ਪੁਲਵਾਮਾ ਹਮਲੇ ਦੇ ਸ਼ਹੀਦਾਂ ਦੀਆਂ ਮ੍ਰਿਤਕ ਦੇਹਾਂ ਪੁੱਜੀਆਂ ਉਨ੍ਹਾਂ ਦੇ ਪਿੰਡ, ਅੱਜ ਹੋਵੇਗਾ ਸਸਕਾਰ


ਵੀਰਵਾਰ ਸ਼ਾਮ ਨੂੰ ਜੰਮੂ ਕਸ਼ਮੀਰ ਦੇ ਪੁਲਵਾਮਾ ਵਿੱਚ ਹੋਏ ਖ਼ਤਰਨਾਕ ਅੱਤਵਾਦੀ ਹਮਲੇ ਦੇ 40 ਸ਼ਹੀਦਾਂ ਦੀਆਂ ਮ੍ਰਿਤਕ ਦੇਹਾਂ, ਉਨ੍ਹਾਂ ਦੇ ਜੱਦੀ ਪਿੰਡਾਂ ਤਕ ਪਹੁੰਚ ਗਈਆਂ ਹਨ। ਬੀਤੀ ਸ਼ਾਮ ਤਕ ਸਾਰੇ ਜਵਾਨਾਂ ਦੀਆਂ ਦੇਹਾਂ ਵਿਸ਼ੇਸ਼ ਜਹਾਜ਼ ਰਾਹੀਂ ਦਿੱਲੀ ਲਿਜਾਈਆਂ ਗਈਆਂ ਸਨ ਤੇ ਉੱਥੋਂ ਰਾਤ ਨੂੰ ਹੀ ਅੱਗੇ ਰਵਾਨਾ ਕੀਤਾ ਗਿਆ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਤੇ ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਸਮੇਤ ਹੋਰਾਂ ਨੇ ਇੱਥੇ ਸ਼ਹੀਦਾਂ ਨੂੰ ਸ਼ਰਧਾਂਜਲੀ ਵੀ ਭੇਂਟ ਕੀਤੀ।

ਇਸ ਮਗਰੋਂ ਪੰਜਾਬ ਦੇ ਚਾਰ ਸ਼ਹੀਦਾਂ ਦੀਆਂ ਮ੍ਰਿਤਕ ਦੇਹਾਂ ਨੂੰ ਦਿੱਲੀ ਤੋਂ ਕਾਂਗੜਾ ਹਵਾਈ ਅੱਡੇ ‘ਤੇ ਭੇਜਿਆ ਗਿਆ। ਉਨ੍ਹਾਂ ਨਾਲ ਇੱਕ ਹਿਮਾਚਲ ਤੇ ਇੱਕ ਜੰਮੂ-ਕਸ਼ਮੀਰ ਦੇ ਜਵਾਨਾਂ ਦੀਆਂ ਦੇਹਾਂ ਵੀ ਕਾਂਗੜਾ ਹੀ ਪਹੁੰਚੀਆਂ ਸਨ। ਕਾਂਗੜਾ ਤੋਂ ਰਾਤ ਨੂੰ ਹੀ ਟਰੱਕਾਂ ਰਾਹੀਂ ਜਵਾਨਾਂ ਦੇ ਜੱਦੀ ਘਰ ਦੇ ਨੇੜਲੇ ਪੁਲਿਸ ਥਾਣੇ ਤਕ ਪਹੁੰਚਾਈਆਂ ਗਈਆਂ।

ਕੁਝ ਸਮੇਂ ਤਕ ਇਨ੍ਹਾਂ ਦੇਹਾਂ ਨੂੰ ਸ਼ਹੀਦਾਂ ਦੇ ਪਰਿਵਾਰ ਹਵਾਲੇ ਕੀਤਾ ਜਾਵੇਗਾ। ਇਸ ਅੱਤਵਾਦੀ ਹਮਲੇ ਵਿੱਚ ਪੰਜਾਬ ਦੇ ਚਾਰ ਜਵਾਨ ਸ਼ਹੀਦ ਹੋਏ ਸਨ। ਇਨ੍ਹਾਂ ਵਿੱਚ ਅਨੰਦਪੁਰ ਸਾਹਿਬ ਦਾ ਕੁਲਵਿੰਦਰ ਸਿੰਘ, ਗੁਰਦਾਸਪੁਰ ਦਾ ਮਨਿੰਦਰ ਸਿੰਘ, ਤਰਨ ਤਾਰਨ ਦਾ ਸੁਖਜਿੰਦਰ ਸਿੰਘ ਤੇ ਮੋਗਾ ਜ਼ਿਲ੍ਹੇ ਦਾ ਜੈਮਲ ਸਿੰਘ ਸ਼ਾਮਲ ਹੈ।


LEAVE A REPLY