ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅੱਜ ਲੈਣਗੇ ਬਿਆਸ ਦਰਿਆ ਦਾ ਜਾਇਜ਼ਾ


Captain-Amarinder-Singh

ਬਿਆਸ ਦਰਿਆ ਵਿੱਚ ਚੱਢਾ ਸ਼ੂਗਰ ਮਿੱਲ ਤੋਂ ਨਿਕਲੇ ਸੀਰੇ ਨਾਲ ਲੱਖਾਂ ਮੱਛੀਆਂ ਮਰਨ ਕਰਕੇ ਪੰਜਾਬ ਦੀ ਸਿਆਸਤ ’ਚ ਆਏ ਭੂਚਾਲ ਨੇ ਆਖਰ ਪੰਜਾਬ ਸਰਕਾਰ ਦੀਆਂ ਅੱਖਾਂ ਖੋਲ੍ਹ ਹੀ ਦਿੱਤੀਆਂ ਹਨ। ਪਹਿਲਾਂ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਚੱਢਾ ਸ਼ੂਗਰ ਮਿੱਲ ਨੂੰ 5 ਕਰੋੜ ਦਾ ਜ਼ੁਰਮਾਨਾ ਲਾਇਆ ਤੇ ਨਾਲ ਹੀ ਕਾਰਖ਼ਾਨੇ ਵਿਰੁੱਧ ਅਪਰਾਧਿਕ ਮਾਮਲਾ ਵੀ ਦਰਜ ਕਰਨ ਦੇ ਹੁਕਮ ਦਿੱਤੇ। ਇਸ ਪਿੱਛੋਂ ਵਾਤਾਵਰਣ ਮੰਤਰੀ ਓਮ ਪ੍ਰਕਾਸ਼ ਸੋਨੀ ਨੇ ਗੁਰਦਾਸਪੁਰ ਜ਼ਿਲ੍ਹੇ ਦੇ ਦੋ ਸੀਨੀਅਰ ਅਧਿਕਾਰੀਆਂ ਨੂੰ ਮੁਅੱਤਲ ਕਰ ਦਿੱਤਾ ਤੇ ਹੁਣ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅੱਜ ਖ਼ੁਦ ਜਾ ਕੇ ਚੱਢਾ ਸ਼ੂਗਰ ਮਿੱਲ ਨੇੜੇ ਬਿਆਸ ਦਰਿਆ ਦਾ ਜਾਇਜ਼ਾ ਲੈਣਗੇ।

ਜਾਣੋ ਪੂਰਾ ਮਾਮਲਾ

ਬੀਤੀ 17 ਮਈ ਨੂੰ ਗੁਰਦਾਸਪੁਰ ਦੀ ਕੀੜੀ ਅਫ਼ਗ਼ਾਨਾ ਵਿੱਚ ਸਥਿਤ ਚੱਢਾ ਸ਼ੂਗਰ ਮਿੱਲ ਵਿੱਚੋਂ ਸੀਰੇ ਦਾ ਬਿਆਸ ਦਰਿਆ ਵਿੱਚ ਰਿਸਾਅ ਹੋਣ ਤੋਂ ਬਾਅਦ ਲੱਖਾਂ ਜਲ ਜੀਵ ਮਾਰੇ ਗਏ ਸਨ। ਇਸ ਤੋਂ ਅਗਲੇ ਦਿਨ ਚੱਢਾ ਸ਼ੂਗਰ ਮਿੱਲ ਨੂੰ ਸੀਲ ਕਰ ਦਿੱਤਾ ਗਿਆ ਸੀ ਤੇ ਜਾਂਚ ਦੇ ਹੁਕਮ ਦਿੱਤੇ ਗਏ ਸਨ। ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਚੱਢਾ ਸ਼ੂਗਰ ਮਿੱਲ ਉਤੇ ਪੰਜ ਕਰੋੜ ਦਾ ਜ਼ੁਰਮਾਨਾ ਤੇ ਇਸ ਦੇ ਨਾਲ ਹੀ ਮਿੱਲ ਮਾਲਕਾਂ ਦੀਆਂ ਹੋਰ ਇਕਾਈਆਂ ਬੰਦ ਕਰਨ ਦੇ ਹੁਕਮ ਦਿੱਤੇ ਸਨ।

ਮਾਮਲੇ ਦਾ ਸਿਆਸਤ ਨਾਲ ਕੀ ਸਬੰਧ?

ਸਰਕਾਰ ਉੱਪਰ ਮਿੱਲ ਦਾ ਬਚਾਅ ਕਰਨ ਦੇ ਵੀ ਇਲਜ਼ਾਮ ਲੱਗੇ ਸਨ। ਚੱਢਾ ਸ਼ੂਗਰ ਮਿੱਲ ਪੌਂਟੀ ਚੱਢਾ ਪਰਿਵਾਰ ਦੀ ਨੂੰਹ ਤੇ ਦਿੱਲੀ ਦੇ ਪ੍ਰਮੁੱਖ ਸਿੱਖ ਆਗੂ ਹਰਵਿੰਦਰ ਸਿੰਘ ਸਰਨਾ ਦੀ ਧੀ ਤੇ ਪਰਮਜੀਤ ਸਿੰਘ ਸਰਨਾ ਦੀ ਭਤੀਜੀ ਜਸਦੀਪ ਕੌਰ ਚੱਢਾ ਦੀ ਮਲਕੀਅਤ ਹੈ।

ਸਰਨਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਿੱਖ ਮਸਲਿਆਂ ਬਾਰੇ ਸਲਾਹਕਾਰ ਵੀ ਹਨ। ਇਸ ਲਈ ਉਨ੍ਹਾਂ ਦੀ ਵਾਤਾਵਰਣ ਮੰਤਰੀ ਓ.ਪੀ. ਸੋਨੀ ਨਾਲ ਮੁਲਾਕਾਤ ਚਰਚਾ ਦਾ ਵਿਸ਼ਾ ਬਣ ਗਈ ਸੀ। ਫਿਲਹਾਲ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਮਿੱਲ ਨੂੰ ਜ਼ੁਰਮਾਨਾ ਕੀਤਾ ਹੈ, ਜਦਕਿ ਵਿਰੋਧੀਆਂ ਤੇ ਵਾਤਾਵਰਣ ਪ੍ਰੇਮੀਆਂ ਵੱਲੋਂ ਇਸ ਮਿੱਲ ਨੂੰ ਪੂਰਨ ਤੌਰ ’ਤੇ ਬੰਦ ਕਰਨ ਦੀ ਮੰਗ ਕੀਤੀ ਜਾ ਰਹੀ ਹੈ।

  • 1
    Share

LEAVE A REPLY