋ’ ਦੇ ਨਾਮ ‘ਤੇ ਕੰਟੈਕਟ ਐਡ ਕਰਨ ਲਈ ਕਿਹਾ ਜਾਂਦਾ ਹੈ। ਜਦੋਂ ਇਕ ਵਾਰ ਇਹ ਕੰਟੈਕਟ ਐਡ ਹੋ ਜਾਂਦਾ ਹੈ ਤਾਂ ਜਪਾਨੀ ‘ਮੋਮੋ’ ਗੁੱਡੀ ਦੀਆਂ ਡਰਾਉਣੀਆਂ ਤਸਵੀਰਾਂ ਸਾਹਮਣੇ ਆਉਣ ਲੱਗਦੀਆਂ ਹਨ। ਇਸ ਖੇਡ ਨੂੰ ਕੰਟਰੋਲ ਕਰਨ ਵਾਲਾ ਕੰਟਰੋਲਰ ਖੇਡ ਨਾਲ ਜੁੜੇ ਖ਼ਿਡਾਰੀਆਂ ਨੂੰ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਉਤੇਜਿਤ ਕਰਦਾ ਹੈ। ਜੇਕਰ ਖ਼ਿਡਾਰੀ ਕੰਟਰੋਲਰ ਵੱਲੋਂ ਜਾਰੀ ਦਿੱਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਨਹੀਂ ਕਰਦਾ ਤਾਂ ਉਨਾਂ ਨੂੰ ਡਰਾਉਣੀਆਂ ਤਸਵੀਰਾਂ, ਆਡੀਓ ਅਤੇ ਵੀਡੀਓਜ਼ ਨਾਲ ਧਮਕਾਇਆ ਜਾਂਦਾ ਹੈ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜੇਕਰ ਬੱਚੇ ਆਪਣੇ ਦੋਸਤਾਂ ਅਤੇ ਪਰਿਵਾਰਕ ਮੈਂਬਰਾਂ ਤੋਂ ਵੱਖਰਾ ਰਹਿਣ ਲੱਗਦਾ ਹੈ ਤਾਂ ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਉਹ ਇਸ ਖੇਡ ਨੂੰ ਖੇਡਣ ਵਿੱਚ ਲੱਗਾ ਹੋਇਆ ਹੈ। ਇਸ ਤੋਂ ਇਲਾਵਾ ਉਹ ਲਗਾਤਾਰ ਉਦਾਸ ਜਾਂ ਨਾਖੁਸ਼ ਮੁਦਰਾ ਵਿੱਚ ਰਹਿੰਦਾ ਹੈ, ਉਹ ਨਿੱਤ ਦਿਨ ਦੇ ਕੰਮਾਂ ਨੂੰ ਕਰਨ ਤੋਂ ਡਰਦਾ ਜਾਂ ਘਬਰਾਉਂਦਾ ਹੈ, ਉਹ ਅਚਾਨਕ ਖੁਦ ‘ਤੇ ਜਾਂ ਕਿਸੇ ਹੋਰ ‘ਤੇ ਗੁੱਸੇ ਵਿੱਚ ਅੱਗ ਬਬੂਲਾ ਹੋ ਜਾਂਦਾ ਹੈ, ਉਹ ਨਿੱਤ ਦਿਨ ਦੀਆਂ ਮਨੋਰੰਜਨ ਗਤੀਵਿਧੀਆਂ ਵਿੱਚ ਭਾਗ ਨਹੀਂ ਲੈਂਦਾ, ਉਸਦੇ ਸਰੀਰ ‘ਤੇ ਡੂੰਘੇ ਕੱਟ ਜਾਂ ਸਰੀਰਕ ਨੁਕਸਾਨ ਦੇ ਨਿਸ਼ਾਨ ਦਿਖਾਈ ਦਿੰਦੇ ਹਨ, ਇਹ ਵੀ ਕੁਝ ਹੋਰ ਕਾਰਨ ਹੋ ਸਕਦੇ ਹਨ।

ਸ੍ਰੀ. ਅਗਰਵਾਲ ਨੇ ਮਾਪਿਆਂ ਨੂੰ ਅਪੀਲ ਕਰਦਿਆਂ ਕਿਹਾ ਹੈ ਕਿ ਉਹ ਆਪਣੇ ਬੱਚਿਆਂ ‘ਤੇ ਨਜ਼ਰ ਰੱਖਣ ਅਤੇ ਸਮੇਂ-ਸਮੇਂ ‘ਤੇ ਪੁੱਛਦੇ ਰਹਿਣ ਕਿ ਉਨਾਂ ਦੀ ਰੁਟੀਨ ਲਾਈਫ਼ ਕਿਵੇਂ ਚੱਲ ਰਹੀ ਹੈ। ਬੱਚੇ ਨੂੰ ਪੁੱਛਦੇ ਰਹਿਣਾ ਚਾਹੀਦਾ ਹੈ ਕਿ ਉਨਾਂ ਦੇ ਮਨ ‘ਤੇ ਕਿਸੇ ਕਿਸਮ ਦਾ ਬੋਝ ਜਾਂ ਡਰ ਤਾਂ ਨਹੀਂ ਹੈ। ਬੱਚਿਆਂ ਵਿੱਚ ਨਿੱਤ ਦਿਨ ਆਉਂਦੀਆਂ ਮਾਨਸਿਕ ਤਬਦੀਲੀਆਂ ਬਾਰੇ ਪੁੱਛਣ ਲਈ ਮਾਪਿਆਂ ਨੂੰ ਝਿਜਕ ਨਹੀਂ ਦਿਖ਼ਾਉਣੀ ਚਾਹੀਦੀ। ਜਦੋਂ ਤੱਕ ਇਹ ਯਕੀਨ ਨਹੀਂ ਹੁੰਦਾ ਕਿ ਉਨਾਂ ਦਾ ਬੱਚਾ ਇਹ ਖੇਡ ਖੇਡ ਰਿਹਾ ਹੈ ਉਦੋਂ ਤੱਕ ਬੱਚਿਆਂ ਨੂੰ ਬਲਿਊ ਗੇਮ ਬਾਰੇ ਨਾ ਪੁੱਛੋ। ਆਪਣੇ ਬੱਚਿਆਂ ਦੀਆਂ ਸੋਸ਼ਲ ਮੀਡੀਆ ‘ਤੇ ਨਿੱਤ ਦਿਨ ਦੀਆਂ ਗਤੀਵਿਧੀਆਂ ਦਾ ਪੂਰਨ ਤੌਰ ‘ਤੇ ਨਜ਼ਰ ਰੱਖੋ।

ਸ੍ਰੀ. ਅਗਰਵਾਲ ਨੇ ਕਿਹਾ ਕਿ ਮਾਪਿਆਂ ਨੂੰ ਆਪਣੇ ਬੱਚਿਆਂ ਦੇ ਗੁਪਤ ਸੁਭਾਅ ਦੀਆਂ ਗਤੀਵਿਧੀਆਂ ‘ਤੇ ਨਜ਼ਰ ਰੱਖਣੀ ਚਾਹੀਦੀ ਹੈ, ਜਿਵੇਂ ਕਿ ਬੱਚਾ ਦਿਨੋਂ ਦਿਨ ਸੋਸ਼ਲ ਮੀਡੀਆ ਜਾਂ ਇਲੈਕਟ੍ਰੋਨਿਕ ਉਪਕਰਨਾਂ ‘ਤੇ ਜਿਆਦਾ ਸਮਾਂ ਬਤੀਤ ਕਰਨ ਲੱਗਦਾ ਹੈ, ਜਦੋਂ ਬੱਚਾ ਤੁਹਾਡੇ ਕੋਲ ਪਹੁੰਚਣ ‘ਤੇ ਪ੍ਰੋਗਰਾਮ ਜਾਂ ਸਕਰੀਨ ਬਦਲ ਲੈਂਦਾ ਹੈ, ਸੋਸ਼ਲ ਮੀਡੀਆ ਵਰਤਣ ਉਪਰੰਤ ਉਹ ਹਿੰਸਕ ਹੋ ਜਾਂਦਾ ਹੈ, ਜਾਂ ਉਸਦੇ ਫੋਨ ਜਾਂ ਈਮੇਲ ਵਿੱਚ ਅਚਾਨਕ ਕੰਨਟੈਕਟਾਂ ਵਿੱਚ ਵਾਧਾ ਹੋ ਜਾਂਦਾ ਹੈ।

ਸ੍ਰੀ. ਅਗਰਵਾਲ ਨੇ ਕਿਹਾ ਕਿ ਮਾਪਿਆਂ ਨੂੰ ਚਾਹੀਦਾ ਹੈ ਕਿ ਉਹ ਬੱਚਿਆਂ ਨੂੰ ਸਾਈਬਰ ਖ਼ਤਰਿਆਂ ਤੋਂ ਬਚਾਉਣ ਲਈ ਵਧੀਆ ਸਾਈਬਰ ਸਾਫ਼ਟਵੇਅਰਾਂ ਦੀ ਵਰਤੋਂ ਕਰਨ, ਜਿਸ ਨਾਲ ਕਿ ਬੱਚਿਆਂ ਦੀ ਆਨਲਾਈਨ ਗਤੀਵਿਧੀਆਂ ‘ਤੇ ਨਜ਼ਰ ਰੱਖੀ ਜਾ ਸਕੇ। ਬੱਚਿਆਂ ਬਾਰੇ ਸਮੇਂ-ਸਮੇਂ ‘ਤੇ ਸਕੂਲ ਅਥਾਰਟੀਜ਼ ਜਾਂ ਕਾਊਂਸਲਰਾਂ ਨਾਲ ਸਲਾਹ ਮਸ਼ਵਰਾ ਕਰਦੇ ਰਹਿਣਾ ਚਾਹੀਦਾ ਹੈ। ਜੇਕਰ ਮਾਪਿਆਂ ਨੂੰ ਲੱਗਦਾ ਹੈ ਕਿ ਉਨਾਂ ਦਾ ਬੱਚਾ ਇਸ ਚੱਕਰ ਵਿੱਚ ਫਸ ਗਿਆ ਹੈ ਤਾਂ ਉਨਾਂ ਨੂੰ ਇਸ ਸੰਬੰਧੀ ਪ੍ਰੋਫੈਸ਼ਨਲ ਸਹਾਇਤਾ ਵੀ ਲੈਣੀ ਚਾਹੀਦੀ ਹੈ ਅਤੇ ਬੱਚੇ ਨੂੰ ਭਰੋਸਾ ਦੇਣਾ ਚਾਹੀਦਾ ਹੈ ਕਿ ਉਹ ਉਸਦੀ ਇਸ ਸਥਿਤੀ ਵਿੱਚੋਂ ਨਿਕਲਣ ਲਈ ਪੂਰੀ ਮਦਦ ਕਰਨਗੇ। ਸ੍ਰੀ. ਅਗਰਵਾਲ ਨੇ ਜ਼ਿਲਾ ਸਿੱਖਿਆ ਅਧਿਕਾਰੀਆਂ ਨੂੰ ਵੀ ਹਦਾਇਤ ਕੀਤੀ ਹੈ ਕਿ ਉਹ ਇਸ ਸੰਬੰਧੀ ਮਾਪਿਆਂ ਅਤੇ ਅਧਿਆਪਕਾਂ ਨੂੰ ਇਸ ਸੰਬੰਧੀ ਜਾਗਰੂਕ ਕੀਤਾ ਜਾਵੇ।


LEAVE A REPLY