ਮੈਂ ਬੱਚਿਅਾਂ ਨੂੰ ਸਭ ਕੁੱਝ ਲਿਆ ਦੇਵਾਂਗਾ ਪਰ ਇਨ੍ਹਾਂ ਦੀ ਮਾਂ ਕਿਥੋਂ ਲਿਆ ਕੇ ਦੇਵਾਂਗਾ


ਮੇਰੀ 3 ਸਾਲ ਦੀ ਬੇਟੀ ਮਾਹੀ ਅਤੇ ਮਾਂ ਦਾ ਦੁੱਧ ਚੁੰਘਦੇ 6 ਮਹੀਨੇ ਦੇ ਬੇਟੇ ਆਰੀਅਨ ਨੇ ਲੁਟੇਰਿਆਂ ਦਾ ਕੀ ਵਿਗਾਡ਼ਿਆ ਸੀ, ਜਿਨ੍ਹਾਂ ਨੇ ਮੁੱਠੀ ਭਰ ਲਾਲਚ ਵਿਚ ਆ ਕੇ ਮੇਰੀ ਪਤਨੀ ਸੰਗੀਤਾ ਨੂੰ ਮਾਰੂ ਹਥਿਆਰਾਂ ਨਾਲ ਮਾਰ ਦਿੱਤਾ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸੇਜਲ ਅੱਖਾਂ ਅਤੇ ਥਿਰਕਦੇ ਬੋਲਾਂ ਨਾਲ ਸੁਧੀਰ ਕੁਮਾਰ ਨੇ ਆਪਣੇ ਪਿੰਡੋਂ ਹਾਜੀਪੁਰ ਬਿਹਾਰ ਤੋਂ ਵਾਪਸ ਪਰਤ ਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਮੁੱਠੀ ਭਰ ਲਾਲਚ ਵਿਚ ਆ ਕੇ ਮੇਰੇ ਮਾਸੂਮ ਬੱਚਿਆਂ ਦਾ ਸੰਸਾਰ ਉਜਾਡ਼ ਕੇ ਰੱਖ ਦਿੱਤਾ, ਲੁਟੇਰੇ ਘਰ ਵਿਚ ਪਏ ਭਾਂਡੇ ਆਦਿ ਸਾਮਾਨ ਵੀ ਲੁੱਟ ਕੇ ਲੈ ਜਾਂਦੇ ਪਰ ਬੱਚਿਆਂ ਦੀ ਮਾਂ ਨੂੰ ਤਾਂ ਨਾ ਮਾਰਦੇ, ਮੇਰਾ ਸਾਰਾ ਕੁੱਝ ਲੁੱਟਿਆ ਗਿਆ, ਬਾਜ਼ਾਰ ’ਚੋਂ ਸਭ ਕੁੱਝ ਖਰੀਦ ਕੇ ਲਿਆ ਦੇਵਾਂਗਾ ਪਰ ਇਨ੍ਹਾਂ ਦੀ ਮਾਂ ਕਿਥੋਂ ਲਿਆ ਕੇ ਦੇਵਾਂਗਾ।  ਉਸ  ਨੇ ਦੱਸਿਆ ਕਿ ਕਰੀਬ 1.55 ’ਤੇ ਅੱਧੀ ਰਾਤ ਨੂੰ ਮੈਨੂੰ ਸੰਗੀਤਾ ਦਾ ਆਖਰੀ ਫੋਨ ਆਇਆ। ਬਸ ਇੰਨਾ ਕਿਹਾ ਕਿ ਘਰ ਵਿਚ ਚੋਰ ਆ ਗਏ, ਮੈਂ ਸਰਪੰਚ ਸਤਪਾਲ ਸਿੰਘ ਅਤੇ ਮੱਛੀ ਫਾਰਮ ਨੇਡ਼ੇ ਰਹਿ ਰਹੇ ਗੁੱਜਰ ਸ਼ੰਭੂ ਨੂੰ ਫੋਨ ’ਤੇ ਇਤਲਾਹ ਦਿੱਤੀ ਤਾਂ ਸ਼ੰਭੂ ਚੋਰਾਂ ਨੂੰ ਭਜਾਉਣ ਲਈ ਜਿਉਂ ਹੀ ਕਮਰਿਆਂ ਦੇ ਨੇਡ਼ੇ ਪੁੱਜਾ ਤਾਂ ਲੁਟੇਰਿਆਂ ਨੇ ਲਲਕਾਰਾ ਮਾਰ ਕੇ ਉਸ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਤਾਂ ਸ਼ੰਭੂ ਨੇ ਭੱਜ ਕੇ ਆਪਣੀ ਜਾਨ ਬਚਾਈ ਅਤੇ ਖੇਤਾਂ ਵਿਚ ਲੁਕ ਕੇ ਰਾਤ ਕੱਟੀ ਅਤੇ ਪੁਲਸ ਨੂੰ ਸੂਚਿਤ ਕੀਤਾ। ਪੰਡੋਰੀ ਵਿਖੇ ਹੋਏ ਕਾਂਡ ਦੀ ਜਾਂਚ ਕਰ ਰਹੇ ਐੱਸ. ਪੀ. (ਡੀ)  ਰੁਪਿੰਦਰ ਭਾਰਦਵਾਜ ਨੇ ਦੱਸਿਆ ਕਿ ਘਟਨਾ ਵਾਲੀ  ਰਾਤ ਸੁਧੀਰ ਦੀ ਭਤੀਜੀ ਸਿਮਰਨ ਵੀ ਚਾਚੀ ਸੰਗੀਤਾ ਕੋਲ ਆਈ ਹੋਈ ਸੀ।

