ਲੁਧਿਆਣਾ ਪੁਲਿਸ ਨੇ ਐਸ਼ਪ੍ਰਸਤੀ ਲਈ ਵਾਹਨ ਚੋਰੀ ਕਰਨ ਵਾਲੇ ਗਿਰੋਹ ਦਾ ਕੀਤਾ ਭਾਂਡਾ ਭੱਜਾ, 3 ਆਰੋਪੀ ਕੀਤੇ ਕਾਬੂ


theft gang busted

ਥਾਣਾ ਡਵੀਜ਼ਨ ਨੰ. 2 ਦੀ ਪੁਲਸ ਨੇ ਐਸ਼ਪ੍ਰਸਤੀ ਲਈ ਵਾਹਨ ਚੋਰੀ ਕਰਨ ਵਾਲੇ ਇਕ ਗਿਰੋਹ ਦਾ ਭਾਂਡਾ ਭੰਨਦੇ ਹੋਏ ਉਸ ਦੇ ਸਰਗਣੇ ਸਮੇਤ 3 ਮੈਂਬਰਾਂ ਨੂੰ ਬਡ਼ੇ ਹੀ ਨਾਟਕੀ ਢੰਗ ਨਾਲ ਗ੍ਰਿਫਤਾਰ ਕੀਤਾ ਹੈ, ਜਿਨ੍ਹਾਂ ਦੇ ਕਬਜ਼ੇ ਵਿਚੋਂ ਚੋਰੀਸ਼ੁਦਾ, ਕੁਆਲਿਸ, ਇਕ ਛੋਟਾ ਹਾਥੀ ਟੈਂਪੂ, ਖੰਜਰ, ਮਾਰਟਰ ਕੀ ਤੇ ਵਾਰਦਾਤਾਂ ਵਿਚ ਵਰਤਿਆ ਮੋਟਰਸਾਈਕਲ ਬਰਾਮਦ ਹੋਇਆ ਹੈ। ਸਹਾਇਕ ਪੁਲਸ ਕਮਿਸ਼ਨਰ ਕੇਂਦਰੀ ਵਰਿਆਮ ਸਿੰਘ ਨੇ ਦੱਸਿਆ ਕਿ ਫਡ਼ੇ ਗਏ ਦੋਸ਼ੀਆਂ ਵਿਚ ਗਿਰੋਹ ਦੇ ਸਰਗਣਾ ਦਸਮੇਸ਼ ਨਗਰ ਵਾਸੀ ਸੁੱਖਾ ਸਿੰਘ, ਬਸੰਤ ਨਗਰ ਦਾਬਾ ਦਾ ਵਿੱਕੀ ਤੇ ਪਾਇਲ ਦੇ ਪਿੰਡ ਦਾਊ ਮਾਜਰਾ ਦਾ ਹੈਪੀ ਹੈ। ਫਡ਼ੇ ਗਏ ਦੋਸ਼ੀ 24-25 ਸਾਲ ਦੇ ਦਰਮਿਆਨ ਹਨ, ਜਿਨ੍ਹਾਂ ਨੂੰ ਸੂਚਨਾ ਦੇ ਅਾਧਾਰ ’ਤੇ ਥਾਣਾ ਮੁਖੀ ਇੰਸਪੈਕਟਰ ਸਤਵੰਤ ਸਿੰਘ ਤੇ ਜਨਕਪੁਰੀ ਚੌਕੀ ਮੁਖੀ ਏ. ਐੱਸ. ਆਈ. ਗੁਰਜੀਤ ਸਿੰਘ ਦੀ ਅਗਵਾਈ ਵਾਲੀ ਟੀਮ ਨੇ ਆਰ. ਕੇ. ਰੋਡ, ਹੋਟਲ ਜ਼ੂਮ ਦੇ ਕੋਲੋਂ ਨਾਕਾਬੰਦੀ ਕਰ ਕੇ ਕਾਬੂ ਕੀਤਾ। ਸੂਚਨਾ ਮਿਲੀ ਸੀ ਕਿ ਦੋਸ਼ੀ ਚੋਰੀਸ਼ੁਦਾ ਕੁਆਲਿਸ ਗੱਡੀ ਵਿਚ ਸਵਾਰ ਹੋ ਕੇ ਢੋਲੇਵਾਲ ਤੋਂ ਸ਼ੇਰਪੁਰ ਵੱਲ ਜਾ ਰਹੇ ਹਨ। ਇਹ ਗੱਡੀ ਇਨ੍ਹਾਂ ਨੇ 7 ਨਵੰਬਰ ਨੂੰ ਜਨਕਪੁਰੀ ਇੰਡਸਟਰੀ ਏਰੀਏ ’ਚੋਂ ਰਾਤ ਨੂੰ 8 ਵਜੇ ਚੋਰੀ ਕੀਤੀ ਸੀ। ਇਸ ਤੋਂ ਇਲਾਵਾ ਗਿਰੋਹ ਨੇ 9 ਵਾਰਦਾਤਾਂ ਵਿਚ ਆਪਣੀ ਸ਼ਮੂਲੀਅਤ ਕਬੂਲ ਕੀਤੀ ਹੈ।

