ਹੁਣ ਭਾਰਤ ਵਿੱਚ ਚਾਈਨਾ ਬੈਂਕ ਵੀ…


ਭਾਰਤੀ ਰਿਜ਼ਰਵ ਬੈਂਕ ਨੇ ਬੈਂਕ ਆਫ ਚਾਈਨਾ ਨੂੰ ਭਾਰਤ ਵਿੱਚ ਆਪਣੀ ਪਹਿਲੀ ਸ਼ਾਖਾ ਖੋਲ੍ਹਣ ਦੀ ਮਨਜ਼ੂਰੀ ਦੇ ਦਿੱਤੀ ਹੈ। ਸੂਤਰਾਂ ਮੁਤਾਬਕ ਬੀਓਸੀ ਨੂੰ ਇਸ ਲਈ ਜ਼ਰੂਰੀ ਦਸਤਾਵੇਜ਼ ਵੀ ਜਾਰੀ ਕਰ ਦਿੱਤੇ ਗਏ ਹਨ। ਭਾਰਤ ਤੇ ਚੀਨ ਵਿਚਾਲੇ ਸਬੰਧ ਸੁਧਾਰਨ ਲਈ ਚੁੱਕੇ ਕਦਮਾਂ ਵਿੱਚ ਭਾਰਤੀ ਬੈਂਕਿੰਗ ਖੇਤਰ ਵਿੱਚ ਚੀਨ ਦੀ ਆਮਦ ਸਬੰਧੀ ਸਹਿਮਤੀ ਬਣ ਸੀ। ਬੀਤੇ ਦਿਨੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਚੀਨੀ ਰਾਸ਼ਟਰਪਤੀ ਸ਼ੀ ਜ਼ਿਨਪਿੰਗ ਵਿਚਾਲੇ ਪਹਿਲਾਂ ਵੁਹਾਨ ਤੇ ਫਿਰ ਚਿੰਦਗਾਓ ਵਿੱਚ ਹੋਈਆਂ ਮੁਲਾਕਾਤਾਂ ਦੌਰਾਨ ਆਰਥਿਕ ਸਹਿਯੋਗ ਮਜ਼ਬੂਤ ਕਰਨ ਦੇ ਮੁੱਦਿਆਂ ’ਤੇ ਸਹਿਮਤੀ ਬਣੀ ਸੀ ਜਿਨ੍ਹਾਂ ਵਿੱਚ ਬੈਂਕਿੰਗ ਖੇਤਰ ਵੀ ਸ਼ਾਮਲ ਹੈ। ਚੀਨ ਦੇ 100 ਤੋਂ ਵੱਧ ਸਾਲ ਪੁਰਾਣੇ ਇਸ ਬੈਂਕ ਦਾ ਮਾਰਕਿਟ ਕੈਪੀਟਲ ਕਰੀਬ 158 ਅਰਬ ਡਾਲਰ ਤੋਂ ਵੀ ਵੱਧ ਹੈ। ਬੀਓਸੀ ਭਾਰਤ ਵਿੱਚ ਕਦਮ ਰੱਖਣ ਵਾਲਾ ਦੂਜਾ ਚੀਨੀ ਬੈਂਕ ਹੈ।

ਬੈਂਕ ਆਫ ਚਾਈਨਾ ਨੇ ਜੁਲਾਈ 2016 ਵਿੱਚ ਮਨਜ਼ੂਰੀ ਲਈ ਅਰਜ਼ੀ ਦਿੱਤੀ ਸੀ। ਹਾਲਾਂਕਿ ਉਸ ਸਮੇਂ ਡੋਕਲਾਮ ਮੁੱਦੇ ਕਰਕੇ ਮਾਮਲਾ ਉਲਝ ਗਿਆ ਸੀ। ਦੱਸਿਆ ਜਾ ਰਿਹਾ ਹੈ ਕਿ ਬੀਓਸੀ ਦੀਆਂ ਮਾਲਕਾਨਾ ਹਿੱਸੇਦਾਰੀਆਂ ਸੰਬਧੀ ਵੀ ਕੁਝ ਸ਼ੱਕੀ ਸਵਾਲ ਉੱਠੇ ਸੀ ਜਿਨ੍ਹਾਂ ਮੁਤਾਬਕ ਇਸ ਦਾ ਨਿਯੰਤਰਣ ਚੀਨੀ ਫੌਜ ਦੇ ਹੱਥ ਹੈ। ਇਸ ਤੋਂ ਪਹਿਲਾਂ ਇੰਡਸਟਰੀਅਲ ਐਂਡ ਕਮਰਸ਼ਿਅਲ ਬੈਂਕ ਆਫ ਚਾਈਨਾ 2011 ਤੋਂ ਹੀ ਭਾਰਤ ਵਿੱਚ ਮੌਜੂਦ ਹੈ। ਇਸ ਦੀ ਇੱਕ ਸ਼ਾਖਾ ਮੁੰਬਈ ਵਿੱਚ ਹੈ। ਭਾਰਤ ਦੀ ਸਭ ਤੋਂ ਵੱਡੀ ਸਰਕਾਰੀ ਬੈਂਕ ਐਸਬੀਆਈ ਦੀਆਂ ਵੀ ਦੋ ਸ਼ਾਖਾਵਾਂ ਚੀਨ ਵਿੱਚ ਚੰਗਾ ਕਾਰੋਬਾਰ ਕਰ ਰਹੀਆਂ ਹਨ। ਇਸ ਤੋਂ ਇਲਾਵਾ ਭਾਰਤ ਦੇ ਬੈਂਕ ਆਫ ਬੜੋਦਾ, ਕੇਨਰਾ ਬੈਂਕ, ਆਈਸੀਆਈਸੀਆਈ ਤੇ ਐਕਸਿਸ ਬੈਂਕ ਦੀ ਵੀ ਇੱਕ-ਇੱਕ ਸ਼ਾਖਾ ਚੀਨ ਵਿੱਚ ਮੌਜੂਦ ਹੈ।


LEAVE A REPLY