ਉਸ ਨੇ ਸਾਰਾ ਮੰਜਰ ਆਪਣੀਆਂ ਅੱਖਾਂ ਸਾਹਮਣੇ ਵੇਖਿਆ ਅਤੇ ਦੱਸਿਆ ਕਿ ਬੇ-ਦਰਦ ਲੁਟੇਰਿਆਂ ਨੇ ਸੰਗੀਤਾ ਨੂੰ ਜਾਨੋਂ ਮਾਰਨ ਉਪਰੰਤ ਉਸ ਦੇ ਪੈਰਾਂ ਵਿਚ ਪਾਈਆਂ ਚਾਂਦੀ ਦੀਆਂ ਝਾਂਜਰਾ ਤੋਡ਼ ਕੇ ਲੁੱਟੀਆਂ ਅਤੇ ਕੰਨਾਂ ਵਿਚ ਪਾਈਆਂ ਸੋਨੇ ਦੀਅਾਂ ਵਾਲੀਅਾਂ  ਲਾਹ ਕੇ ਉਸ ਦਾ ਮੋਬਾਇਲ ਨਾਲ ਲੈ ਗਏ। ਜਦੋਂ ਕਿ ਉਨ੍ਹਾਂ ਨੇ ਮੈਨੂੰ ਕੁੱਝ ਨਹੀਂ ਕਿਹਾ ਪਰ ਮੈਂ ਪੂਰੀ ਤਰ੍ਹਾਂ ਸਹਿਮ ਗਈ ਸੀ। ਪੰਜਾਬੀ ਬੋਲਦੇ ਕਾਲੇ ਰੰਗ ਦੀਆਂ ਕੰਨਾਂ ਵਿਚ ਨੱਤੀਆਂ ਪਾਈ ਲੁਟੇਰਿਆਂ ਨੇ ਪਹਿਲਾਂ ਬਾਹਰ ਸੁੱਤੇ ਪਏ ਵਿਨੋਦ ਕੁਮਾਰ ਨੂੰ ਵੱਢਿਆ ਅਤੇ ਕੁੱਟਿਆ ਫਿਰ ਕਮਰੇ ਅੰਦਰ ਦਾਖਲ ਹੋ ਕੇ ਚਾਚੀ ਸੰਗੀਤਾ ਅਤੇ ਦਾਦੀ ਰਾਮ ਕਲੀ ਨੂੰ ਸੱਬਲਾਂ ਅਤੇ ਮਾਰੂ ਹਥਿਆਰਾਂ ਨਾਲ ਮਾਰਿਆ। ਉਪਰੰਤ ਸਾਰੇ ਘਰ ਦੀ ਫਰੋਲਾ-ਫਰਾਲੀ ਕਰ ਕੇ ਬੇਖੌਫ ਫਰਾਰ ਹੋ ਗਏ। ਥਾਣਾ ਮੁਖੀ ਬਿਕਰਮਜੀਤ ਸਿੰਘ ਨੇ ਦੱਸਿਆ ਕਿ ਮ੍ਰਿਤਕਾ ਸੰਗੀਤਾ ਦਾ ਪੋਸਟਮਾਰਟਮ ਕਰਵਾਇਆ ਗਿਆ, ਉਪਰੰਤ ਲਾਸ਼ ਵਾਰਿਸਾਂ ਦੇ ਹਵਾਲੇ ਕਰ ਦਿੱਤੀ। ਜਿਸ ਦਾ ਉਸ ਦੇ ਪਰਿਵਾਰਕ ਮੈਂਬਰਾਂ ਨੇ ਸਸਕਾਰ ਕਰ ਦਿੱਤਾ।


LEAVE A REPLY