ਲੁਧਿਆਣਾ – ਰਿਸ਼ਵਤਖੋਰੀ ਦੇ ਦੋਸ਼ ਵਿੱਚ ਏ. ਐੱਸ. ਆਈ. ਗ੍ਰਿਫਤਾਰ


ਲੁਧਿਆਣਾ – ਵਿਜੀਲੈਂਸ ਵਿਭਾਗ ਨੇ ਰਿਸ਼ਵਤਖੋਰੀ ਦੇ ਦੋਸ਼ ’ਚ ਬਸਤੀ ਜੋਧੇਵਾਲ ਥਾਣੇ ’ਚ ਤਾਇਨਾਤ ਇਕ ਏ. ਐੱਸ. ਆਈ. ਵਿੱਦਿਆ ਰਤਨ ਨੂੰ 15,000 ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਗ੍ਰਿਫਤਾਰ ਕੀਤਾ ਗਿਆ ਹੈ, ਜੋ ਕਿ ਕਤਲ ਦੇ ਮਾਮਲੇ ਵਿਚ ਨਾਮਜ਼ਦ ਕੀਤੇ ਗਏ ਇਕ ਦੋਸ਼ੀ ਨੂੰ ਟਾਰਚਰ ਨਾ ਕਰਨ ਬਦਲੇ ਠੱਗੇ ਗਏ ਸਨ। ਡੀ. ਐੱਸ. ਪੀ. ਵਰਿਆਮ ਸਿੰਘ ਨੇ ਦੱਸਿਆ ਕਿ ਦੋਸ਼ੀ ਨੂੰ ਸ਼ੁੱਕਰਵਾਰ ਸ਼ਾਮ ਨੂੰ ਉਸ ਦੇ ਥਾਣੇ ਦੇ ਨੇੜਿਓਂ ਗ੍ਰਿਫਤਾਰ ਕੀਤਾ, ਜਦ ਉਹ ਸ਼ਿਕਾਇਤਕਰਤਾ ਸੁਮਨ ਤੋਂ ਰਿਸ਼ਵਤ ਦੀ ਰਕਮ ਠੱਗ ਰਿਹਾ ਸੀ। ਦੋਸ਼ੀ ਖਿਲਾਫ ਕਰੱਪਸ਼ਨ ਐਕਟ ਤਹਿਤ ਕੇਸ ਦਰਜ ਕਰ ਕੇ ਉਸ ਦੀ ਜਾਇਦਾਦ ਦੀ ਛਾਣਬੀਨ ਕੀਤੀ ਜਾ ਰਹੀ ਹੈ। ਵਰਿਆਮ ਨੇ ਦੱਸਿਆ ਕਿ ਸੁਨੈਣਾ ਦਾ ਭਰਾ ਪੀਰੂਬੰਦਾ ਨਿਵਾਸੀ ਯੋਗਰਾਜ ਕਤਲ ਦੇ ਯਤਨ ਦੇ ਮਾਮਲੇ ਵਿਚ ਜੇਲ ਵਿਚ ਬੰਦ ਹੈ। ਕੁੱਝ ਦਿਨ ਪਹਿਲਾਂ ਸਬਜ਼ੀ ਮੰਡੀ ਇਲਾਕੇ ਵਿਚ ਘਾਰਜੀਤ ਸਿੰਘ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਇਸ ਮਾਮਲੇ ਵਿਚ ਵੀ ਯੋਗਰਾਜ ਨਾਮਜ਼ਦ ਕਰ ਲਿਆ ਗਿਆ ਸੀ। ਯੋਗਰਾਜ ’ਤੇ ਦੋਸ਼ ਹੈ ਕਿ ਉਸ ਨੇ ਆਡ਼੍ਹਤੀ ਹੱਤਿਆਕਾਂਡ ਦੇ ਮੁੱਖ ਦੋਸ਼ੀ ਗੌਰਵ ਕੁਮਾਰ ਉਰਫ ਗੌਰਾ ਡਾਨ ਨੂੰ ਪਿਸਤੌਲ ਮੁਹੱਈਆ ਕਰਵਾਇਆ ਸੀ, ਜਿਸ ਦੇ ਕਾਰਨ ਉਸ ਤੋਂ ਪੁੱਛਗਿੱਛ ਲਈ ਪ੍ਰੋਡਕਸ਼ਨ ਵਾਰੰਟ ’ਤੇ ਲਿਆਂਦਾ ਜਾਣਾ ਹੈ। ਪ੍ਰੋਡਕਸ਼ਨ ਵਾਰੰਟ ਦੌਰਾਨ ਯੋਗਰਾਜ ਨੂੰ ਟਾਰਚਰ ਨਾ ਕਰਨ ਅਤੇ ਉਸ ਦੇ ਹੋਰ ਪਰਿਵਾਰਕ ਮੈਂਬਰਾਂ ਨੂੰ ਇਸ ਮਾਮਲੇ ’ਚ ਨਾਮਜ਼ਦ ਨਾ ਕਰਨ ਬਦਲੇ ਵਿੱਦਿਆ ਰਤਨ ਨੇ 30,000 ਰੁਪਏ ਦੀ ਡਿਮਾਂਡ ਕੀਤੀ।

