ਡਿਫਾਲਟਰ ਅਕਾਲੀਆਂ ਦੀ ਸੂਚੀ ਜਾਰੀ, ਲੰਗਾਹ ਸਣੇ ਵੱਡੇ ਲੀਡਰਾਂ ਦਾ ਖੁਲਾਸਾ


ਪੰਜਾਬ ਦੇ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਅਕਾਲੀ ਦਲ ‘ਤੇ ਵਰ੍ਹਦਿਆਂ ਕਿਹਾ ਕਿ ਕਰਜ਼ਿਆਂ ਦੇ ਡਿਫਾਲਟਰਾਂ ਨੂੰ ਲੈ ਕੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੂੰ ਬਹੁਤਾ ਸੇਕ ਇਸ ਲਈ ਲੱਗ ਰਿਹਾ ਹੈ ਕਿਉਂਕਿ ਡਿਫਲਾਟਰਾਂ ‘ਚ ਵੱਡੀ ਗਿਣਤੀ ਅਕਾਲੀ ਆਗੂ ਤੇ ਉਨ੍ਹਾਂ ਦੇ ਰਿਸ਼ਤੇਦਾਰ ਸ਼ਾਮਲ ਹਨ। ਰੰਧਾਵਾ ਨੇ ਡਿਫਾਲਟਰਾਂ ਦੀ ਸੂਚੀ ਜਾਰੀ ਕਰਦਿਆਂ ਕਿਹਾ ਕਿ ਇਸ ‘ਚ ਸਾਬਕਾ ਮੰਤਰੀ ਸੁੱਚਾ ਸਿੰਘ ਲੰਗਾਹ, ਜਨਮੇਜਾ ਸਿੰਘ ਸੇਖੋਂ ਦੇ ਨਜ਼ਦੀਕੀ ਰਿਸ਼ਤੇਦਾਰ ਤੇ ਸ਼ਰਨਜੀਤ ਢਿੱਲੋਂ ਦੇ ਦੋਵੇਂ ਭਰਾ ਸ਼ਾਮਲ ਹਨ। ਇਸ ਤੋਂ ਇਲਾਵਾ ਪਟਿਆਲਾ ਜ਼ਿਲ੍ਹੇ ਦੇ ਡਿਫਾਲਟਰਾਂ ‘ਚ ਅਕਾਲੀ ਦਲ ਦਾ ਸਰਕਲ ਪ੍ਰਧਾਨ ਰਣਧੀਰ ਸਿੰਘ, ਸਾਬਕਾ ਸੰਸਦ ਮੈਂਬਰ ਸਤਵਿੰਦਰ ਕੌਰ, ਮਾਰਕਿਟ ਕਮੇਟੀ ਦੇ ਚੇਅਰਮੈਨ ਨਿਰਮਲ ਸਿੰਘ ਮਲਕਪੁਰ, ਬਰਨਾਲਾ ਜ਼ਿਲ੍ਹੇ ਤੋਂ ਅਕਾਲੀ ਉਮੀਦਵਾਰ ਰਜਿੰਦਰ ਕੌਰ ਦਾ ਪਤੀ ਚਰਨਜੀਤ ਸਿੰਘ ਤੇ ਪੁੱਤਰ ਗੁਰਬਿੰਦਰਜੀਤ ਸਿੰਘ, ਲਹਿਰਾਗਾਗਾ ਤੋਂ ਅਕਾਲੀ ਦਲ ਦੇ ਸਾਬਕਾ ਵਿਧਾਇਕ ਅਮਰ ਸਿੰਘ ਦਾ ਬੇਟਾ ਗੁਰਦੇਵ ਸਿੰਘ, ਮਿਲਕ ਪਲਾਂਟ ਦੇ ਸਾਬਕਾ ਚੇਅਰਮੈਨ ਜਗਤਾਰ ਸਿੰਘ ਸਮੇਤ ਅਕਾਲੀ ਦਲ ਨਾ ਜੁੜੇ 177 ਡਿਫਾਲਟਰ ਸ਼ਾਮਲ ਹਨ।

ਇਸੇ ਤਰ੍ਹਾਂ ਜਲੰਧਰ ਡਿਵੀਜ਼ਨ ਦੀ ਸੂਚੀ ਜਾਰੀ ਕਰਦਿਆਂ ਉਨ੍ਹਾਂ ਦੱਸਿਆ ਸਾਬਕਾ ਮੰਤਰੀ ਸੁੱਚਾ ਸਿੰਘ ਲੰਗਾਹ ਸਮੇਤ 24 ਡਿਫਾਲਟਰ ਅਕਾਲੀ ਦਲ ਨਾਲ ਸਬੰਧਤ ਹਨ। ਫਿਰੋਜ਼ਪੁਰ ਡਿਵੀਜ਼ਨ ‘ਚ ਜਲਾਲਾਬਾਦ ਕਮੇਟੀ ਦੇ ਸਾਬਕਾ ਚੇਅਰਮੈਨ ਜਸਵਿੰਦਰ ਸਿੰਘ ਤੇ ਬਲਾਕ ਸੰਮਤੀ ਦੇ ਸਾਬਕਾ ਚੇਅਰਮੈਨ ਬਲਕਰਨ ਸਿੰਘ ਦਾ ਪਰਿਵਾਰ 126.70 ਲੱਖ ਰੁਪਏ ਦਾ ਡਿਫਾਲਟਰ ਹੈ। ਰੰਧਾਵਾ ਨੇ ਦਾਅਵਾ ਕੀਤਾ ਕਿ ਆਜ਼ਾਦ ਭਾਰਤ ਦੇ ਪਿਛਲੇ 40 ਸਾਲਾਂ ‘ਚ ਸਹਿਕਾਰੀ ਖੇਤੀ ਬੈਂਕਾਂ ਵੱਲੋਂ ਜਿਨ੍ਹਾਂ 23 ਕਿਸਾਨਾਂ ਦੀ ਜ਼ਮੀਨ ਬੈਂਕਾਂ ਵੱਲੋਂ ਕੁਰਕ ਕੀਤੀ ਗਈ ਉਸ ਵਿੱਚੋਂ 20 ਕਿਸਾਨਾਂ ਦੀ ਜ਼ਮੀਨ ਕੁਰਕ ਅਕਾਲੀ ਸਰਕਾਰ ਵੇਲੇ ਹੋਈ। ਰੰਧਾਵਾ ਨੇ ਕਿਹਾ ਕਿ ਡਿਫਾਲਟਰਾਂ ‘ਚ ਵੱਡੀ ਗਿਣਤੀ ਅਕਾਲੀ ਦਲ ਦੇ ਚਹੇਤਿਆਂ ਦੀ ਹੋਣ ਕਰਕੇ ਹੀ ਸੁਖਬੀਰ ਬਾਦਲ ਵੱਲੋਂ ਇਸ ਮੁੱਦੇ ਨੂੰ ਤੂਲ ਦਿੱਤਾ ਜਾ ਰਿਹਾ ਹੈ।


LEAVE A REPLY