ਹਵਾਈ ਯਾਤਰਾ ਕਰਨ ਵਾਲੇ ਮੁਸਾਫਰਾਂ ਨੂੰ ਝਟਕਾ, ਮਹਿੰਗਾ ਹੋਇਆ ਸਫਰ


ਹੁਣ ਮੁਸਾਫਰਾਂ ਨੂੰ ਘਰੇਲੂ ਫਲਾਈਟ ਦੀ ਟਿਕਟ ਬੁੱਕ ਕਰਨ ਲਈ ਪਹਿਲਾਂ ਨਾਲੋਂ ਵਧ ਪੈਸੇ ਖਰਚ ਕਰਨੇ ਪੈਣਗੇ। ਹਵਾਈ ਜਹਾਜ਼ ਦਾ ਈਂਧਣ ਇਸ ਸਾਲ ਕਾਫੀ ਮਹਿੰਗਾ ਹੋ ਚੁੱਕਾ ਹੈ ਜਿਸ ਦਾ ਅਸਰ ਹੁਣ ਕਿਰਾਇਆਂ ‘ਤੇ ਦੇਖਣ ਨੂੰ ਮਿਲਿਆ ਹੈ। ਮੌਜੂਦਾ ਸਮੇਂ ਦਿੱਲੀ ‘ਚ ਹਵਾਬਾਜ਼ੀ ਟਰਬਾਈਨ ਈਂਧਣ (ਏ. ਟੀ. ਐੱਫ.) ਦੀ ਕੀਮਤ 65,340 ਰੁਪਏ ਪ੍ਰਤੀ ਕਿਲੋਲੀਟਰ ਹੈ। ਪਿਛਲੇ ਮਹੀਨੇ ਇਸ ਦੀ ਕੀਮਤ 61,450 ਰੁਪਏ ਪ੍ਰਤੀ ਕਿਲੋਲੀਟਰ ਸੀ। ਇਸ ਸਾਲ ਜਨਵਰੀ 2018 ਤੋਂ ਏ. ਟੀ. ਐੱਫ. ਦੀਆਂ ਕੀਮਤਾਂ ‘ਚ ਲਗਾਤਾਰ ਵਾਧਾ ਦਰਜ ਕੀਤਾ ਗਿਆ ਹੈ। ਇਸ ਹਿਸਾਬ ਨਾਲ ਦਿੱਲੀ ‘ਚ ਏ. ਟੀ. ਐੱਫ. ਹੁਣ ਤਕ 7,880 ਰੁਪਏ ਪ੍ਰਤੀ ਕਿਲੋਲੀਟਰ ਮਹਿੰਗਾ ਹੋ ਚੁੱਕਾ ਹੈ। 1 ਜਨਵਰੀ 2018 ਨੂੰ ਇਸ ਦੀ ਕੀਮਤ 57,460 ਰੁਪਏ ਪ੍ਰਤੀ ਕਿਲੋਲੀਟਰ ਸੀ।

ਇਕ ਰਿਪੋਰਟ ਮੁਤਾਬਕ ਮਈ 2018 ਦੇ ਪਹਿਲੇ 15 ਦਿਨਾਂ ‘ਚ ਹਵਾਈ ਕਿਰਾਇਆ ਪਿਛਲੇ ਸਾਲ ਦੇ ਮੁਕਾਬਲੇ 17 ਫੀਸਦੀ ਤਕ ਵਧਿਆ ਹੈ। ਉੱਥੇ ਹੀ ਮਈ ‘ਚ ਕਈ ਅਹਿਮ ਘਰੇਲੂ ਮਾਰਗਾਂ ‘ਤੇ ਕਿਰਾਇਆ ਅਪ੍ਰੈਲ ਦੇ ਮੁਕਾਬਲੇ 15 ਫੀਸਦੀ ਜ਼ਿਆਦਾ ਹੋ ਗਿਆ ਹੈ। ਕਿਰਾਏ ਵਧਣ ਦਾ ਇਕ ਕਾਰਨ ਹਵਾਬਾਜ਼ੀ ਟਰਬਾਈਨ ਈਂਧਣ ਦੀ ਕੀਮਤ ‘ਚ ਵਾਧਾ ਅਤੇ ਦੂਜਾ ਗਰਮੀਆਂ ਦੀਆਂ ਛੁੱਟੀਆਂ ਦੇ ਮੱਦੇਨਜ਼ਰ ਮੰਗ ਵੀ ਜ਼ੋਰਾਂ ‘ਤੇ ਹੋਣਾ ਹੈ। ਜੇਕਰ ਮਈ ‘ਚ ਏ. ਟੀ. ਐੱਫ. ਦੀ ਕੀਮਤ ਦੀ ਤੁਲਨਾ ਅਪ੍ਰੈਲ 2018 ਨਾਲ ਕਰੀਏ ਤਾਂ ਇਸ ‘ਚ 6.3 ਫੀਸਦੀ ਦਾ ਵਾਧਾ ਹੋਇਆ ਹੈ। ਭਾਰਤ ‘ਚ ਏ. ਟੀ. ਐੱਫ. ‘ਤੇ ਕਾਫੀ ਟੈਕਸ ਲੱਗਦਾ ਹੈ। ਇਸ ਵਜ੍ਹਾ ਨਾਲ ਦੇਸ਼ ‘ਚ ਏਅਰਲਾਈਨ ਆਪ੍ਰੇਸ਼ਨ ਦੀ ਕੁੱਲ ਲਾਗਤ ‘ਚ 50 ਫੀਸਦੀ ਹਿੱਸਾ ਏ. ਟੀ. ਐੱਫ. ਦਾ ਹੁੰਦਾ ਹੈ। ਏ. ਟੀ. ਐੱਫ. ਦੀਆਂ ਕੀਮਤਾਂ ‘ਚ ਵਾਧਾ ਹੋਣ ਨਾਲ ਕੰਪਨੀਆਂ ਦੇ ਮੁਨਾਫੇ ‘ਤੇ ਅਸਰ ਪੈਂਦਾ ਹੈ। ਜਾਣਕਾਰੀ ਮੁਤਾਬਕ, ਆਖਰੀ ਮਿੰਟ ਯਾਨੀ ਯਾਤਰਾ ਦੀ ਤਰੀਕ ਦੇ 7 ਦਿਨਾਂ ਅੰਦਰ ਬੁੱਕ ਕੀਤੇ ਗਏ ਟਿਕਟ ਦੇ ਕਿਰਾਏ ‘ਚ ਜ਼ਿਆਦਾ ਵਾਧਾ ਦਿਖਾਈ ਦੇ ਰਿਹਾ ਹੈ। ਇਸ ਦਾ ਮਤਲਬ ਹੈ ਕਿ ਘੱਟੋ-ਘੱਟ ਇਕ ਮਹੀਨਾ ਪਹਿਲਾਂ ਟਿਕਟ ਬੁੱਕ ਕਰਾਉਣੀ ਸਸਤੀ ਪੈ ਸਕਦੀ ਹੈ।

  • 1
    Share

LEAVE A REPLY