ਅੱਧੀ ਸਦੀ ਰਾਜ ਕਰਨ ਮਗਰੋਂ ਬਾਦਲ ਸਿਆਸੀ ਪਰਦੇ ਤੋਂ ਲੋਪ


ਪੰਜਾਬ ਦੀ ਸਿਆਸਤ ‘ਤੇ ਅੱਧੀ ਸਦੀ ਤੱਕ ਰਾਜ ਕਾਰਨ ਵਾਲੇ ਪ੍ਰਕਾਸ਼ ਸਿੰਘ ਬਾਦਲ ਹੁਣ ਪਰਦੇ ਤੋਂ ਦੂਰ ਹੋ ਰਹੇ ਹਨ। ਉਂਝ ਤਾਂ ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਹਾਰਨ ਮਗਰੋਂ ਹੀ ਉਨ੍ਹਾਂ ਨੇ ਆਪਣੀ ਸਿਆਸੀ ਸਰਗਰਮੀ ਘਟਾ ਦਿੱਤੀ ਸੀ ਪਰ ਅੱਜਕੱਲ੍ਹ ਸਿਹਤ ਦੇ ਲਿਹਾਜ਼ ਨਾਲ ਉਹ ਪਰਦੇ ਤੋਂ ਪੂਰੀ ਤਰ੍ਹਾਂ ਲੋਪ ਹੋ ਗਏ ਹਨ। ਮੀਡੀਆ ਰਿਪੋਰਟਾਂ ਮੁਤਾਬਕ 91 ਸਾਲਾ ਸਾਬਕਾ ਮੁੱਖ ਮੰਤਰੀ ਦੀ ਸਿਹਤ ਸਾਥ ਨਹੀਂ ਦੇ ਰਹੀ। ਡਾਕਟਰਾਂ ਨੇ ਉਨ੍ਹਾਂ ਨੂੰ ਗਰਮੀ ਵਿੱਚ ਬਾਹਰ ਨਿਕਲਣ ਤੋਂ ਵਰਜ਼ ਦਿੱਤਾ ਹੈ। ਉਨ੍ਹਾਂ ਨਾਲ 24 ਘੰਟੇ ਡਾਕਟਰਾਂ ਦੀ ਟੀਮ ਤਾਇਨਾਤ ਰਹਿੰਦੀ ਹੈ। ਕੈਪਟਨ ਸਰਕਾਰ ਵੱਲੋਂ ਸਾਬਕਾ ਮੁੱਖ ਮੰਤਰੀ ਨਾਲ ਤਿੰਨ ਡਾਕਟਰਾਂ ਤੇ ਇੱਕ ਫਾਰਮਾਸਿਸਟ ਦੀ ਟੀਮ ਪੱਕੇ ਤੌਰ ’ਤੇ ਤਾਇਨਾਤ ਕੀਤੀ ਹੋਈ ਹੈ। ਇਸ ਵੇਲੇ ਉਹ ਬਾਲਾਸਰ ਫਾਰਮ ਹਾਊਸ ’ਚ ਹਨ। ਬਾਦਲ ਦਾ ਜਨਮ 8 ਦਸੰਬਰ, 1927 ਨੂੰ ਹੋਇਆ ਸੀ।

ਵਿਧਾਨ ਸਭਾ ਚੋਣਾਂ ਹਾਰਨ ਮਗਰੋਂ ਬਾਦਲ ਨੇ ਜਨਤਕ ਤੇ ਸਿਆਸੀ ਸਮਾਗਮਾਂ ਤੋਂ ਕਿਨਾਰਾਕਸ਼ੀ ਕਰ ਲਈ ਸੀ। ਸ਼ਾਹਕੋਟ ਜ਼ਿਮਨੀ ਚੋਣ ਦੇ ਸਿਆਸੀ ਰੌਲੇ-ਰੱਪੇ ਤੋਂ ਵੀ ਉਹ ਦੂਰ ਹੀ ਰਹੇ। ਭੋਗਾਂ ਤੇ ਵਿਆਹਾਂ ਉੱਤੇ ਜਾਣ ਤੋਂ ਵੀ ਉਹ ਹੁਣ ਗੁਰੇਜ਼ ਕਰਦੇ ਹਨ। ਅਕਾਲੀ ਦਲ ਦੀਆਂ ਮੀਟਿੰਗਾਂ ਵਿੱਚ ਵੀ ਉਹ ਸ਼ਿਰਕਤ ਨਹੀਂ ਕਰਦੇ। ਉਂਝ ਬਾਦਲ ਦੇ ਨੇੜਲੇ ਸੂਤਰਾਂ ਦਾ ਕਹਿਣਾ ਹੈ ਕਿ ਉਹ ਅਜੇ ਵੀ ਆਮ ਬੰਦੇ ਨਾਲੋਂ ਜ਼ਿਆਦਾ ਚੇਤੰਨ ਹਨ। ਉਹ ਰੋਜ਼ਾਨਾ ਵਰਜਸ਼ ਕਰਦੇ ਹਨ। ਅਖਬਾਰ ਪੜ੍ਹਦੇ ਹਨ ਤੇ ਸਿਆਸਤ ਦੀ ਪੂਰੀ ਸੂਹ ਰੱਖਦੇ ਹਨ।


LEAVE A REPLY