ਪੰਜਾਬ ਵਿਧਾਨ ਸਭਾ ਦਾ ਬਜਟ ਇਜਲਾਸ ਸ਼ੁਰੂ ਹੁੰਦਿਆਂ ਹੀ ਅਕਾਲੀ ਦਲ ਨੇ ਸੰਭਾਲਿਆ ਮੋਰਚਾ


ਪੰਜਾਬ ਵਿਧਾਨ ਸਭਾ ਦਾ ਬਜਟ ਇਜਲਾਸ ਸ਼ੁਰੂ ਹੁੰਦਿਆਂ ਹੀ ਸ਼੍ਰੋਮਣੀ ਅਕਾਲੀ ਦਲ ਨੇ ਮੋਰਚਾ ਸੰਭਾਲ ਲਿਆ ਹੈ। ਅੱਜ ਪਹਿਲੇ ਦਿਨ ਰਾਜਪਾਲ ਦੇ ਭਾਸ਼ਨ ਵਿੱਚ ਹੀ ਅਕਾਲੀ ਦਲ ਨੇ ਵਾਕਆਊਟ ਕਰ ਦਿੱਤਾ। ਅਕਾਲੀ ਦਲ ਦੇ ਵਿਧਾਇਕਾਂ ਨੇ ਸਦਨ ਦੇ ਬਾਹਰ ਧਰਨਾ ਲਾ ਦਿੱਤਾ। ਇਸ ਮੌਕੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੀ ਮੌਜੂਦ ਰਹੇ। ਯਾਦ ਰਹੇ ਇਸ ਵਾਰ ਸੱਤਾਧਿਰ ਕਾਂਗਰਸ ਨੂੰ ਘੇਰਨ ਲਈ ਵਿਰੋਧੀ ਧਿਰ ਆਮ ਆਦਮੀ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ ਵਿਚਾਲੇ ਦੌੜ ਲੱਗੀ ਹੋਈ ਹੈ।

ਅੱਜ ਜਿਵੇਂ ਹੀ ਰਾਜਪਾਲ ਦਾ ਭਾਸ਼ਨ ਸ਼ੁਰੂ ਹੋਇਆ ਤਾਂ ਸਾਬਕਾ ਵਿੱਚ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਦੀ ਅਗਵਾਈ ਵਿੱਚ ਅਕਾਲੀ ਵਿਧਾਇਕਾਂ ਨੇ ਸੈਸ਼ਨ ਦਾ ਵਾਕਆਊਟ ਕਰ ਦਿੱਤਾ। ਢੀਂਡਸਾ ਨੇ ਕਿਹਾ ਕਿ ਰਾਜਪਾਲ ਨੂੰ ਆਪਣੇ ਭਾਸ਼ਨ ਵਿੱਚ ਕਾਂਗਰਸ ਦੀ ਕਾਰਗੁਜ਼ਾਰੀ ‘ਤੇ ਸਵਾਲ ਖੜ੍ਹੇ ਕਰਨੇ ਚਾਹੀਦੇ ਸੀ। ਅਕਾਲੀ ਦਲ ਨੇ ਕਾਂਗਰਸ ਵੱਲੋਂ ਪੰਜਾਬ ਨੂੰ ਦਿੱਤੀ ਹਰ ਰਾਹਤ ‘ਤੇ ਸਵਾਲ ਖੜ੍ਹੇ ਕਰਦਿਆਂ ਕਿਹਾ ਕਿ ਚਾਹੇ ਕਿਸਾਨੀ ਕਰਜ਼ਾ ਦੇਖੋ ਚਾਹੇ ਅਧਿਆਪਕਾਂ ਦਾ ਮੁੱਦਾ, ਪੰਜਾਬ ਸਰਕਾਰ ਫੇਲ੍ਹ ਨਜ਼ਰ ਆ ਰਹੀ ਹੈ।

ਅਕਾਲੀ ਦਲ ਵੇਲੇ ਦੇ 31000 ਕਰੋੜ ਦੇ ਕਰਜ਼ੇ ਬਾਰੇ ਵਿੱਤ ਕਮਿਸ਼ਨ ਵੱਲੋਂ ਕਮੇਟੀ ਦਾ ਗਠਨ ਕਰਨ ‘ਤੇ ਢੀਂਡਸਾ ਨੇ ਕਿਹਾ ਕੀ ਅਕਾਲੀ ਦਲ ਨੇ ਵਿੱਤ ਕਮਿਸ਼ਨ ਦੇ ਚੇਅਰਮੈਨ ਐਸਕੇ ਸਿੰਘ ਕੋਲ ਮੁੱਦਾ ਚੁੱਕਿਆ ਸੀ। ਐਨਕੇ ਸਿੰਘ ਵੱਲੋਂ ਭਰੋਸਾ ਦਿੱਤਾ ਗਿਆ ਸੀ ਕਿ ਕਰਜ਼ੇ ਦਾ ਜ਼ਰੂਰ ਕੋਈ ਹੱਲ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਾਂਗਰਸ ਉਂਝ ਹੀ ਇਕੱਤੀ ਹਜ਼ਾਰ ਕਰੋੜ ਦੇ ਕਰਜ਼ੇ ਦਾ ਕ੍ਰੈਡਿਟ ਲੈਣ ਦੀ ਕੋਸ਼ਿਸ਼ ਕਰ ਰਹੀ ਹੈ।


LEAVE A REPLY