ਨਸ਼ੇ ਦੀ ਓਵਰਡੋਜ਼ ਨਾਲ ਚਾਰ ਭੈਣਾਂ ਦੇ ਇਕਲੌਤੇ 21 ਸਾਲਾ ਭਰਾ ਦੀ ਹੋਈ ਮੌਤ, ਪੁਲਿਸ ਵਲੋਂ ਕੀਤੀ ਜਾ ਰਹੀ ਹੈ ਜਾਂਚ


 

ਖੰਨਾ ਦੇ ਨੇੜਲੇ ਪਿੰਡ ਲਿਬੜਾ ‘ਚ ਨਸ਼ੇ ਦੀ ਓਵਰਡੋਜ਼ ਨਾਲ ਚਾਰ ਭੈਣਾਂ ਦੇ ਇਕਲੌਤੇ ਭਰਾ ਦੀ ਜਾਨ ਚਲੀ ਗਈ। ਮ੍ਰਿਤਕ ਦੀ ਪਛਾਣ 21 ਸਾਲਾ ਨਿਰਭੈ ਸਿੰਘ ਵਜੋਂ ਹੋਈ ਹੈ। ਨਿਰਭੈ ਦੀ ਮਾਂ ਤੇਜ ਕੌਰ ਤੇ ਉਸ ਦੀਆਂ ਭੈਣਾਂ ਨੇ ਰੋਂਦਿਆਂ ਦੱਸਿਆ ਕਿ ਕੁਝ ਸਮੇਂ ਪਹਿਲਾਂ ਉਹ ਨਸ਼ੇ ਦੀ ਦਲਦਲ ‘ਚ ਫਸ ਗਿਆ। ਹੌਲੀ-ਹੌਲੀ ਉਸ ਦੀ ਆਦਤ ਵਧਦੀ ਗਈ। ਬੀਤੀ ਰਾਤ ਉਹ ਆਪਣੇ ਦੋਸਤਾਂ ਦੇ ਨਾਲ ਘਰ ਆਇਆ ਸੀ ਤੇ ਕਿਹਾ ਕਿ ਅੱਜ ਉਸ ਨੇ ਕਿਸੇ ਗੱਡੀ ਵਾਲੇ ਨਾਲ ਗੇੜੇ ਤੇ ਜਾਣਾ ਹੈ। ਉਹ ਸਕੂਟਰ ‘ਚ ਪੈਟਰੋਲ ਪਵਾਉਣ ਲਈ 50 ਰੁਪਏ ਲੈ ਕੇ ਗਿਆ ਸੀ। ਕੁਝ ਮਿੰਟਾਂ ਮਗਰੋਂ ਇਕੱਲਾ ਘਰ ਵਾਪਸ ਆਇਆ।

ਤੇਜ ਕੌਰ ਨੇ ਦੱਸਿਆ ਕਿ ਆਉਂਦੇ ਹੀ ਉਹ ਚੁਬਾਰੇ ਚੜ੍ਹ ਗਿਆ ਤੇ ਕਰੀਬ ਨੌਂ ਵਜੇ ਜਦੋਂ ਉਹ ਰੋਟੀ ਦਾ ਪੁੱਛਣ ਗਈ ਤਾਂ ਨਿਰਭੈ ਫਰਸ਼ ਤੇ ਡਿੱਗਿਆ ਪਿਆ ਸੀ। ਉਸ ਨੇ ਰੌਲਾ ਪਾ ਦਿੱਤਾ। ਲੋਕ ਉੱਥੇ ਇਕੱਠੇ ਹੋਏ ਤੇ ਨਿਰਭੈ ਨੂੰ ਹਸਪਤਾਲ ਲਿਆਂਦਾ ਗਿਆ। ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ।

ਇਸ ਸਬੰਧੀ ਪੁਲਿਸ ਨੇ ਨਸ਼ੇ ਦੀ ਓਵਰਡੋਜ਼ ਦੀ ਪੁਸ਼ਟੀ ਨਹੀਂ ਕੀਤੀ। ਐਸਐਚਓ ਅਨਵਰ ਅਲੀ ਨੇ ਕਿਹਾ ਕਿ ਮ੍ਰਿਤਕ ਦੇ ਚਾਚਾ ਨੇ ਬਿਆਨ ਲਿਖਾਏ ਹਨ ਕਿ ਮੌਤ ਦਿਲ ਦਾ ਦੌਰਾ ਪੈਣ ਨਾਲ ਹੋਈ ਹੈ। ਇਸ ਆਧਾਰ ‘ਤੇ ਕਾਰਵਾਈ ਕਰਦੇ ਹੋਏ ਪੋਸਟਮਾਰਟਮ ਮਗਰੋਂ ਲਾਸ਼ ਵਾਰਸਾਂ ਦੇ ਹਵਾਲੇ ਕੀਤੀ ਗਈ। ਉਨ੍ਹਾਂ ਕਿਹਾ ਕਿ ਹਾਲੇ ਨਸ਼ੇ ਵਾਲੀ ਕੋਈ ਗੱਲ ਸਾਹਮਣੇ ਨਹੀਂ ਆਈ, ਜੇ ਕੋਈ ਇਹੋ ਜਿਹਾ ਮਾਮਲਾ ਆਉਂਦਾ ਹੈ ਤਾਂ ਬਣਦੀ ਕਾਰਵਾਈ ਕੀਤੀ ਜਾਵੇਗੀ।


LEAVE A REPLY