ਭਾਰਤੀ ਮਹਿਲਾ ਕ੍ਰਿਕਟ ਦੀ ਸ਼ਾਨ DSP ਹਰਮਨਪ੍ਰੀਤ ਡਿਗਰੀ ਵਿਵਾਦ ਵਿੱਚ ਘਿਰੀ


ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਸਟਾਰ ਖਿਡਾਰਨ ਤੇ ਪੰਜਾਬ ਪੁਲਿਸ ‘ਚ ਡੀਐਸਪੀ ਹਰਮਨਪ੍ਰੀਤ ਕੌਰ ਫਰਜ਼ੀ ਡਿਗਰੀ ਨੂੰ ਲੈ ਕੇ ਵਿਵਾਦਾਂ ‘ਚ ਘਿਰ ਗਈ ਹੈ। ਦਰਅਸਲ ਹਰਮਨਪ੍ਰੀਤ ਵੱਲੋਂ ਚੌਧਰੀ ਚਰਨ ਸਿੰਘ ਯੂਨੀਵਰਸਿਟੀ ਦੇ ਨਾਂ ਤੋਂ ਜਮ੍ਹਾ ਕਰਾਈ ਡਿਗਰੀ ਦਾ ਯੂਨੀਵਰਸਿਟੀ ਕੋਲ ਕੋਈ ਰਿਕਾਰਡ ਨਹੀਂ ਹੈ। ਜ਼ਿਕਰਯੋਗ ਹੈ ਕਿ ਪੰਜਾਬ ਪੁਲਿਸ ਨੇ ਯੂਨੀਵਰਸਿਟੀ ਦੇ ਵਿਜੀਲੈਂਸ ਵਿਭਾਗ ਤੋਂ ਗੁਪਤ ਜਾਂਚ ਕਰਾਈ ਸੀ ਜਿਸ ਦੌਰਾਨ ਵਿਜੀਲੈਂਸ ਵਿਭਾਗ ਨੇ ਮਾਰਕਸ਼ੀਟ ਦਾ ਕੋਈ ਰਿਕਾਰਡ ਨਾ ਹੋਣ ਦੀ ਗੱਲ ਕਹੀ ਹੈ। ਹੁਣ ਅੰਤਿਮ ਜਾਂਚ ਰਿਪੋਰਟ ‘ਚ ਹਰਮਨਪ੍ਰੀਤ ਦੀ ਡਿਗਰੀ ਫਰਜ਼ੀ ਹੋਣ ਦੀ ਪੁਸ਼ਟੀ ਤੋਂ ਬਾਅਦ ਹਰਮਨਪ੍ਰੀਤ ਤੇ ਧੋਖਾਧੜੀ ਦਾ ਕੇਸ ਦਰਜ ਹੋ ਸਕਦਾ ਹੈ। ਇਸ ਤੋਂ ਬਾਅਦ ਪੰਜਾਬ ਪੁਲਿਸ ਹਰਮਨਪ੍ਰੀਤ ਦੇ ਨੌਕਰੀ ਲਈ ਵੈਸਟਰਨ ਰੇਲਵੇ ‘ਚ ਜਮ੍ਹਾ ਕਰਾਏ ਸਿੱਖਿਆ ਦਸਤਾਵੇਜਾਂ ਦੀ ਵੀ ਜਾਂਚ ਕਰ ਸਕਦੀ ਹੈ। ਇਸ ਤੋਂ ਸਾਫ ਹੋਵੇਗਾ ਕਿ ਤਿੰਨ ਸਾਲ ਪਹਿਲਾਂ ਹਰਮਨਪ੍ਰੀਤ ਵੱਲੋਂ ਰੇਲਵੇ ‘ਚ ਜਮ੍ਹਾ ਕਰਾਈ ਡਿਗਰੀ ਦੀ ਜਾਂਚ ਕਰਵਾਈ ਗਈ ਸੀ ਜਾਂ ਨਹੀਂ।

ਹਰਮਨਪ੍ਰੀਤ ਵੱਲੋਂ ਜਮ੍ਹਾ ਕਰਾਈ ਡਿਗਰੀ ਫਰਜ਼ੀ ਹੋਣ ਤੋਂ ਬਾਅਦ ਕਾਨੂੰਨੀ ਕਾਰਵਾਈ ਤਹਿਤ ਉਸਨੂੰ ਪੰਜਾਬ ਪੁਲਿਸ ਤੋਂ ਬਾਹਰ ਦਾ ਰਾਹ ਵੀ ਦਿਖਾਇਆ ਜਾ ਸਕਦਾ ਹੈ। ਹਾਲਾਕਿ ਪੰਜਾਬ ਸਰਕਾਰ ਦੀ ਅਜੇ ਤੱਕ ਇਸ ਮਾਮਲੇ ‘ਤੇ ਕੋਈ ਪ੍ਰਤੀਕਿਰਿਆ ਸਾਹਮਣੇ ਨਹੀਂ ਆਈ। ਦੂਜੇ ਪਾਸੇ ਹਰਮਨਪ੍ਰੀਤ ਦੇ ਪਿਤਾ ਦਾ ਕਹਿਣਾ ਹੈ ਕਿ ਇਸੇ ਡਿਗਰੀ ‘ਤੇ ਉਸ ਨੇ ਰੇਲਵੇ ‘ਚ ਨੌਕਰੀ ਕੀਤੀ ਸੀ ਤਾਂ ਹੁਣ ਇਹ ਫਰਜ਼ੀ ਕਿਵੇਂ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਉਹ ਖੁਦ ਮੇਰਠ ਯੂਨੀਵਰਸਿਟੀ ਜਾਕੇ ਇਸ ਗੱਲ ਦੀ ਸੱਚਾਈ ਪਤਾ ਕਰਨਗੇ। ਹਾਲਾਂਕਿ ਉਨ੍ਹਾਂ ਇਸ ਗੱਲ ਦਾ ਕੋਈ ਜਵਾਬ ਨਹੀਂ ਦਿੱਤਾ ਕਿ ਡਿਗਰੀ ਰੈਗੂਲਰ ਸੀ ਜਾਂ ਪੱਤਰ ਵਿਹਾਰ ਰਾਹੀ ਲਈ ਗਈ। ਹਰਮਨਪ੍ਰੀਤ ਕੌਰ ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਸ਼ਾਨਦਾਰ ਖਿਡਾਰਨ ਹੈ। ਪੰਜਾਬ ਪੁਲਿਸ ‘ਚ ਖੇਡ ਕੋਟੇ ‘ਚ ਡੀਐਸਪੀ ਬਣਨ ਵਾਲੀ ਹਰਮਨਪ੍ਰੀਤ ਅੰਤਰ-ਰਾਸ਼ਟਰੀ ਪੱਧਰ ‘ਤੇ 115 ਗੇਂਦਾਂ ਵਿੱਚ 171 ਦੌੜਾਂ ਬਣਾ ਕੇ ਆਪਣੀ ਖੇਡ ਦਾ ਸ਼ਾਨਦਾਰ ਪ੍ਰਦਰਸ਼ਨ ਕਰ ਚੁੱਕੀ ਹੈ।

  • 7
    Shares

LEAVE A REPLY