ਚੋਰੀ ਕੀਤੀਆਂ ਗੱਡੀਆਂ ਵੇਚ ਦਿੰਦੇ ਸਨ ਕਬਾਡ਼ੀਆਂ ਨੂੰ

ਵਰਿਆਮ ਨੇ ਦੱਸਿਆ ਕਿ ਪੁੱਛਗਿੱਛ ਵਿਚ ਦੋਸ਼ੀਆਂ ਨੇ ਖੁਲਾਸਾ ਕੀਤਾ ਕਿ ਸੁੱਖਾ ਤੇ ਵਿੱਕੀ ਗੱਡੀਆਂ ਚੋਰੀ ਕਰਦੇ ਸਨ ਅਤੇ ਹੈਪੀ ਚੋਰੀ ਕੀਤੀਆਂ ਗੱਡੀਆਂ ਨੂੰ ਟਿਕਾਣੇ ਲਾਉਣ ਲਈ ਕਬਾਡ਼ੀਆਂ ਨੂੰ ਔਣੇ-ਪੌਣੇ ਰੇਟਾਂ ’ਤੇ ਵੇਚ ਦਿੰਦਾ ਸੀ। ਇਸ ਤੋਂ ਜੋ ਪੈਸਾ ਹਾਸਲ ਹੁੰਦਾ ਸੀ, ਉਸ ਨਾਲ ਦੋਸ਼ੀ ਐਸ਼੍ਰਪਸਤੀ ਅਤੇ ਮੌਜ-ਮਸਤੀ ਕਰਦੇ ਸਨ। ਉਨ੍ਹਾਂ ਦੱਸਿਆ ਕਿ ਸੁੱਖੇ ਦੇ ਖਿਲਾਫ ਪਹਿਲਾਂ ਵੀ ਚੋਰੀ ਦਾ ਕੇਸ ਦਰਜ ਹੈ, ਜਦੋਂਕਿ ਬਾਕੀ ਦੋਸ਼ੀਆਂ ਦਾ ਅਪਰਾਧਕ ਰਿਕਾਰਡ ਚੈੱਕ ਕੀਤਾ ਜਾ ਰਿਹਾ ਹੈ। ਸਤਵੰਤ ਨੇ ਦੱਸਿਆ ਕਿ ਹੋਰਨਾਂ ਵਾਹਨਾਂ ਦੀ ਰਿਕਵਰੀ ਲਈ ਉਨ੍ਹਾਂ ਕਬਾਡ਼ੀਆਂ ਦਾ ਪਤਾ ਲਾਇਆ ਜਾ ਰਿਹਾ ਹੈ, ਜਿਨ੍ਹਾਂ ਨੂੰ ਇਨ੍ਹਾਂ ਨੇ ਕਾਰਾਂ ਆਦਿ ਵੇਚੀਆਂ ਹਨ।

ਇਹ ਵਾਰਦਾਤਾਂ ਕਬੂਲੀਆਂ

  • 15 ਅਕਤੂਬਰ, 2018 ਨੂੰ ਉਦਯੋਗਿਕ ਖੇਤਰ ਦੇ ਬਾਗ ਸੂਫੀਆਂ ਦੇ ਕੋਲੋਂ ਕੌਫੀ ਰੰਗ ਦੀ ਮਾਰੂਤੀ ਕਾਰ ਚੋਰੀ ਕੀਤੀ।
  • 17 ਅਕਤੂਬਰ, 2018 ਨੂੰ ਕਿਦਵਈ ਨਗਰ ਦੇ ਮਿੰਨੀ ਰੋਜ਼ ਗਾਰਡਨ ਦੇ ਕੋਲੋਂ ਛੋਟਾ ਹਾਥੀ ਟੈਂਪੂ ਚੋਰੀ ਕੀਤਾ।
  • 24 ਅਕਤੂਬਰ, 2018 ਨੂੰ ਸਮਰਾਲਾ ਚੌਕ ਦੇ ਕੋਲੋਂ ਟ੍ਰਾਂਸਪੋਰਟ ਨਗਰ ਤੋਂ ਟਾਟਾ 207 ਚੋਰੀ ਕੀਤੀ।
  • 3 ਨਵੰਬਰ, 2018 ਨੂੰ ਗਿੱਲ ਚੌਕ, ਸੂਪ ਵਾਲੀ ਦੁਕਾਨ ਦੇ ਕੋਲੋਂ ਸਫੈਦ ਰੰਗ ਦੀ ਮਾਰੂਤੀ ਕਾਰ ਚੋਰੀ ਕੀਤੀ।
  • 3 ਨਵੰਬਰ, 2018 ਨੂੰ ਸਮਰਾਲਾ ਚੌਕ ਮੁਹੱਲਾ ਹਰਚਰਨ ਨਗਰ ਦੇ ਨਾਲ ਲਗਦੇ ਜੀ. ਟੀ. ਰੋਡ ਤੋਂ ਨੀਲੇ ਰੰਗ ਦੀ ਮਾਰੂਤੀ ਕਾਰ ਚੋਰੀ ਕੀਤੀ।
  • 2 ਨਵੰਬਰ 2018 ਨੂੰ ਛੋਟਾ ਹਾਥੀ ਟੈਂਪੂ ਚੋਰੀ ਕੀਤਾ।
  • ਇਸ ਤੋਂ ਇਲਾਵਾ ਕਰੀਬ 3 ਮਹੀਨੇ ਪਹਿਲਾਂ ਵਿਸ਼ਵਕਰਮਾ ਚੌਕ ਦੇ ਕੋਲੋਂ ਇਕ ਮਾਰੂਤੀ ਕਾਰ ਚੋਰੀ ਕੀਤੀ। ਇਸ ਤੋਂ 2 ਮਹੀਨੇ ਬਾਅਦ ਵੀ ਉੱਥੋਂ ਇਕ ਹੋਰ ਮਾਰੂਤੀ ਕਾਰ ਚੋਰੀ ਕੀਤੀ।

LEAVE A REPLY