10,000 ਰੁਪਏ ਉਸ ਨੇ ਵੀਰਵਾਰ ਨੂੰ ਵਸੂਲ ਲਏ, ਜਦਕਿ 20,000 ਰੁਪਏ ਅੱਜ ਦੇਣਾ ਤੈਅ ਹੋਇਆ ਸੀ। ਇਸ ਦੌਰਾਨ ਸੁਨੈਣਾ ਨੇ ਇਸ ਦੀ ਸ਼ਿਕਾਇਤ ਵਿਜੀਲੈਂਸ ਦੇ ਕੋਲ ਕਰ ਦਿੱਤੀ ਅਤੇ ਵਿੱਦਿਆ ਰਤਨ ਤੋਂ ਮਿੰਨਤਾਂ ਕਰ ਕੇ ਉਸ ਨੂੰ 15,000 ਰੁਪਏ ’ਚ ਮਨਾ ਲਿਆ। ਦੋਸ਼ੀ ਨੂੰ ਰੰਗੇ ਹੱਥੀਂ ਕਾਬੂ ਕਰਨ ਲਈ ਇੰਸ. ਰਜਿੰਦਰ ਕੁਮਾਰ ਦੀ ਡਿਊਟੀ ਲਗਾਈ ਗਈ, ਜਿਨ੍ਹਾਂ ਨੇ ਕਾਨੂੰਨੀ ਪ੍ਰਕਿਰਿਆ ਪੂਰੀ ਕਰਨ ਤੋਂ ਬਾਅਦ ਦੋਸ਼ੀ ਨੂੰ 15,000 ਰੁਪਏ ਦੀ ਰਿਸ਼ਵਤ ਲੈਂਦੇ ਹੋਏ ਸਰਕਾਰੀ ਗਵਾਹਾਂ ਦੀ ਮੌਜੂਦਗੀ ਵਿਚ ਰੰਗੇ ਹੱਥੀਂ ਕਾਬੂ ਕੀਤਾ ਗਿਆ। ਡੀ. ਐੱਸ. ਪੀ. ਨੇ ਦੱਸਿਆ ਕਿ ਫਿਲਹਾਲ ਹੁਣ ਤੱਕ ਇਸ ਮਾਮਲੇ ਵਿਚ ਕਿਸੇ ਹੋਰ ਪੁਲਸ ਮੁਲਾਜ਼ਮ ਦੀ ਭੂਮਿਕਾ ਸਾਹਮਣੇ ਨਹੀਂ ਆਈ ਹੈ। ਜੇਕਰ ਭਵਿੱਖ ਵਿਚ ਕਿਸੇ ਮੁਲਾਜ਼ਮ ਦੀ ਸ਼ਮੂਲੀਅਤ ਪਾਈ ਗਈ ਤਾਂ ਉਸ ਦੇ ਖਿਲਾਫ ਸਖ਼ਤ ਕਾਰਵਾਈ ਨੂੰ ਅਮਲ ਵਿਚ ਲਿਆਂਦਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਕ ਟੀਮ ਨੂੰ ਦੋਸ਼ੀ ਦੇ ਘਰ ਦੀ ਸਰਚ ਲਈ ਕੰਮ ’ਤੇ ਲਗਾ ਦਿੱਤਾ ਗਿਆ ਹੈ।


LEAVE A REPLY