ਚੰਡੀਗੜ੍ਹ ਰੋਡ ਉਤੇ ਪੈਂਦੇ ਪੈਟਰੋਲ ਪੰਪ ਤੇ ਦੋ ਧਿਰਾਂ ਵਿੱਚ ਹੋਈ ਖੂਨੀ ਝੜਪ


ਲੁਧਿਆਣਾ – ਚੰਡੀਗੜ੍ਹ ਰੋਡ ਤੇ ਪੈਂਦੇ ਭਾਰਤ ਪੈਟਰੋਲੀਅਮ ਕੰਪਨੀ ਦੇ ਪੈਟਰੋਲ ਪੰਪ ਤੇ ਜਲਦ ਤੇਲ ਪਵਾਉਣ ਨੂੰ ਲੈ ਕੇ ਦੋ ਵਾਹਨ ਚਾਲਕਾਂ ਦੀ ਆਪਸ ਵਿਚ ਹੋਈ ਬਹਿਸਬਾਜ਼ੀ ਦੇਖਦੇ ਹੀ ਦੇਖਦੇ ਕੁੱਟ-ਮਾਰ ਤੱਕ ਪੁੱਜ ਗਈ। ਦੋਵਾਂ ਧਿਰਾਂ ਦੇ ਨੌਜਵਾਨਾਂ ਨੇ ਆਪਣੇ-ਆਪਣੇ ਸਾਥੀਆਂ ਨੂੰ ਮੌਕੇ ‘ਤੇ ਬੁਲਾਇਆ, ਜਿਸ ਤੋਂ ਬਾਅਦ ਹੋਈ ਖੂਨੀ ਝੜਪ ਵਿਚ ਪੱਗਾਂ ਤੱਕ ਉੱਤਰੀਆਂ। ਜਾਣਕਾਰੀ ਮੁਤਾਬਕ ਗੋਪੀ ਚੰਦ ਰੋਸ਼ਨ ਲਾਲ ਪੰਪ ‘ਤੇ ਆਪਣੇ ਆਟੋ ਰਿਕਸ਼ਾ ‘ਚ ਡੀਜ਼ਲ ਪਵਾ ਰਹੇ ਚਾਲਕ ਦੇ ਪਿੱਛੇ ਲੱਗੀ ਕਾਰ ਦੇ ਚਾਲਕ ਨੇ ਉਸ ਨੂੰ ਆਪਣਾ ਆਟੋ ਜਲਦ ਅੱਗੇ ਕਰਨ ਨੂੰ ਲੈ ਕੇ ਲਗਾਤਾਰ ਹਾਰਨ ਵਜਾਉਂਦੇ ਹੋਏ ਆਟੋ ਅੱਗੇ ਕਰਨ ਨੂੰ ਕਿਹਾ। ਹਾਲਾਂਕਿ ਆਟੋ ਚਾਲਕ ਨੇ ਕਾਰ ਸਵਾਰ ਨੂੰ ਹਾਰਨ ਵਜਾਉਣ ਤੋਂ ਮਨ੍ਹਾ ਕੀਤਾ। ਇਸੇ ਗੱਲ ਨੂੰ ਲੈ ਕੇ ਦੋਵਾਂ ‘ਚ ਬਹਿਸਬਾਜ਼ੀ ਸ਼ੁਰੂ ਹੋ ਗਈ, ਜੋ ਦੇਖਦੇ ਹੀ ਦੇਖਦੇ ਹੱਥੋਪਾਈ ‘ਚ ਬਦਲ ਗਈ। ਇਸੇ ਦੌਰਾਨ ਦੋਵਾਂ ਨੇ ਆਪਣੇ-ਆਪਣੇ ਸਾਥੀ ਪੈਟਰੋਲ ਪੰਪ ‘ਤੇ ਬੁਲਾ ਲਏ ਅਤੇ ਦੋਵੇਂ ਗੁੱਟ ਬੁਰੀ ਤਰ੍ਹਾਂ ਭਿੜ ਪਏ। ਹਮਲਾਵਰਾਂ ਨੇ ਇਕ-ਦੂਜੇ ‘ਤੇ ਖੂਬ ਇੱਟਾਂ-ਪੱਥਰ ਚਲਾਏ।

ਦੋਵਾਂ ਧਿਰਾਂ ਨੂੰ ਛੁਡਾਉਣ ਦੀ ਭਰਪੂਰ ਕੋਸ਼ਿਸ਼ ਕੀਤੀ
ਗੋਪੀ ਚੰਦ ਰੌਸ਼ਨ ਲਾਲ ਪੈਟਰੋਲ ਪੰਪ ਦੇ ਮੁਖੀ ਅਨਿਲ ਖੰਨਾ ਮੁਤਾਬਕ ਆਟੋ ਚਾਲਕ ਅਤੇ ਕਾਰ ਸਵਾਰ ਨੌਜਵਾਨ ਦੇ ਵਿਚ ਆਪਣੇ ਵਾਹਨਾਂ ਵਿਚ ਜਲਦੀ ਤੇਲ ਪਵਾਉਣ ਨੂੰ ਲੈ ਕੇ ਸ਼ੁਰੂ ਹੋਈ ਕੁੱਟ-ਮਾਰ ਵਿਚ ਪੰਪ ਮੁਲਾਜ਼ਮਾਂ ਸਮੇਤ ਉਨ੍ਹਾਂ (ਖੰਨਾ) ਨੇ ਖੁਦ ਦੋਵਾਂ ਧਿਰਾਂ ਨੂੰ ਲੜਨ ਤੋਂ ਰੋਕਣ ਦੀ ਪੂਰੀ ਕੋਸ਼ਿਸ਼ ਕੀਤੀ ਪਰ ਪਰ ਦੋਵਾਂ ਧਿਰਾਂ ਨਹੀਂ ਮੰਨੀਆਂ ਅਤੇ ਆਪਣੇ-ਆਪਣੇ ਸਾਥੀਆਂ ਨੂੰ ਬੁਲਾ ਕੇ ਇਕ-ਦੂਜੇ ‘ਤੇ ਤਾਬੜਤੋੜ ਹਮਲਾ ਕਰ ਦਿੱਤਾ। ਖੰਨਾ ਨੇ ਦੱਸਿਆ ਕਿ ਉਨ੍ਹਾਂ ਨੇ ਪੁਲਸ ਨੂੰ ਫੋਨ ‘ਤੇ ਲੜਾਈ ਸਬੰਧੀ ਸੂਚਨਾ ਦਿੱਤੀ ਅਤੇ ਮੌਕੇ ‘ਤੇ ਪੁੱਜੀ ਪੁਲਸ ਨੇ ਦੋਵਾਂ ਧਿਰਾਂ ਨੂੰ ਸ਼ਾਂਤ ਕਰਵਾਇਆ।


LEAVE A REPLY